ਵਿਧਾਨ ਸਭਾ ਲਈ ਗਲਬਾ ਭਾਜਪਾ ਤੇ ਬੀਜਦ ਗਠਜੋੜ ਦੇ ਰਾਹ ’ਚ ਰੁਕਾਵਟ

Wednesday, Mar 06, 2024 - 12:33 PM (IST)

ਵਿਧਾਨ ਸਭਾ ਲਈ ਗਲਬਾ ਭਾਜਪਾ ਤੇ ਬੀਜਦ ਗਠਜੋੜ ਦੇ ਰਾਹ ’ਚ ਰੁਕਾਵਟ

ਨਵੀਂ ਦਿੱਲੀ- ਇਸ ਸਾਲ ਮਈ ’ਚ ਓਡੀਸ਼ਾ ’ਚ ਲੋਕ ਸਭਾ ਤੇ ਵਿਧਾਨ ਸਭਾ ਦੀਆਂ ਇੱਕੋ ਸਮੇਂ ਹੋਣ ਵਾਲੀਆਂ ਚੋਣਾਂ ਦੌਰਾਨ ਗੱਠਜੋੜ ਲਈ ਭਾਜਪਾ ਤੇ ਬੀਜੂ ਜਨਤਾ ਦਲ ਦੀ ਸਿਖਰਲੀ ਲੀਡਰਸ਼ਿਪ ਵੱਲੋਂ ਅੰਤਿਮ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਦੋਵੇਂ ਪਾਰਟੀਆਂ ਸੂਬੇ ’ਚ ਦਹਾਕਿਆਂ ਤੋਂ ਇੱਕ-ਦੂਜੇ ਵਿਰੁੱਧ ਲੜ ਰਹੀਆਂ ਹਨ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਓਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਦੇ ਆਪਸੀ ਸਬੰਧ ਬਹੁਤ ਗੂੜ੍ਹੇ ਹਨ।

ਇੰਨਾ ਹੀ ਨਹੀਂ, ਜਦੋਂ ਪ੍ਰਧਾਨ ਮੰਤਰੀ ਨੇ ਪਟਨਾਇਕ ਨੂੰ ਓਡੀਸ਼ਾ ਤੋਂ ਅਸ਼ਵਨੀ ਵੈਸ਼ਨਵ ਲਈ ਰਾਜ ਸਭਾ ਦੀ ਸੀਟ ਮੰਗੀ ਤਾਂ ਉਨ੍ਹਾਂ ਸਾਥ ਦਿੱਤਾ। ਹੁਣੇ ਜਿਹੇ ਜਦੋਂ ਦੋਵੇਂ ਨੇਤਾ ਓਡੀਸ਼ਾ ’ਚ ਮਿਲੇ ਸਨ ਤਾਂ ਰਸਮੀ ਗਠਜੋੜ ਜਾਂ ਸੀਟ ਐਡਜਸਟਮੈਂਟ ਦਾ ਮੁੱਦਾ ਉਠਾਇਆ ਗਿਆ ਸੀ। ਦੋਵੇਂ ਆਗੂ ਸੰਭਾਵਨਾਵਾਂ ਦੀ ਪੜਚੋਲ ਕਰਨ ਲਈ ਸਹਿਮਤ ਹੋਏ ਕਿਉਂਕਿ ਬੀਜਦ ਨੇ 42.8 ਫੀਸਦੀ ਵੋਟਾਂ ਨਾਲ ਲੋਕ ਸਭਾ ਦੀਆਂ 12 ਸੀਟਾਂ ਜਿੱਤੀਆਂ ਸਨ ਜਦੋਂ ਕਿ ਭਾਜਪਾ ਨੇ 38.4 ਫੀਸਦੀ ਵੋਟਾਂ ਨਾਲ 8 ਸੀਟਾਂ ਜਿੱਤੀਆਂ ਸਨ।

