ਸ਼ਰਦ ਯਾਦਵ ਨੂੰ ਸ਼ਰਧਾਂਜਲੀ ਦੇਣ ਨਹੀਂ ਪਹੁੰਚੇ ਨਿਤੀਸ਼ ਕੁਮਾਰ, ਸਾਰੇ ਹੈਰਾਨ

Friday, Jan 20, 2023 - 11:25 AM (IST)

ਨਵੀਂ ਦਿੱਲੀ– ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਮਰਹੂਮ ਸਮਾਜਵਾਦੀ ਨੇਤਾ ਸ਼ਰਦ ਯਾਦਵ ਨੂੰ ਸ਼ਰਧਾਂਜਲੀ ਕਿਉਂ ਨਹੀਂ ਦਿੱਤੀ, ਇਸ ’ਤੇ ਸਿਆਸੀ ਦਲਾਂ ’ਚ ਕਾਫੀ ਹੈਰਾਨੀ ਅਤੇ ਬੇਭਰੋਸਗੀ ਹੈ। ਭਾਜਪਾ ਨੇ ਪਾਰਟੀ ਪ੍ਰਧਾਨ ਜੇ. ਪੀ. ਨੱਢਾ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਆਪਣੇ ਉੱਚ ਲੀਡਰਸ਼ਿਪ ਨੂੰ ਨਿੱਜੀ ਤੌਰ ’ਤੇ ਯਾਦਵ ਦੇ ਛਤਰਪੁਰ ਸਥਿਤ ਨਿਵਾਸ ’ਤੇ ਜਾਣ ਅਤੇ ਸ਼ਰਧਾ-ਸੁਮਨ ਭੇਟ ਕਰਨ ਲਈ ਕਿਹਾ।

ਭਾਜਪਾ ਨੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੂੰ ਭੋਪਾਲ ਹਵਾਈ ਅੱਡੇ ’ਤੇ ਉਨ੍ਹਾਂ ਦੀ ਮ੍ਰਿਤਕ ਦੇਹ ਪ੍ਰਾਪਤ ਕਰਨ ਦਾ ਨਿਰਦੇਸ਼ ਦਿੱਤਾ ਅਤੇ ਸਰਕਾਰੀ ਸੋਗ ਐਲਾਨਿਆ। ਸ਼ਰਦ ਯਾਦਵ ਦੇ ਦਿਹਾਂਤ ’ਤੇ ਅਫਸੋਸ ਜਤਾਉਣ ਲਈ ਵੱਡੀ ਗਿਣਤੀ ’ਚ ਭਾਜਪਾ ਦੇ ਸੰਸਦ ਮੈਂਬਰ ਵੀ ਉਨ੍ਹਾਂ ਦੇ ਘਰ ਪਹੁੰਚੇ। ਰਾਹੁਲ ਗਾਂਧੀ ਨੇ ਆਪਣੀ ‘ਭਾਰਤ ਜੋੜੋ ਯਾਤਰਾ’ ਨੂੰ ਵਿਚਾਲੇ ਹੀ ਰੋਕ ਦਿੱਤਾ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਦਿੱਲੀ ਲਈ ਰਵਾਨਾ ਹੋ ਗਏ। ਪਾਰਟੀ ਜਨਰਲ ਸਕੱਤਰ ਸ਼ਕਤੀ ਸਿੰਘ ਗੋਹਿਲ, ਬਿਹਾਰ ਪੀ. ਸੀ. ਸੀ. ਪ੍ਰਧਾਨ ਅਖਿਲੇਸ਼ ਪ੍ਰਸਾਦ ਸਿੰਘ ਅਤੇ ਹੋਰਨਾਂ ਸਮੇਤ ਕਾਂਗਰਸ ਦੇ ਕਈ ਵੱਡੇ ਨੇਤਾ ਵਿਵਸਥਾ ’ਚ ਮਦਦ ਕਰਨ ਲਈ ਯਾਦਵ ਦੀ ਰਿਹਾਇਸ਼ ’ਤੇ ਮੌਜੂਦ ਸਨ।

