ਬੱਚਿਆਂ ਨੂੰ ਵੇਚੀ ਜਾ ਰਹੀ ਵ੍ਹਿਸਕੀ ਮਿਕਸਡ ਆਈਸਕ੍ਰੀਮ! ਛਾਪਾ ਮਾਰਨ ਪਹੁੰਚੇ ਅਧਿਕਾਰੀ ਵੀ ਰਹਿ ਗਏ ਹੈਰਾਨ
Friday, Sep 06, 2024 - 10:03 PM (IST)
ਨੈਸ਼ਨਲ ਡੈਸਕ : ਹੈਦਰਾਬਾਦ ਦੇ ਜੁਬਲੀ ਹਿਲਜ਼ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਅਧਿਕਾਰੀਆਂ ਨੇ ਆਈਸਕ੍ਰੀਮ ਨੂੰ ਜ਼ਬਤ ਕੀਤਾ ਹੈ ਜੋ ਵਿਸਕੀ ਦੇ ਨਾਲ ਮਿਲਾ ਬਣਾਈ ਗਈ ਸੀ ਤੇ ਬੱਚਿਆਂ ਨੂੰ ਵੇਚੀ ਜਾ ਰਹੀ ਸੀ।
ਸਾਢੇ ਗਿਆਰਾਂ ਕਿੱਲੋ ਵ੍ਹਿਸਕੀ ਵਾਲੀ ਆਈਸਕ੍ਰੀਮ ਜ਼ਬਤ
ਆਬਕਾਰੀ ਵਿਭਾਗ ਦੇ ਅਧਿਕਾਰੀਆਂ ਨੇ ਜੁਬਲੀ ਹਿੱਲਜ਼ ਦੇ ਇੱਕ ਪਾਰਲਰ ਤੋਂ 11.5 ਕਿਲੋਗ੍ਰਾਮ ਵਿਸਕੀ ਵਾਲੀ ਆਈਸਕ੍ਰੀਮ ਜ਼ਬਤ ਕੀਤੀ ਹੈ। ਜ਼ਬਤ ਕੀਤੀ ਆਈਸਕ੍ਰੀਮ 'ਚ 100 ਮਿਲੀਲੀਟਰ ਵਿਸਕੀ ਪ੍ਰਤੀ ਕਿਲੋਗ੍ਰਾਮ ਮਿਲਾਈ ਗਈ ਸੀ ਅਤੇ ਇਸ ਨੂੰ ਮਹਿੰਗੇ ਭਾਅ ਵੇਚਿਆ ਜਾ ਰਿਹਾ ਸੀ।
ਛਾਪੇਮਾਰੀ ਦੀ ਅਗਵਾਈ ਕਰਨ ਵਾਲੇ ਅਧਿਕਾਰੀ ਪ੍ਰਦੀਪ ਰਾਓ ਨੇ ਦੱਸਿਆ ਕਿ ਸ਼ਰਾਬ ਵਾਲੇ 23 ਆਈਸ ਕਰੀਮ ਦੇ ਡੱਬੇ ਜ਼ਬਤ ਕੀਤੇ ਗਏ ਹਨ, ਜਿਨ੍ਹਾਂ ਨੂੰ ਇਹ ਵਿਅਕਤੀ ਵੇਚ ਰਿਹਾ ਸੀ। ਅਧਿਕਾਰੀਆਂ ਨੇ ਇਸ ਮਾਮਲੇ ਵਿੱਚ ਵਿਸਕੀ-ਲੇਸਡ ਆਈਸਕ੍ਰੀਮ ਦੇ ਉਤਪਾਦਨ ਅਤੇ ਵਿਕਰੀ ਵਿੱਚ ਸ਼ਾਮਲ ਦਯਾਕਰ ਰੈਡੀ, ਸ਼ੋਭਨ ਅਤੇ ਹੋਰਾਂ ਨੂੰ ਗ੍ਰਿਫਤਾਰ ਕੀਤਾ ਹੈ। ਦੱਸ ਦੇਈਏ ਕਿ ਆਈਸਕ੍ਰੀਮ ਪਾਰਲਰ ਸ਼ਰਤ ਚੰਦਰ ਰੈੱਡੀ ਚਲਾ ਰਿਹਾ ਸੀ।
ਫੇਸਬੁੱਕ 'ਤੇ ਚੱਲ ਰਿਹਾ ਸੀ ਆਈਸਕ੍ਰੀਮ ਦਾ ਇਸ਼ਤਿਹਾਰ
ਜਾਂਚ ਦੌਰਾਨ ਅਧਿਕਾਰੀਆਂ ਨੂੰ ਇਹ ਵੀ ਪਤਾ ਲੱਗਾ ਕਿ ਬੱਚਿਆਂ ਅਤੇ ਨੌਜਵਾਨਾਂ ਸਮੇਤ ਗਾਹਕਾਂ ਨੂੰ ਲੁਭਾਉਣ ਲਈ ਫੇਸਬੁੱਕ 'ਤੇ ਇਸ ਨਸ਼ੀਲੀ ਆਈਸਕ੍ਰੀਮ ਦੀ ਮਸ਼ਹੂਰੀ ਕੀਤੀ ਜਾ ਰਹੀ ਸੀ। ਇਸ ਆਈਸਕ੍ਰੀਮ ਦਾ ਸੇਵਨ ਕਰਨ ਵਾਲੇ ਜ਼ਿਆਦਾਤਰ ਲੋਕਾਂ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਸੀ ਕਿ ਇਸ ਵਿਚ ਸ਼ਰਾਬ ਹੈ। ਆਬਕਾਰੀ ਵਿਭਾਗ ਨੇ ਅਜਿਹੇ ਉਤਪਾਦਾਂ ਦੇ ਨਿਰਮਾਣ ਅਤੇ ਵੰਡ 'ਚ ਸ਼ਾਮਲ ਲੋਕਾਂ ਖਿਲਾਫ ਸਖਤ ਕਾਰਵਾਈ ਦੀ ਚਿਤਾਵਨੀ ਦਿੱਤੀ ਹੈ।
ਅਧਿਕਾਰੀਆਂ ਨੇ ਲੋਕਾਂ ਨੂੰ ਇਹ ਵੀ ਸਲਾਹ ਦਿੱਤੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਆਈਸਕ੍ਰੀਮ ਪਾਰਲਰ ਤੋਂ ਆਈਸਕ੍ਰੀਮ ਦੇਣ ਤੋਂ ਪਹਿਲਾਂ ਸਮੱਗਰੀ ਦੀ ਜਾਂਚ ਕਰ ਲੈਣ।