ਉਤਰਾਖੰਡ ਦੌਰੇ ਤੋਂ ਪਹਿਲਾਂ ਕੇਜਰੀਵਾਲ ਨੇ ਪੁੱਛਿਆ, ਦਿੱਲੀ ਦੀ ਤਰ੍ਹਾਂ ਕਿਉਂ ਨਹੀਂ ਮਿਲ ਸਕਦੀ ਮੁਫ਼ਤ ਬਿਜਲੀ
Saturday, Jul 10, 2021 - 03:13 PM (IST)

ਨਵੀਂ ਦਿੱਲੀ- ਉਤਰਾਖੰਡ 'ਚ ਚੋਣਾਂ ਦੇ ਮੱਦੇਨਜ਼ਰ ਆਪਣੇ ਦੌਰੇ ਤੋਂ ਇਕ ਦਿਨ ਪਹਿਲਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਨੀਵਾਰ ਨੂੰ ਲੋਕਾਂ ਤੋਂ ਪੁੱਛਿਆ ਕਿ ਬਿਜਲੀ ਦਾ ਉਤਪਾਦਨ ਕਰਨ ਵਾਲੇ ਪਰਬਤੀ ਸੂਬੇ ਦੇ ਲੋਕਾਂ ਨੂੰ ਦਿੱਲੀ ਵਾਸੀਆਂ ਦੀ ਤਰ੍ਹਾਂ ਮੁਫ਼ਤ ਬਿਜਲੀ ਕਿਉਂ ਨਹੀਂ ਮਿਲ ਸਕਦੀ। ਆਮ ਆਦਮੀ ਪਾਰਟੀ (ਆਪ) ਦੇ ਰਾਸ਼ਟਰੀ ਕਨਵੀਨਰ ਐਤਵਾਰ ਨੂੰ ਦੇਹਰਾਦੂਨ ਦੀ ਯਾਤਰਾ ਕਰਨਗੇ। ਪਾਰਟੀ ਨੇ ਸੂਬੇ 'ਚ ਅਗਲੇ ਸਾਲ ਤੈਅ ਵਿਧਾਨ ਸਭਾ ਚੋਣਾਂ ਲੜਨ ਦਾ ਫ਼ੈਸਲਾ ਕੀਤਾ ਹੈ।
ਕੇਜਰੀਵਾਲ ਨੇ ਟਵੀਟ ਕੀਤਾ,''ਉਤਰਾਖੰਡ ਬਿਜਲੀ ਦਾ ਉਤਪਾਦਨ ਕਰਦਾ ਹੈ ਅਤੇ ਇਸ ਨੂੰ ਹੋਰ ਸੂਬਿਆਂ ਨੂੰ ਵੇਚਦਾ ਵੀ ਹੈ। ਫਿਰ ਉਤਰਾਖੰਡ ਦੇ ਲੋਕਾਂ ਲਈ ਬਿਜਲੀ ਇੰਨੀ ਮਹਿੰਗੀ ਕਿਉਂ ਹੈ? ਦਿੱਲੀ ਖ਼ੁਦ ਬਿਜਲੀ ਪੈਦਾ ਨਹੀਂ ਕਰਦੀ ਹੈ ਅਤੇ ਦੂਜੇ ਸੂਬਿਆਂ ਤੋਂ ਖਰੀਦਦੀ ਹੈ, ਇਸ ਦੇ ਬਾਵਜੂਦ ਦਿੱਲੀ 'ਚ ਬਿਜਲੀ ਮੁਫ਼ਤ ਹੈ। ਉਤਰਾਖੰਡ ਦੇ ਲੋਕਾਂ ਨੂੰ ਮੁਫ਼ਤ 'ਚ ਬਿਜਲੀ ਨਹੀਂ ਮਿਲਣੀ ਚਾਹੀਦੀ? ਕੱਲ ਦੇਹਰਾਦੂਨ 'ਚ ਤੁਹਾਨੂੰ ਮਿਲਦਾ ਹਾਂ।''