ਅਯੁੱਧਿਆ ਜਾਣ ਦੇ ਸੱਦੇ ’ਤੇ ਸੋਨੀਆ-ਖੜਗੇ ਚੁੱਪ ਕਿਉਂ!
Tuesday, Dec 26, 2023 - 12:58 PM (IST)
ਨਵੀਂ ਦਿੱਲੀ- ਜਦੋਂਕਿ ਰਾਮ ਮੰਦਰ ਦੇ ਟਰੱਸਟੀਆਂ ਅਤੇ ਵੀ. ਐੱਚ. ਪੀ. ਦੇ ਨੇਤਾਵਾਂ ਨੇ ਰਾਮ ਮੰਦਰ ਦੇ ਜਨਵਰੀ ’ਚ ਹੋਣ ਵਾਲੇ ਉਦਘਾਟਨ ਲਈ ਕਾਂਗਰਸ ਦੇ ਚੋਟੀ ਦੇ ਨੇਤਾਵਾਂ ਮੱਲਿਕਾਰਜੁਨ ਖੜਗੇ ਅਤੇ ਸੋਨੀਆ ਗਾਂਧੀ ਨੂੰ ਸੱਦਾ ਦਿੱਤਾ ਹੈ, ਕਾਂਗਰਸ ਨੇ ਇਕ ਲਾਈਨ ਦਾ ਵੀ ਬਿਆਨ ਜਾਰੀ ਨਹੀਂ ਕੀਤਾ ਕਿ ਕੀ ਪਾਰਟੀ ਦਾ ਵਫਦ ਅਯੁੱਧਿਆ ਜਾਏਗਾ?
ਜ਼ਾਹਰ ਹੈ ਕਿ ਨਾ ਤਾਂ ਸੋਨੀਆ ਗਾਂਧੀ ਅਤੇ ਨਾ ਹੀ ਖੜਗੇ ਆਪਣੇ ਪੱਤੇ ਖੋਲ੍ਹਣਾ ਚਾਹੁੰਦੇ ਹਨ। ਅਯੁੱਧਿਆ ਜਾਣ ਦੀ ਜਨਤਕ ਤੌਰ ’ਤੇ ਸਹਿਮਤੀ ਦੇਣ ਵਿੱਚ ਦੇਰੀ ਤੋਂ ਕਈ ਸੀਨੀਅਰ ਨੇਤਾ ਹੈਰਾਨ ਹਨ।
ਜੇ ਭਾਜਪਾ ਦੇ ਕਿਸੇ ਸੀਨੀਅਰ ਆਗੂ ਜਾਂ ਪਾਰਟੀ ਮੁਖੀ ਜੇ. ਪੀ. ਨੱਡਾ ਨੇ ਉਨ੍ਹਾਂ ਦੀ ਚੁੱਪ ’ਤੇ ਕੋਈ ਵਿਅੰਗਮਈ ਟਿੱਪਣੀ ਕੀਤੀ ਤਾਂ ਕਾਂਗਰਸ ਕੁਝ ਮੁਸ਼ਕਲ ਸਥਿਤੀ ਵਿਚ ਅਾ ਸਕਦੀ ਹੈ। ਆਖ਼ਰ ਇਹ ਕਾਂਗਰਸ ਦੇ ਰਾਜ ਦਾ ਹੀ ਦੌਰ ਸੀ ਜਦੋਂ ਅਯੁੱਧਿਆ ਵਿੱਚ ਰਾਮਲੱਲਾ ਦੇ ਦਰਵਾਜ਼ੇ ਖੋਲ੍ਹੇ ਗਏ ਸਨ।
ਇੱਥੋਂ ਤੱਕ ਕਿ ਰਾਮ ਜਨਮ ਭੂਮੀ ਦਾ ਨੀਂਹ ਪੱਥਰ ਵੀ ਸੋਨੀਆ ਦੇ ਪਤੀ ਅਤੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਕਾਰਜਕਾਲ ਦੌਰਾਨ ਹੀ ਰੱਖਿਆ ਗਿਆ ਸੀ। ਇਸ ਦਾ ਸਿਹਰਾ ਲੈਣ ਲਈ ਕਾਂਗਰਸ ਨੂੰ ਅੱਗੇ ਆਉਣਾ ਚਾਹੀਦਾ ਸੀ।
ਘੱਟ-ਗਿਣਤੀਆਂ ਵਲੋਂ ਕਾਂਗਰਸ ਦਾ ਪੱਖ ਰੱਖਿਆ ਜਾ ਸਕਦਾ ਹੈ ਪਰ ਪਾਰਟੀ ਨੂੰ ਹਿੰਦੂਆਂ ਨੂੰ ਲੁਭਾਉਣਾ ਔਖਾ ਹੋਵੇਗਾ। ਕਾਂਗਰਸ ਵਿੱਚ ਅਜਿਹਾ ਕੋਈ ਨੇਤਾ ਨਹੀਂ ਹੈ ਜੋ ਇਹ ਸੁਝਾਅ ਦੇਵੇ ਕਿ ਸੱਦਾ ਪ੍ਰਵਾਨ ਕਰਨ ਵਿੱਚ ਦੇਰੀ ਨੁਕਸਾਨਦੇਹ ਹੈ ਪਰ ਇਸ ਦੀ ਪਰਵਾਹ ਕਿਸ ਨੂੰ ਹੈ?