ਉੱਪ ਮੁੱਖ ਮੰਤਰੀ ਤੇਜਸਵੀ ਯਾਦਵ ਨੇ ਵੀ ਸ਼ਰਦ ਯਾਦਵ ਨੂੰ ਸ਼ਰਧਾਂਜਲੀ ਭੇਟ ਕੀਤੀ ਪਰ ਨਿਤੀਸ਼ ਕੁਮਾਰ ਦੀ ਹਾਜ਼ਰੀ ਦਾ ਇੰਤਜ਼ਾਰ ਕਰਨ ਵਾਲਿਆਂ ਨੂੰ ਝਟਕਾ ਲੱਗਾ ਕਿਉਂਕਿ ਉਨ੍ਹਾਂ ਨੇ ਅਤੇ ਸ਼ਰਦ ਯਾਦਵ ਨੇ ਕਈ ਦਹਾਕਿਆਂ ਤੱਕ ਜਨਤਾ ਦਲ (ਯੂ) ’ਚ ਇਕੱਠਿਆਂ ਕੰਮ ਕੀਤਾ ਸੀ। ਯਾਦਵ, ਨਿਤੀਸ਼ ਕੁਮਾਰ ਤੋਂ ਉਸ ਸਮੇਂ ਵੱਖ ਹੋ ਗਏ ਜਦ ਰਾਜਦ ਅਤੇ ਕਾਂਗਰਸ ਨਾਲ ਗਠਜੋੜ ’ਚ 2015 ’ਚ ਵਿਧਾਨ ਸਭਾ ਚੋਣਾਂ ਜਿੱਤਣ ਤੋਂ ਬਾਅਦ ਨਿਤੀਸ਼ ਨੇ ਭਾਜਪਾ ਨਾਲ ਹੱਥ ਮਿਲਾ ਲਿਆ।

ਸ਼ਰਦ ਯਾਦਵ ਨੂੰ ਕੇਂਦਰ ਸਰਕਾਰ ’ਚ ਕੈਬਨਿਟ ਅਹੁਦੇ ਦੀ ਪੇਸ਼ਕਸ਼ ਕੀਤੀ ਗਈ ਸੀ, ਜਿਸ ਨੂੰ ਉਨ੍ਹਾਂ ਨੇ ਸਾਫ ਤੌਰ ’ਤੇ ਮਨਾਂ ਕਰ ਦਿੱਤਾ ਅਤੇ ਇਸ ਦੀ ਭਾਰੀ ਕੀਮਤ ਚੁਕਾਈ। ਉਹ ਆਪਣੀ ਰਾਜ ਸਭਾ ਸੀਟ ਹਾਰ ਗਏ ਅਤੇ ਬਾਅਦ ’ਚ ਉਨ੍ਹਾਂ ਨੂੰ ਤੁਗਲਕ ਰੋਡ ਸਥਿਤ ਉਨ੍ਹਾਂ ਦੀ ਰਿਹਾਇਸ਼ ਤੋਂ ਬੇਦਖਲ ਕਰ ਦਿੱਤਾ ਗਿਆ। ਉਨ੍ਹਾਂ ਕੋਲ ਆਪਣਾ ਕੋਈ ਘਰ ਨਹੀਂ ਸੀ ਅਤੇ ਉਨ੍ਹਾਂ ਨੂੰ ਆਪਣੀ ਬੇਟੀ ਦੇ ਘਰ ’ਚ ਅਸਥਾਈ ਤੌਰ ’ਤੇ ਰਹਿਣਾ ਪਿਆ ਸੀ। ਨਿਤੀਸ਼ ਕੁਮਾਰ ਮੱਧ ਪ੍ਰਦੇਸ਼ ’ਚ ਉਨ੍ਹਾਂ ਦੇ ਜੱਦੀ ਪਿੰਡ ’ਚ ਯਾਦਵ ਦੇ ਆਖਰੀ ਸਸਕਾਰ ’ਚ ਵੀ ਸ਼ਾਮਲ ਨਹੀਂ ਹੋਏ। ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਨਿਤੀਸ਼ ਕੁਮਾਰ ਦੀ ਗੈਰ-ਹਾਜ਼ਰੀ ਉਨ੍ਹਾਂ ਨੂੰ ਅਜਿਹੇ ਸਮੇਂ ’ਚ ਮਹਿੰਗੀ ਪੈ ਸਕਦੀ ਹੈ, ਜਦ ਉਹ ਵਿਰੋਧੀ ਪਾਰਟੀਆਂ ਦੀ ਆਮ ਸਹਿਮਤੀ ਨਾਲ ਪ੍ਰਧਾਨ ਮੰਤਰੀ ਅਹੁਦੇ ਦਾ ਉਮੀਦਵਾਰ ਬਣਨ ਦੀ ਇੱਛਾ ਰੱਖਦੇ ਹਨ।


Rakesh

Content Editor

Related News