ਕਾਂਗਰਸ ਕਿਉਂ ਨਹੀਂ ਸਿੱਖਦੀ : ਤਾਮਿਲਨਾਡੂ ਅਗਲਾ ਨੰਬਰ
Thursday, Jan 22, 2026 - 11:08 PM (IST)
ਨੈਸ਼ਨਲ ਡੈਸਕ- ਜੇ ਕੋਈ ਇਕ ਸਿਆਸੀ ਸਬਕ ਹੈ ਜੋ ਕਾਂਗਰਸ ਲਗਾਤਾਰ ਸਿੱਖਣ ਤੋਂ ਇਨਕਾਰ ਕਰਦੀ ਹੈ ਤਾਂ ਉਹ ਹੈ ਫੈਸਲਾ ਨਾ ਲੈਣ ਦਾ ਖਮਿਆਜ਼ਾ। ਪਾਰਟੀ ਨੇ ਬਿਹਾਰ ’ਚ ਗੱਠਜੋੜ ਨੂੰ ਆਖਰੀ ਸਮੇਂ ਤੱਕ ਟਾਲ ਦਿੱਤਾ ਤੇ ਇਸ ਦੀ ਕੀਮਤ ਚੁਕਾਈ। ਪਹਿਲਾਂ, ਉੱਤਰ ਪ੍ਰਦੇਸ਼, ਮਹਾਰਾਸ਼ਟਰ ਤੇ ਗੋਆ ’ਚ ਵੀ ਇਹੀ ਕਹਾਣੀ ਦੁਹਰਾਈ ਗਈ ਸੀ- ਅਸਪੱਸ਼ਟਤਾ ਤੇ ਦੇਰੀ ਨਾਲ ਲਏ ਫੈਸਲੇ। ਹੁਣ ਤਾਮਿਲਨਾਡੂ ’ਚ ਵੀ ਇਸੇ ਤਰ੍ਹਾਂ ਦੀ ਸਥਿਤੀ ਬਣ ਰਹੀ ਹੈ।
ਸੂਬਾ ਪੱਧਰ ’ਤੇ ਕਾਂਗਰਸ ਪੁਰਾਣੇ ਅਾਗੂਆਂ ਤੇ ਰਾਹੁਲ ਗਾਂਧੀ ਨਾਲ ਜੁੜੀ ਨੌਜਵਾਨ ਲੀਡਰਸ਼ਿਪ ਦਰਮਿਆਨ ਖਿੱਚੋਤਾਣ ’ਚ ਫਸੀ ਹੋਈ ਹੈ। ਸੀਨੀਅਰ ਨੇਤਾ ਸੱਤਾਧਾਰੀ ਡੀ. ਐੱਮ. ਕੇ. ਨਾਲ ਗੱਠਜੋੜ ਨੂੰ ਇਹ ਦਲੀਲ ਦਿੰਦੇ ਹੋਏ ਮਜ਼ਬੂਤ ਕਰਨਾ ਚਾਹੁੰਦੇ ਹਨ ਕਿ ਤਾਮਿਲਨਾਡੂ ’ਚ ਇਸ ਦਾ ਬਚਾਅ ਦ੍ਰਾਵਿੜ ਕੈਂਪ ਅੰਦਰ ਮਜ਼ਬੂਤੀ ਨਾਲ ਰਹਿਣ ’ਤੇ ਨਿਰਭਰ ਕਰਦਾ ਹੈ।
ਇਸ ਦੌਰਾਨ ਨੌਜਵਾਨ ਨੇਤਾ ਮਣਿੱਕਮ ਟੈਗੋਰ ਤੇ ਜਯੋਤੀਮਣੀ ਚਾਹੁੰਦੇ ਹਨ ਕਿ ਅਦਾਕਾਰ ਤੋਂ ਸਿਆਸਤਦਾਨ ਬਣੇ ਵਿਜੇ ਦੀ ਪਾਰਟੀ ‘ਤਾਮਿਲਨਾਡੂ ਵੇਤਰੀ ਕਜ਼ਾਗਮ’ (ਟੀ. ਵੀ. ਕੇ.) ਨਾਲ ਸੰਭਾਵੀ ਗੱਠਜੋੜ ਦੀ ਪੜਚੋਲ ਕਰ ਕੇ ਕਾਂਗਰਸ ਆਪਣੇ ਬਦਲ ਨੂੰ ਖੁੱਲ੍ਹਾ ਰੱਖੇ।
