ਪਤਨੀ ਨੂੰ ਧੋਖਾ ਦੇ ਕੇ ਲੰਡਨ ''ਚ ਦੂਜਾ ਵਿਆਹ ਕਰਵਾਉਣ ਵਾਲੇ NRI ਪਤੀ ਦੀ ਜ਼ਮੀਨ ਨੀਲਾਮ

Saturday, Jul 20, 2019 - 02:51 PM (IST)

ਪਤਨੀ ਨੂੰ ਧੋਖਾ ਦੇ ਕੇ ਲੰਡਨ ''ਚ ਦੂਜਾ ਵਿਆਹ ਕਰਵਾਉਣ ਵਾਲੇ NRI ਪਤੀ ਦੀ ਜ਼ਮੀਨ ਨੀਲਾਮ

ਭਿਵਾਨੀ— ਪਹਿਲੀ ਪਤਨੀ ਨੂੰ ਧੋਖਾ ਦੇ ਕੇ ਲੰਡਨ 'ਚ ਦੂਜਾ ਵਿਆਹ ਕਰਵਾਉਣ ਵਾਲੇ ਐੱਨ.ਆਰ.ਆਈ. ਪਤੀ ਦੀ ਪਿੰਡ ਰੂਪਗੜ੍ਹ ਸਥਿਤ 9 ਕਨਾਲ ਇਕ ਮਰਲਾ ਜ਼ਮੀਨ ਦੀ ਜ਼ਿਲਾ ਪ੍ਰਸ਼ਾਸਨ ਨੇ ਨੀਲਾਮੀ ਕਰ ਦਿੱਤੀ। ਸ਼ੁੱਕਰਵਾਰ ਨੂੰ ਇਹ ਕਾਰਵਾਈ ਮੁੰਬਈ ਕੋਰਟ ਦੇ ਆਦੇਸ਼ 'ਤੇ ਕੀਤੀ ਗਈ। ਤਿੰਨ ਵਿਅਕਤੀਆਂ ਨੇ ਨੀਲਾਮੀ 'ਚ 10 ਲੱਖ 20 ਹਜ਼ਾਰ 500 ਰੁਪਏ 'ਚ ਜ਼ਮੀਨ ਖਰੀਦੀ, ਜਿਸ ਦੀ 25 ਫੀਸਦੀ ਰਾਸ਼ੀ ਖਰੀਦਾਰਾਂ ਨੇ ਮੌਕੇ 'ਤੇ ਹੀ ਜਮ੍ਹਾ ਕਰਵਾਈ ਹੈ, ਬਾਕੀ 75 ਫੀਸਦੀ ਰਾਸ਼ੀ ਕਮਿਸ਼ਨਰ ਰੋਹਤਕ ਰੇਂਜ ਦੇ ਆਦੇਸ਼ ਤੋਂ ਬਾਅਦ ਜਮ੍ਹਾ ਹੋਵੇਗੀ। ਪਿੰਡ ਦਿਨੋਦ ਵਾਸੀ ਨੀਰਜ ਰਾਣੀ ਯਾਦਵ ਨੇ ਦੱਸਿਆ ਕਿ ਉਸ ਦਾ ਵਿਆਹ 22 ਨਵੰਬਰ 2011 ਨੂੰ ਰੂਪਗੜ੍ਹ ਦੇ ਪੰਕਜ ਯਾਦਵ ਨਾਲ ਹੋਇਆ ਸੀ। ਵਿਆਹ ਦੇ ਇਕ ਮਹੀਨੇ ਬਾਅਦ ਹੀ ਪੰਕਜ ਲੰਡਨ 'ਚ ਰਹਿਣ ਲੱਗਾ। ਉਸ ਨੇ ਫਰਵਰੀ 2012 'ਚ ਲੰਡਨ 'ਚ ਦੂਜਾ ਵਿਆਹ ਕਰ ਲਿਆ। ਇਸ ਤੋਂ ਬਾਅਦ ਨੀਰਜ ਰਾਣੀ ਆਪਣੇ ਮਾਤਾ-ਪਿਤਾ ਕੋਲ ਰਹਿਣ ਲੱਗੀ ਅਤੇ ਪਤੀ ਦੇ ਲੰਡਨ ਤੋਂ ਆਉਣ ਦਾ ਇੰਤਜ਼ਾਰ ਕਰਦੀ ਰਹੀ ਪਰ ਉਹ ਇਕ ਵਾਰ ਫਿਰ ਵੀ ਦੇਸ਼ ਨਹੀਂ ਆਇਆ। ਕਾਫ਼ੀ ਇੰਤਜ਼ਾਰ ਤੋਂ ਬਾਅਦ ਨੀਰਜ ਨੇ ਪਤੀ ਵਿਰੁੱਧ ਮੁੰਬਈ ਕੋਰਟ 'ਚ ਘਰੇਲੂ ਹਿੰਸਾ ਦਾ ਮਾਮਲਾ ਦਾਇਰ ਕੀਤਾ ਸੀ। ਕੋਰਟ ਨੇ ਔਰਤ ਦੇ ਐੱਨ.ਆਰ.ਆਈ. ਪਤੀ ਪੰਕਜ ਨੂੰ ਘਰ ਖਰਚ ਲਈ ਪਤਨੀ ਨੂੰ ਹਰ ਮਹੀਨੇ 20 ਹਜ਼ਾਰ ਰੁਪਏ ਦੇਣ ਦੇ ਆਦੇਸ਼ ਦਿੱਤੇ ਸਨ ਪਰ ਪੰਕਜ ਨੇ ਪਤਨੀ ਨੂੰ ਕੋਰਟ ਦੇ ਆਦੇਸ਼ ਦੇ ਬਾਵਜੂਦ ਹਰ ਮਹੀਨੇ ਦੀ ਖਰਚ ਰਾਸ਼ੀ ਨਹੀਂ ਦਿੱਤੀ ਅਤੇ ਨਾ ਹੀ ਉਹ ਕਦੇ ਕੋਰਟ 'ਚ ਵਿਅਕਤੀਗਤ ਰੂਪ ਨਾਲ ਪੇਸ਼ ਹੋਇਆ।

