ਪਾਕਿਸਤਾਨ 'ਚ ਅਜੇ ਵੀ ਬੰਦ ਪਏ ਹਨ ਹਜ਼ਾਰਾਂ ਮੰਦਰ, ਗੁਰੂਦੁਆਰੇ
Wednesday, Jul 31, 2019 - 05:49 PM (IST)

ਨਵੀਂ ਦਿੱਲੀ/ਪੇਸ਼ਾਵਰ— ਪਾਕਿਸਤਾਨ ਦੇ ਸਿਆਲਕੋਟ 'ਚ ਇਕ ਹਿੰਦੂ ਮੰਦਰ ਦੇ ਖੁੱਲ੍ਹਣ ਦੀ ਚਰਚਾ ਭਾਰਤੀ ਮੀਡੀਆ 'ਚ ਜ਼ੋਰਾਂ 'ਤੇ ਹੈ। ਇਸ ਦਾ ਨਾਂ ਸ਼ਵਾਲਾ ਤੇਜਾ ਸਿੰਘ ਮੰਦਰ ਹੈ ਤੇ ਖਬਰਾਂ ਮੁਤਾਬਕ ਇਸ ਨੂੰ ਸੋਮਵਾਰ ਨੂੰ ਪੂਜਾ ਲਈ ਖੋਲ੍ਹਿਆ ਗਿਆ। ਹਾਲਾਂਕਿ ਪਾਕਿਸਤਾਨੀ ਪੱਤਰਕਾਰਾਂ ਦਾ ਕਹਿਣਾ ਹੈ ਕਿ ਮੰਦਰ ਇਸ ਸਾਲ ਮਈ ਮਹੀਨੇ 'ਚ ਹੀ ਖੋਲ੍ਹ ਦਿੱਤਾ ਗਿਆ ਸੀ। ਲੇਖਕ ਤੇ ਇਤਿਹਾਸਕਾਰ ਰਾਸ਼ਿਦ ਨਿਆਜ਼ ਦੀ ਲਿਖੀ ਕਿਤਾਬ 'ਹਿਸਟ੍ਰੀ ਆਫ ਸਿਆਲਕੋਟ' ਦੇ ਮੁਤਾਬਕ ਇਹ ਮੰਦਰ ਕਰੀਬ 1000 ਸਾਲ ਪੁਰਾਣਾ ਹੈ। ਪਰ ਅਜੇ ਵੀ ਪਾਕਿਸਤਾਨ 'ਚ ਹਜ਼ਾਰਾਂ ਮੰਦਰ ਤੇ ਗੁਰੂਦੁਆਰੇ ਅਜਿਹੇ ਹਨ ਜੋ ਅਜੇ ਵੀ ਬੰਦ ਪਏ ਹਨ।
ਸਾਲ 1992 'ਚ ਬਾਬਰੀ ਮਸਜਿਦ ਦੇ ਢਾਹੇ ਜਾਣ ਤੋਂ ਬਾਅਦ ਇਸ ਮੰਦਰ 'ਤੇ ਹਮਲਾ ਹੋਇਆ ਸੀ ਤੇ ਇਹ ਨੁਕਸਾਨਿਆ ਗਿਆ ਸੀ। ਪਾਕਿਸਤਾਨ 'ਚ ਹਿੰਦੂ ਭਾਈਚਾਰਾ ਸਭ ਤੋਂ ਵੱਡਾ ਘੱਟ ਗਿਣਤੀ ਭਾਈਚਾਰਾ ਹੈ। ਅਧਿਕਾਰਿਤ ਅੰਕੜਿਆਂ ਮੁਤਾਬਕ ਇਥੇ ਕਰੀਬ 75 ਲੱਖ ਹਿੰਦੂ ਰਹਿੰਦੇ ਹਨ ਤੇ ਭਾਰਤ-ਪਾਕਿਸਤਾਨ ਵੰਡ ਤੋਂ 72 ਸਾਲ ਬਾਅਦ ਇਸ ਨੂੰ ਖੋਲ੍ਹਿਆ ਗਿਆ ਹੈ। ਭਾਰਤ-ਪਾਕਿਸਤਾਨ ਵੰਡ ਦੌਰਾਨ ਤੇ ਬਾਬਰੀ ਮਸਜਿਦ ਢਾਹੇ ਜਾਣ ਤੋਂ ਬਾਅਦ ਪਾਕਿਸਤਾਨ 'ਚ ਮੰਦਰਾਂ ਤੇ ਹਿੰਦੂਆਂ ਦੇ ਹੋਰ ਧਾਰਮਿਕ ਸਥਾਨਾਂ ਨੂੰ ਬਹੁਤ ਨੁਕਸਾਨ ਪਹੁੰਚਾਇਆ ਗਿਆ ਸੀ। ਇਸ ਲਈ ਸ਼ਵਾਲਾ ਤੇਜਾ ਸਿੰਘ ਮੰਦਰ ਨੂੰ 72 ਸਾਲ ਬਾਅਦ ਖੋਲ੍ਹਿਆ ਜਾਣਾ ਬਹੁਤ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।
ਬੀਬੀਸੀ ਮੁਤਾਬਕ ਪਾਕਿਸਤਾਨੀ ਮੀਡੀਆ ਦਾ ਕਹਿਣਾ ਹੈ ਕਿ ਇਹ ਮੰਦਰ ਮਈ ਮਹੀਨੇ ਹੀ ਖੋਲ੍ਹ ਦਿੱਤਾ ਗਿਆ ਸੀ ਤੇ ਇਸ 'ਚ ਪੂਜਾ ਵੀ ਹੋ ਰਹੀ ਸੀ। ਸਿਆਲਕੋਟ 'ਚ ਤਕਰੀਬਨ 150 ਹਿੰਦੂ ਪਰਿਵਾਰ ਰਹਿੰਦੇ ਹਨ ਤੇ ਉਨ੍ਹਾਂ ਦੀ ਦਰਖਾਸਤ 'ਤੇ ਹੀ ਇਸ ਮੰਦਰ ਨੂੰ ਖੋਲ੍ਹਿਆ ਗਿਆ ਹੈ। ਮੰਦਰ ਖੋਲ੍ਹਣ ਤੋਂ ਬਾਅਦ ਇਥੇ ਸਾਫ-ਸਫਾਈ ਕਰਵਾਈ ਗਈ। ਹੁਣ ਅਜਿਹੀਆਂ ਵੀ ਖਬਰਾਂ ਹਨ ਕਿ ਮੰਦਰ ਦੇ ਦੁਬਾਰਾ ਨਿਰਮਾਣ ਲਈ ਫੰਡ ਦਾ ਵੀ ਐਲਾਨ ਕੀਤਾ ਜਾਵੇਗਾ।
ਉਥੇ ਹੀ ਇਮਰਾਨ ਖਾਨ ਦੀ ਪਾਰਟੀ ਦੇ ਸੰਸਦ ਮੈਂਬਰ ਰਮੇਸ਼ ਵਾਂਕਵਾਨੀ ਦਾ ਕਹਿਣਾ ਹੈ ਕਿ ਪਾਕਿਸਤਾਨ 'ਚ ਅਜਿਹੇ ਮੰਦਰ ਤੇ ਗੁਰੂਦੁਆਰੇ ਹਨ ਜੋ ਅੱਜ ਵੀ ਬੰਦ ਹਨ। ਵੰਡ ਤੋਂ ਬਾਅਦ ਜਦੋਂ ਹਿੰਦੂ ਭਾਈਚਾਰੇ ਦੇ ਲੋਕ ਪਾਕਿਸਤਾਨ ਛੱਡ ਦੇ ਭਾਰਤ ਚਲੇ ਗਏ ਤਾਂ ਮੰਦਰਾਂ ਤੇ ਗੁਰੂਦੁਆਰਿਆਂ ਦੀ ਦੇਖ-ਭਾਲ ਕਰਨ ਵਾਲੀ ਕੋਈ ਨਹੀਂ ਸੀ। ਅਜਿਹੇ 'ਚ ਕੋਈ ਮੰਦਰ ਵਪਾਰਕ ਕੰਪਲੈਕਸ ਬਣ ਗਿਆ ਤੇ ਕੋਈ ਪਲਾਜ਼ਾ।
