ਸਤਪਾਲ ਮਲਿਕ ਨੂੰ ਕਿਉਂ ਭੇਜਿਆ ਗਿਆ ਜੰਮੂ-ਕਸ਼ਮੀਰ ਵਿਚ?
Sunday, Aug 26, 2018 - 06:14 PM (IST)

ਨੈਸ਼ਨਲ ਡੈਸਕ—ਜਿਹੜੇ ਵਿਅਕਤੀ ਪਿਛਲੇ ਕਈ ਦਹਾਕਿਆਂ ਤੋਂ ਸਤਪਾਲ ਮਲਿਕ ਨੂੰ ਜਾਣਦੇ ਹਨ, ਉਨ੍ਹਾਂ ਨੂੰ ਪਤਾ ਹੈ ਕਿ ਉਹ ਸਿਆਸੀ ਮਾਹੌਲ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੇ ਹਨ ਅਤੇ ਉਸੇ ਮੁਤਾਬਕ ਕਦਮ ਚੁੱਕਦੇ ਹਨ। ਇਹ ਸਤਪਾਲ ਮਲਿਕ ਹੀ ਸਨ, ਜਿਨ੍ਹਾਂ ਨੇ 1978 ਵਿਚ ਕਾਂਗਰਸ ਨਾਲ ਗੱਲਬਾਤ ਕੀਤੀ ਅਤੇ ਕਿਹਾ ਕਿ ਚੌਧਰੀ ਚਰਨ ਸਿੰਘ ਨੂੰ ਮਦਦ ਦਿੱਤੀ ਜਾਣੀ ਚਾਹੀਦੀ ਹੈ ਤਾਂ ਜੋ ਉਹ ਦੇਸ਼ ਦੇ ਪ੍ਰਧਾਨ ਮੰਤਰੀ ਬਣ ਸਕਣ। ਚੌਧਰੀ ਚਰਨ ਸਿੰਘ ਉਸ ਸਮੇਂ ਮੋਰਾਰਜੀ ਦੇਸਾਈ ਸਰਕਾਰ ਵਿਚ ਗ੍ਰਹਿ ਮੰਤਰੀ ਸਨ। ਮਲਿਕ ਖੁਦ ਵੀ ਚੌਧਰੀ ਚਰਨ ਸਿੰਘ ਦੇ ਬਹੁਤ ਨੇੜੇ ਸਨ ਕਿਉਂਕਿ ਦੋਵੇਂ ਹੀ ਉੱਤਰ ਪ੍ਰਦੇਸ਼ ਦੇ ਬਦੌਤ ਇਲਾਕੇ ਨਾਲ ਸੰਬੰਧਤ ਸਨ। ਇੰਦਰਾ ਗਾਂਧੀ ਨੇ ਮਲਿਕ ਦੀ ਸਲਾਹ ਮੰਨ ਲਈ ਅਤੇ ਮੋਰਾਰਜੀ ਦੇਸਾਈ ਸਰਕਾਰ ਡਿੱਗ ਪਈ।
ਚੌਧਰੀ ਚਰਨ ਸਿੰਘ ਕਾਂਗਰਸ ਦੀ ਹਮਾਇਤ ਨਾਲ ਦੇਸ਼ ਦੇ ਨਵੇਂ ਪ੍ਰਧਾਨ ਮੰਤਰੀ ਬਣ ਗਏ। ਕੁਝ ਸਮੇਂ ਬਾਅਦ ਹੀ ਕਾਂਗਰਸ ਨੇ ਆਪਣੀ ਹਮਾਇਤ ਵਾਪਸ ਲੈ ਲਈ। ਜਿਸ ਦੇ ਸਿੱਟੇ ਵਜੋਂ ਚੌਧਰੀ ਚਰਨ ਸਿੰਘ ਦੀ ਸਰਕਾਰ ਡਿੱਗ ਪਈ। ਕਾਂਗਰਸ ਨੇ ਸਤਪਾਲ ਮਲਿਕ ਪ੍ਰਤੀ ਆਪਣਾ ਅਹਿਸਾਨ ਚੁਕਾਉਣ ਲਈ 1980 ਵਿਚ ਉਨ੍ਹਾਂ ਨੂੰ ਰਾਜ ਸਭਾ ਦਾ ਮੈਂਬਰ ਬਣਾਇਆ। ਰਾਜੀਵ ਗਾਂਧੀ ਨੇ 6 ਸਾਲ ਬਾਅਦ 1986 ਵਿਚ ਉਨ੍ਹਾਂ ਨੂੰ ਮੁੜ ਰਾਜ ਸਭਾ ਵਿਚ ਭੇਜਿਆ ਕਿਉਂਕਿ ਰਾਜੀਵ ਨੂੰ ਪਤਾ ਸੀ ਕਿ 1979 ਵਿਚ ਚਰਨ ਸਿੰਘ ਨੂੰ ਮੋਰਾਰਜੀ ਦੇਸਾਈ ਸਰਕਾਰ ਵਿਰੁੱਧ ਕਰਨ ਵਿਚ ਸਤਪਾਲ ਮਲਿਕ ਨੇ ਪ੍ਰਮੁੱਖ ਭੂਮਿਕਾ ਨਿਭਾਈ ਸੀ।