ਕਾਂਗਰਸ 13.4 ਫੀਸਦੀ ਵੋਟਾਂ ਨਾਲ ਇੱਕ ਸੀਟ ਹਾਸਲ ਕਰਨ ’ਚ ਕਾਮਯਾਬ ਰਹੀ। ਪੀ. ਐੱਮ. ਮੰਗਲਵਾਰ ਵੀ ਓਡੀਸ਼ਾ ’ਚ ਸਨ ਪਰ ਉਨ੍ਹਾਂ ਕੁਝ ਵੀ ਕਹਿਣ ਤੋਂ ਗੁਰੇਜ਼ ਕੀਤਾ। ਮੋਦੀ ਚਾਹੁੰਦੇ ਹਨ ਕਿ ਬੀਜਦ ਰਸਮੀ ਤੌਰ ’ਤੇ ਐੱਨ. ਡੀ. ਏ. ’ਚ ਸ਼ਾਮਲ ਹੋ ਜਾਵੇ । ਦੋਵੇਂ ਪਾਰਟੀਆਂ ਆਪੋ-ਆਪਣੀ ਤਾਕਤ ਦੇ ਆਧਾਰ ’ਤੇ ਇਕੱਠਿਆਂ ਚੋਣ ਲੜਨ ਦੀ ਸੰਭਾਵਨਾ ਦਾ ਪਤਾ ਲਾਉਣ।

ਦੋਹਾਂ ਪਾਰਟੀਆਂ ਨੇ ਲੋਕ ਸਭਾ ਦੀਆਂ ਸੀਟਾਂ ਲਈ ਵੰਡ ਦਾ ਫਾਰਮੂਲਾ ਤਿਆਰ ਕੀਤਾ ਪਰ ਜਦੋਂ ਵਿਧਾਨ ਸਭਾ ਸੀਟਾਂ ਦੀ ਵੰਡ ਦੀ ਗੱਲ ਆਈ ਤਾਂ ਗੱਲਾਂ ਵੱਖ ਹੋ ਗਈਆਂ। 2019 ਦੀਆਂ ਲੋਕ ਸਭਾ ਚੋਣਾਂ ’ਚ ਭਾਜਪਾ ਨੇ ਭਾਵੇਂ ਬੇਹਤਰ ਪ੍ਰਦਰਸ਼ਨ ਕੀਤਾ ਪਰ ਵਿਧਾਨ ਸਭਾ ਦੀਆਂ ਚੋਣਾਂ ’ਚ ਬੀਜਦ ਨੇ 147 ’ਚੋਂ 112 ਸੀਟਾਂ ਜਿੱਤੀਆਂ । ਉਸ ਨੇ 44.7 ਫੀਸਦੀ ਵੋਟਾਂ ਹਾਸਲ ਕੀਤੀਆਂ, ਜੋ ਲੋਕ ਸਭਾ ਚੋਣਾਂ ਦੇ ਮੁਕਾਬਲੇ 2 ਫੀਸਦੀ ਵਾਧੂ ਸਨ। ਭਾਜਪਾ ਸਿਰਫ 23 ਸੀਟਾਂ ਹੀ ਜਿੱਤ ਸਕੀ । ਉਸ ਦਾ ਵੋਟ ਸ਼ੇਅਰ 6 ਫੀਸਦੀ ਡਿੱਗ ਕੇ 32.49 ਫੀਸਦੀ ਰਹਿ ਗਿਆ।

ਵਿਧਾਨ ਸਭਾ ਸੀਟਾਂ ਦੀ ਵੰਡ ਕਿਸ ਤਰ੍ਹਾਂ ਕੀਤੀ ਜਾਵੇ, ਇਸ ਦਾ ਹੱਲ ਲੱਭਣ ਲਈ ਅੰਤਮ ਯਤਨ ਕੀਤੇ ਜਾ ਰਹੇ ਹਨ। ਇਸੇ ਕਾਰਨ ਦੋਵਾਂ ਪਾਰਟੀਆਂ ਦੀਆਂ ਸੂਬਾਈ ਇਕਾਈਆਂ ’ਚ ਤਕਰਾਰ ਪੈਦਾ ਹੋ ਗਈ ਹੈ । ਉਹ ਇਕ ਦੂਜੇ ’ਤੇ ਅਫਵਾਹਾਂ ਫੈਲਾਉਣ ਦੇ ਦੋਸ਼ ਲਾ ਰਹੀਆਂ ਹਨ।


author

Rakesh

Content Editor

Related News