ਹਜ਼ਾਰਾਂ ਮੰਦਰ ਤੇ ਗੁਰੂਦੁਆਰੇ ਅਜੇ ਵੀ ਬੰਦ
ਪਾਕਿਸਤਾਨ 'ਚ ਜਦੋਂ 'ਇਵੈਕਿਊ ਟਰੱਸਟ ਪ੍ਰਾਪਰਟੀ ਬੋਰਡ' ਬਣਿਆ ਤਾਂ ਇਥੇ 1130 ਮੰਦਰ ਤੇ 517 ਅਜਿਹੇ ਗੁਰੂਦੁਆਰੇ ਸਨ, ਜੋ ਬੋਰਡ ਕਸਟਡੀ 'ਚ ਦਿੱਤੇ ਗਏ। ਅੱਜ ਉਨ੍ਹਾਂ 1130 ਮੰਦਰਾਂ 'ਚੋਂ ਸਿਰਫ 30 ਮੰਦਰ ਹੀ ਖੋਲ੍ਹੇ ਗਏ ਹਨ ਤੇ ਅਜੇ ਵੀ 1100 ਮੰਦਰ ਬੰਦ ਹਨ। ਉਥੇ ਹੀ 517 ਗੁਰੂਦੁਆਰਿਆਂ 'ਚੋਂ ਸਿਰਫ 17 ਗੁਰੂਦੁਆਰੇ ਹੀ ਚੱਲ ਰਹੇ ਹਨ ਤੇ ਬਾਕੀ ਬੰਦ ਹਨ। ਇਸ ਦੌਰਾਨ ਇਮਰਾਨ ਦੀ ਪਾਰਟੇ ਦੇ ਮੰਤਰੀ ਦਾ ਕਹਿਣਾ ਹੈ ਕਿ ਪੰਡਤ ਜਵਾਹਰ ਲਾਲ ਨਹਿਰੂ ਤੇ ਲਿਆਕਤ ਅਲੀ ਖਾਨ ਦੇ ਸਮਝੌਤੇ ਮੁਤਾਬਕ 'ਇਵੈਕਿਊਈ ਟਰੱਸਟ ਪ੍ਰਾਪਰਟੀ ਬੋਰਡ' ਦਾ ਪ੍ਰਧਾਨ ਹਿੰਦੂ ਹੋਣਾ ਚਾਹੀਦਾ ਹੈ, ਜਿਵੇਂ ਭਾਰਤ 'ਚ ਮਸਜਿਦਾਂ ਤੇ ਇਸਲਾਮਿਕ ਸੰਸਥਾਵਾਂ ਦਾ ਪ੍ਰਧਾਨ ਮੁਸਲਮਾਨ ਹੁੰਦਾ ਹੈ। ਪਰ ਅਫਸੋਸ ਦੀ ਗੱਲ ਹੈ ਕਿ ਹੁਣ ਤੱਕ ਪਾਕਿਸਤਾਨ 'ਚ ਕੋਈ ਹਿੰਦੂ ਇਸ ਦਾ ਪ੍ਰਧਾਨ ਨਹੀਂ ਬਣਿਆ। ਜੇਕਰ ਅਜਿਹਾ ਹੁੰਦਾ ਹੈ ਤਾਂ ਹੀ ਜਾ ਕੇ ਸਾਰੇ ਮੰਦਰ ਤੇ ਗੁਰੂਦੁਆਰੇ ਖੁੱਲ੍ਹ ਸਕਣਗੇ। ਜੇਕਰ ਕੋਈ ਹਿੰਦੂ ਇਸ ਦਾ ਪ੍ਰਧਾਨ ਨਾ ਬਣਿਆ ਤੇ ਹਰੇਕ ਸਾਲ 'ਚ ਇਕ ਮੰਦਰ ਖੁੱਲਦਾ ਹੈ ਤਾਂ 1100 ਮੰਦਰਾਂ ਨੂੰ ਖੁੱਲ੍ਹਣ 'ਚ ਕਿੰਨਾ ਸਮਾਂ ਲੱਗੇਗਾ।