ਸਤਪਾਲ ਮਲਿਕ ਨੇ ਕੁਝ ਸਮੇਂ ਬਾਅਦ ਰਾਜੀਵ ਗਾਂਧੀ ਨਾਲੋਂ ਨਾਤਾ ਤੋੜ ਲਿਆ ਅਤੇ ਵੀ. ਪੀ. ਸਿੰਘ ਨਾਲ ਹੱਥ ਮਿਲਾ ਲਏ। ਉਸ ਤੋਂ ਬਾਅਦ ਉਹ ਮੁਫਤੀ ਮੁਹੰਮਦ ਸਈਦ ਨੂੰ ਮਿਲੇ ਜੋ ਬਾਅਦ ਵਿਚ ਦੇਸ਼ ਦੇ ਗ੍ਰਹਿ ਮੰਤਰੀ ਬਣੇ। ਮਲਿਕ ਖੁਦ ਵੀ ਮੰਤਰੀ ਬਣੇ ਅਤੇ ਉਨ੍ਹਾਂ ਦੇ ਮੁਫਤੀ ਮੁਹੰਮਦ ਸਈਦ ਨਾਲ ਬਹੁਤ ਨੇੜੇ ਦੇ ਸੰਬੰਧ ਰਹੇ। ਇਹ ਦੋਸਤੀ ਬਾਅਦ ਵਿਚ ਬਹੁਤ ਵਧੀ ਫੁਲੀ। ਮਲਿਕ ਸਮਾਜਵਾਦੀ ਪਾਰਟੀ ਵਿਚ ਸ਼ਾਮਲ ਹੋ ਗਏ ਅਤੇ ਅਖੀਰ ਭਾਜਪਾ ਵਿਚ ਚਲੇ ਗਏ।
ਉਨ੍ਹਾਂ ਭਾਜਪਾ ਦੀ ਟਿਕਟ 'ਤੇ ਚੋਣ ਲੜੀ ਪਰ ਹਾਰ ਗਏ। 12 ਸਾਲ ਤੱਕ ਉਹ ਗੁਮਨਾਮ ਰਹੇ। ਅਚਾਨਕ ਹੀ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਫੈਸਲਾ ਕੀਤਾ ਕਿ ਸਤਪਾਲ ਮਲਿਕ ਨੂੰ ਤਰੱਕੀ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਿਫਾਰਸ਼ ਕੀਤੀ ਕਿ ਸਤਪਾਲ ਮਲਿਕ ਨੂੰ ਬਿਹਾਰ ਦਾ ਰਾਜਪਾਲ ਬਣਾ ਦਿੱਤਾ ਜਾਵੇ। ਮਲਿਕ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਵੀ ਬਹੁਤ ਨੇੜੇ ਹਨ। ਪਤਾ ਲੱਗਾ ਹੈ ਕਿ ਸਤਪਾਲ ਮਲਿਕ ਨੇ ਹੀ ਨਿਤੀਸ਼ ਕੁਮਾਰ ਨੂੰ ਮਨਾਇਆ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਆਪਣੇ ਮਤਭੇਦ ਖਤਮ ਕਰ ਦੇਣ ਅਤੇ ਭਾਜਪਾ ਦਾ ਸਾਥ ਦੇਣ। ਨਿਤੀਸ਼ ਕੁਮਾਰ ਨੇ ਇੰਝ ਹੀ ਕੀਤਾ।
ਹੁਣ ਮਲਿਕ ਜੰਮੂ-ਕਸ਼ਮੀਰ ਵਿਚ ਮਹਿਬੂਬਾ ਮੁਫਤੀ ਜਾਂ ਫਾਰੂਕ ਅਬਦੁੱਲਾ ਨਾਲ ਗੱਲਬਾਤ ਕਰ ਕੇ ਸੂਬੇ ਵਿਚ ਸ਼ਾਂਤੀ ਲਿਆਉਣ ਅਤੇ ਹਰਮਨਪਿਆਰੀ ਸਰਕਾਰ ਨੂੰ ਬਹਾਲ ਕਰਨ ਬਾਰੇ ਯਤਨ ਕਰਨਗੇ। ਉਨ੍ਹਾਂ ਵਲੋਂ ਵਾਦੀ ਦੇ ਹੋਰਨਾਂ ਆਗੂਆਂ ਨਾਲ ਵੀ ਗੱਲਬਾਤ ਕੀਤੇ ਜਾਣ ਦੀ ਸੰਭਾਵਨਾ ਹੈ। ਮਲਿਕ ਨਿੱਜੀ ਤੌਰ 'ਤੇ ਵਾਦੀ ਦੇ ਸਭ ਸਿਆਸੀ ਆਗੂਆਂ ਨੂੰ ਜਾਣਦੇ ਹਨ। ਮੋਦੀ ਸਰਕਾਰ ਦੇ ਰਾਜ ਵਿਚ ਬਿਹਾਰ ਦੇ ਰਾਜਪਾਲਾਂ ਨੂੰ ਮਿਲਣ ਵਾਲੀ ਤਰੱਕੀ ਤੋਂ ਸਿਆਸੀ ਪੰਡਿਤ ਬਹੁਤ ਹੈਰਾਨ ਹਨ। ਪਹਿਲਾਂ ਰਾਮਨਾਥ ਕੋਵਿੰਦ ਨੂੰ ਬਿਹਾਰ ਦੇ ਰਾਜਪਾਲ ਦੇ ਅਹੁਦੇ ਤੋਂ ਮੁਕਤ ਕਰ ਕੇ ਰਾਸ਼ਟਰਪਤੀ ਬਣਾਇਆ ਗਿਆ। ਹੁਣ ਸਤਪਾਲ ਮਲਿਕ ਨੂੰ ਬਿਹਾਰ ਤੋਂ ਇਕ ਤਰ੍ਹਾਂ ਨਾਲ ਤਰੱਕੀ ਦੇ ਕੇ ਜੰਮੂ-ਕਸ਼ਮੀਰ ਭੇਜਿਆ ਗਿਆ ਹੈ।