ਯੂ. ਪੀ, ਗੋਆ, ਉੱਤਰਾਖੰਡ ਤੇ ਮਣੀਪੁਰ ’ਚ ਕਿਸ ਦੀ ਬਣੇਗੀ ਸਰਕਾਰ? ਫ਼ੈਸਲਾ ਅੱਜ
Thursday, Mar 10, 2022 - 07:33 AM (IST)
ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼, ਉੱਤਰਾਖੰਡ, ਗੋਆ, ਮਣੀਪੁਰ ਅਤੇ ਪੰਜਾਬ ’ਚ ਕਿਸ ਪਾਰਟੀ ਦੀ ਸਰਕਾਰ ਬਣੇਗੀ, ਇਸ ਦਾ ਫ਼ੈਸਲਾ ਅੱਜ ਯਾਨੀ ਕਿ 10 ਮਾਰਚ ਨੂੰ ਹੋਵੇਗਾ। ਇਨ੍ਹਾਂ 5 ਸੂਬਿਆਂ ’ਚ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣਗੇ, ਜਿਸ ਲਈ ਸਵੇਰੇ 8 ਵਜੇ ਤੋਂ ਵੋਟਾਂ ਦੀ ਗਿਣਤੀ ਸ਼ੁਰੂ ਹੋਵੇਗੀ। ਯੂ. ਪੀ. ਸਮੇਤ 5 ਸੂਬਿਆਂ ਦੀ ਜਨਤਾ ਹੀ ਨਹੀਂ, ਪੂਰੇ ਦੇਸ਼ ਦੇ ਲੋਕਾਂ ਨੂੰ ਇਨ੍ਹਾਂ ਚੋਣਾਂ ਦੇ ਨਤੀਜਿਆਂ ਦੀ ਉਡੀਕ ਹੈ। ਅਜਿਹੇ ’ਚ ਹਰ ਕਿਸੇ ਦੇ ਮਨ ’ਚ ਇਕ ਹੀ ਸਵਾਲ ਹੋਵੇਗਾ ਕਿ ਕਿਸ ਸੀਟ ਤੋਂ ਕੌਣ ਜਿੱਤ ਰਿਹਾ ਅਤੇ 5 ਸੂਬਿਆਂ ’ਚ ਕਿਸ ਦੀ ਸਰਕਾਰ ਬਣ ਰਹੀ ਹੈ। ਇਨ੍ਹਾਂ 5 ਸੂਬਿਆਂ ’ਚ ਸਖ਼ਤ ਮੁਕਾਬਲਾ-ਕਾਂਗਰਸ, ਭਾਜਪਾ, ਬਹੁਜਨ ਸਮਾਜ ਪਾਰਟੀ, ਸਮਾਜਵਾਦੀ ਪਾਰਟੀ, ਆਮ ਆਦਮੀ ਪਾਰਟੀ ਅਤੇ ਹੋਰ ਪਾਰਟੀਆਂ ਵਿਚਕਾਰ ਹੈ।
ਇਹ ਵੀ ਪੜ੍ਹੋ : ਕਿਸ ਦੇ ਸਿਰ ’ਤੇ ਸਜੇਗਾ ਪੰਜਾਬ ਦੇ CM ਦਾ ਤਾਜ, ਫ਼ੈਸਲਾ ਅੱਜ
ਸਿਆਸੀ ਪਾਰਟੀਆਂ ਦਾ ਭਵਿੱਖ ਤੈਅ ਕਰਨਗੇ ਚੋਣ ਨਤੀਜੇ-
ਇਹ ਚੋਣ ਨਤੀਜੇ ਸਿਆਸੀ ਪਾਰਟੀਆਂ ਦਾ ਭਵਿੱਖ ਤੈਅ ਕਰਨਗੇ। ਕਿੱਥੇ ਕਿਸ ਦੀ ਸਰਕਾਰ ਬਣੇਗੀ ਅਤੇ ਕਿਸ ਨੂੰ ਹਾਰ ਅਤੇ ਜਿੱਤ ਨਸੀਬ ਹੋਵੇਗੀ, ਇਨ੍ਹਾਂ ਸਭ ਦਾ ਫ਼ੈਸਲਾ ਅੱਜ ਹੋ ਜਾਵੇਗਾ। ਵੋਟਾਂ ਦੀ ਗਿਣਤੀ ਸ਼ੁਰੂ ਦੇ ਦੋ ਤਿੰਨ ਘੰਟਿਆਂ ਦਰਮਿਆਨ ਰੁਝਾਨ ਆਉਣੇ ਸ਼ੁਰੂ ਹੋ ਜਾਣਗੇ ਕਿ ਕਿਹੜੇ ਸੂਬੇ ’ਚ ਕਿਸ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ।
ਕਿਸ ਸੂਬੇ ’ਚ ਕਿੰਨੀਆਂ ਸੀਟਾਂ ’ਤੇ ਹੋਈਆਂ ਸਨ ਚੋਣਾਂ
ਦੱਸ ਦੇਈਏ ਕਿ ਉੱਤਰ ਪ੍ਰਦੇਸ਼ ਵਿਚ 403 ਵਿਧਾਨ ਸਭਾ ਸੀਟਾਂ ਲਈ 7 ਪੜਾਵਾਂ ਵਿਚ ਵੋਟਾਂ ਪਈਆਂ ਹਨ। ਇੱਥੇ 10, 14, 20, 23, 27 ਫਰਵਰੀ, 3 ਅਤੇ 7 ਮਾਰਚ ਨੂੰ ਲੋਕਾਂ ਨੇ ਆਪਣੇ ਵੋਟ ਦਾ ਇਸਤੇਮਾਲ ਕੀਤਾ। ਉੱਤਰਾਖੰਡ ਦੀਆਂ 70 ਵਿਧਾਨ ਸਭਾ ਸੀਟਾਂ ਲਈ 14 ਫਰਵਰੀ ਨੂੰ ਇਕ ਪੜਾਅ ’ਚ ਵੋਟਿੰਗ ਹੋਈ। ਉਸੇ ਦਿਨ ਗੋਆ ਵਿਚ ਵੀ ਇਕੋ ਪੜਾਅ ’ਚ 40 ਸੀਟਾਂ ਲਈ ਵੋਟਿੰਗ ਹੋਈ। ਇਸ ਤੋਂ ਇਲਾਵਾ ਪੰਜਾਬ ਦੀਆਂ 117 ਸੀਟਾਂ 'ਤੇ 20 ਫਰਵਰੀ ਨੂੰ ਵੋਟਾਂ ਪਈਆਂ ਸਨ। ਜਦੋਂ ਕਿ ਮਣੀਪੁਰ ਵਿਚ 27 ਫਰਵਰੀ ਅਤੇ 3 ਮਾਰਚ ਨੂੰ 2 ਪੜਾਵਾਂ ਵਿਚ 60 ਸੀਟਾਂ ਲਈ ਵੋਟਿੰਗ ਹੋਈ ਸੀ।
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