ਕੋਰਟ ਨੇ ਉਸ ਨੂੰ ਲਗਭਗ 4.30 ਸਾਲ ਦਾ ਕੁੱਲ ਖਰਚ 10.20 ਲੱਖ ਰੁਪਏ ਦੇਣ ਦੇ ਆਦੇਸ਼ ਦਿੱਤੇ ਪਰ ਉਸ ਦੇ ਪਤਨੀ ਨੂੰ ਹਰਜ਼ਾਨਾ ਦੀ ਰਾਸ਼ੀ ਨਹੀਂ ਦਿੱਤੀ। ਇਸ 'ਤੇ ਨੋਟਿਸ ਲੈਂਦੇ ਹੋਏ ਮੁੰਬਈ ਕੋਰਟ ਨੇ ਭਿਵਾਨੀ ਜ਼ਿਲਾ ਪ੍ਰਸ਼ਾਸਨ ਨੂੰ ਐੱਨ.ਆਰ.ਆਈ. ਪਤੀ ਦੀ ਰੂਪਗੜ੍ਹ ਸਥਿਤ 14 ਕਨਾਲ 6 ਮਰਲੇ ਜ਼ਮੀਨ ਦੀ ਨੀਲਾਮੀ 'ਤੇ ਖਰਚ ਦਾ ਭੁਗਤਾਨ ਦੇ ਆਦੇਸ਼ ਦਿੱਤੇ। 23 ਅਪ੍ਰੈਲ ਨੂੰ ਜ਼ਮੀਨ ਦੀ ਨੀਲਾਮੀ ਕਰਨ ਦੀ ਤਾਰੀਕ ਤੈਅ ਕੀਤੀ ਪਰ ਪ੍ਰਸ਼ਾਸਨ ਇਸ ਦਿਨ ਜ਼ਮੀਨ ਨੀਲਾਮ ਨਹੀਂ ਕਰ ਸਕਿਆ ਸੀ। ਸ਼ੁੱਕਰਵਾਰ ਨੂੰ ਕੋਰਟ ਦੇ ਆਦੇਸ਼ 'ਤੇ ਨਾਇਬ ਤਹਿਸੀਲਦਾਰ ਅਜੇ ਕੁਮਾਰ, ਕਾਨੂੰਨਗੋ ਜੈਵੀਰ, ਪਟਵਾਰੀ ਭਗਵਾਨ ਸਿੰਘ, ਟੀ.ਆਰ.ਏ. ਰਾਜੇਸ਼ਵਰ ਜ਼ਮੀਨ ਨੀਲਾਮ ਕਰਨ ਲਈ ਪਿੰਡ ਰੂਪਗੜ੍ਹ ਪਹੁੰਚੇ ਅਤੇ ਪ੍ਰਕਿਰਿਆ ਸ਼ੁਰੂ ਕੀਤੀ। ਨੀਲਾਮੀ 'ਚ 14 ਕਨਾਲ 6 ਮਰਲੇ ਜ਼ਮੀਨ 'ਚੋਂ 9 ਕਨਾਲ ਇਕ ਮਰਲਾ ਜ਼ਮੀਨ ਦੀ ਨੀਲਾਮੀ ਹਰਜ਼ਾਨੇ ਦੀ ਰਾਸ਼ੀ 10 ਲੱਖ 20 ਹਜ਼ਾਰ 500 ਰੁਪਏ 'ਚ ਪੂਰੀ ਹੋ ਗਈ। ਇਸ ਲਈ 9 ਕਨਾਲ ਇਕ ਮਰਲਾ ਜ਼ਮੀਨ ਦੀ ਹੀ ਨੀਲਾਮੀ ਕੀਤੀ ਗਈ। ਤਿੰਨ ਵਿਅਕਤੀਆਂ ਨੇ ਨੀਲਾਮੀ 'ਚ ਇਹ ਜ਼ਮੀਨ ਖਰੀਦੀ।


author

DIsha

Content Editor

Related News