ਲੁਟੀਅਨਜ਼ ਦਿੱਲੀ ’ਚ ਦੀਵਾਲੀ ਵੱਖਰੀ ਕਿਉਂ?
Saturday, Nov 02, 2024 - 09:23 PM (IST)
ਨਵੀਂ ਦਿੱਲੀ- ਪਿਛਲੇ ਦੋ ਦਹਾਕਿਆਂ ਤੋਂ ਦੀਵਾਲੀ ਦਾ ਤਿਉਹਾਰ ਅਮਰੀਕਾ ਦੇ ਵ੍ਹਾਈਟ ਹਾਊਸ ਸਮੇਤ ਦੁਨੀਆ ਦੀਆਂ ਕਈ ਰਾਜਧਾਨੀਆਂ ’ਚ ਮਨਾਇਆ ਜਾ ਰਿਹਾ ਹੈ। ਬ੍ਰਿਟੇਨ, ਆਸਟ੍ਰੇਲੀਆ, ਕੈਨੇਡਾ ਤੇ ਹੋਰ ਦੇਸ਼ਾਂ ਦੇ ਪ੍ਰਧਾਨ ਮੰਤਰੀ ਵੀ ਆਪਣੀਆਂ ਸਰਕਾਰੀ ਰਿਹਾਇਸ਼ਾਂ ’ਤੇ ਦੀਵਾਲੀ ਮਨਾਉਣ ਲਈ ਮਹਿਮਾਨਾਂ ਦੀ ਮੇਜ਼ਬਾਨੀ ਕਰਦੇ ਹਨ।
ਵਧੇਰੇ ਪੱਛਮੀ ਦੇਸ਼ਾਂ ’ਚ ਹਿੰਦੂ ਤਿਉਹਾਰ ਬਹੁਤ ਧੂਮਧਾਮ ਨਾਲ ਮਨਾਏ ਜਾਂਦੇ ਹਨ। ਕੁਝ ਸਮਾਂ ਪਹਿਲਾਂ ਇਹ ਸੱਭਿਆਚਾਰ ਕਈ ਮੁਸਲਿਮ ਦੇਸ਼ਾਂ ’ਚ ਵੀ ਸ਼ੁਰੂ ਹੋਇਆ ਹੈ, ਜਿੱਥੇ ਦੀਵਾਲੀ ਮਨਾਈ ਜਾਂਦੀ ਹੈ।
ਇਹ ਸਿਲਸਿਲਾ ਅਮਰੀਕਾ ਤੇ ਬਰਤਾਨੀਆ ’ਚ 1990 ਦੇ ਦਹਾਕੇ ਦੇ ਅਖੀਰ ’ਚ ਸ਼ੁਰੂ ਹੋਇਆ, ਖਾਸ ਕਰ ਕੇ ਅਟਲ ਬਿਹਾਰੀ ਵਾਜਪਾਈ ਦੇ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ।
ਵਾਜਪਾਈ ਨੇ ਅਮਰੀਕਾ ਦਾ ਦੌਰਾ ਕੀਤਾ ਤੇ ਰੈਲੀਆਂ ਕਰ ਕੇ ਭਾਰਤੀ ਮੂਲ ਦੇ ਲੋਕਾਂ ਨੂੰ ਲੁਭਾਇਆ। ਉਨ੍ਹਾਂ ਦੇ ਮੁੱਦਿਆਂ ਦੇ ਹੱਲ ਲਈ ਕਈ ਪਹਿਲਕਦਮੀਆਂ ਕੀਤੀਆਂ।
ਵਾਜਪਾਈ ਮਿਲਣਸਾਰ ਤੇ ਹੱਸਮੁੱਖ ਵਿਅਕਤੀ ਸਨ। ਲੋਕਾਂ ਨਾਲ ਤੁਰੰਤ ਜੁੜ ਜਾਂਦੇ ਸਨ। ਉਨ੍ਹਾਂ ਦਾ ਬਹੁਤ ਸਤਿਕਾਰ ਕੀਤਾ ਜਾਂਦਾ ਸੀ। ਦੀਵਾਲੀ ਉਨ੍ਹਾਂ ਲਈ ਵਿਸ਼ੇਸ਼ ਤਿਉਹਾਰ ਸੀ। ਸੈਂਕੜੇ ਲੋਕ ਪੀ. ਐੱਮ. ਓ. ’ਚ ਉਨ੍ਹਾਂ ਨਾਲ ਤਿਉਹਾਰ ਮਨਾਉਣ ਲਈ ਕਤਾਰਾਂ ’ਚ ਖੜ੍ਹੇ ਰਹਿੰਦੇ ਸਨ।
ਉਹ ਦੀਵਾਲੀ ਵਾਲੇ ਦਿਨ ਮੁਲਾਜ਼ਮਾਂ ਤੇ ਹੋਰ ਵਰਗਾਂ ਦੇ ਲੋਕਾਂ ਨਾਲ ਬਾਕਾਇਦਾ ਪਾਰਟੀਆਂ ਕਰਦੇ ਸਨ। ਉਨ੍ਹਾਂ ਤੋਂ ਬਾਅਦ ਡਾ. ਮਨਮੋਹਨ ਸਿੰਘ ਜੋ 10 ਸਾਲ ਪ੍ਰਧਾਨ ਮੰਤਰੀ ਰਹੇ, ਨੇ ਸ਼ਾਂਤੀਪੂਰਨ ਦੀਵਾਲੀ ਮਨਾਉਣ ’ਚ ਭਰੋਸਾ ਰੱਖਿਅਾ।
ਇਹ ਵੱਖਰੀ ਗੱਲ ਹੈ ਕਿ ਕੁਝ ਪ੍ਰਧਾਨ ਮੰਤਰੀ ਲਗਾਤਾਰ ਇਫਤਾਰ ਪਾਰਟੀਆਂ ਦਾ ਆਯੋਜਨ ਕਰਦੇ ਰਹੇ ਹਨ। ਇੱਥੋਂ ਤੱਕ ਕਿ ਕੁਝ ਰਾਸ਼ਟਰਪਤੀ ਵੀ ਰਾਸ਼ਟਰਪਤੀ ਭਵਨ ’ਚ ਇਫਤਾਰ ਪਾਰਟੀਆਂ ਦੀ ਮੇਜ਼ਬਾਨੀ ਕਰਦੇ ਰਹੇ ਹਨ।
ਹੁਣ ਸਮਾਂ ਬਦਲ ਗਿਆ ਹੈ। ਲੁਟੀਅਨਜ਼ ਦਿੱਲੀ ’ਚ ਦੀਵਾਲੀ ਜਾਂ ਇਫਤਾਰ ਪਾਰਟੀਆਂ ਲਗਭਗ ਇਤਿਹਾਸ ਬਣ ਗਈਆਂ ਹਨ। ਕੁਝ ਮੰਤਰੀ ਜ਼ਰੂਰ ਆਪਣੀ ਪਸੰਦ ਦਾ ਤਿਉਹਾਰ ਆਪਣੀ ਸਰਕਾਰੀ ਰਿਹਾਇਸ਼ ’ਤੇ ਮਨਾਉਂਦੇ ਹਨ।