ਰਾਹੁਲ ਗਾਂਧੀ ਦੇ ਤਾਮਿਲਨਾਡੂ ਦੇ ਤਾਜ਼ਾ ਦੌਰੇ ਤੋਂ ਸਥਿਤੀ ਦੇ ਸਪੱਸ਼ਟ ਹੋਣ ਦੀ ਉਮੀਦ ਸੀ ਪਰ ਇਸ ਦੇ ਉਲਟ ਇਸ ਨੇ ਗੈਰ-ਯਕੀਨੀ ਨੂੰ ਵਧਾ ਦਿੱਤਾ। ਵਿਜੇ ਵੱਲੋਂ ਪੋਂਗਲ ’ਤੇ ਆਪਣੀ ਫਿਲਮ ‘ਜਨ ਨਾਇਕਣ’ ਨੂੰ ਰਿਲੀਜ਼ ਨਾ ਕਰਨ ਲਈ ਸੈਂਸਰ ਬੋਰਡ ਦੀ ਜਨਤਕ ਤੌਰ ’ਤੇ ਆਲੋਚਨਾ ਕਰਨ ਨੂੰ ਇਕ ਸਿਅਾਸੀ ਸੰਕੇਤ ਵਜੋਂ ਵੇਖਿਆ ਗਿਆ। ਇਸ ਨਾਲ ਡੀ. ਐੱਮ. ਕੇ. ਅੰਦਰ ਬੇਚੈਨੀ ਪੈਦਾ ਹੋਈ ਤੇ ਟੀ. ਵੀ. ਕੇ. ਪੱਖੀ ਕੈਂਪ ਨੂੰ ਮਜ਼ਬੂਤੀ ਮਿਲੀ।
ਇਸ ਸਮੇਂ ਰਾਹੁਲ ਗਾਂਧੀ ਡੀ. ਐੱਮ. ਕੇ. ਨੂੰ ਭਰੋਸਾ ਦੁਅਾਉਂਦੇ ਵਿਖਾਈ ਦੇ ਰਹੇ ਹਨ ਜਦੋਂ ਕਿ ਆਪਣੇ ਛੋਟੇ ਸਹਿਯੋਗੀਆਂ ਨੂੰ ਵਧੇਰੇ ਸੀਟਾਂ ਤੇ ਸੱਤਾ ਦੀ ਭਾਈਵਾਲੀ ਹਾਸਲ ਕਰਨ ਲਈ ਵਿਜੇ ਦੇ ਬਦਲ ਨੂੰ ਜ਼ਿੰਦਾ ਰੱਖਣ ਲਈ ਉਤਸ਼ਾਹਿਤ ਕਰ ਰਹੇ ਹਨ।
ਇਹ ਕਾਂਗਰਸ ਦੀ ਇਕ ਜਾਣੀ-ਪਛਾਣੀ ਆਦਤ ਹੈ। ਹਰ ਥਾਂ ਟਾਲ-ਮਟੋਲ ਕਰਨਾ, ਕਿਤੇ ਵੀ ਫੈਸਲਾਕੁੰਨ ਨਾ ਹੋਣਾ ਤੇ ਸਮੇਂ ਨਾਲ ਵਿਰੋਧਾਭਾਸਾਂ ਦੇ ਹੱਲ ਦੀ ਉਮੀਦ ਕਰਨਾ। ਇਤਿਹਾਸ ਗਵਾਹ ਹੈ ਕਿ ਅਜਿਹਾ ਬਹੁਤ ਘੱਟ ਹੁੰਦਾ ਹੈ।
