ਭਾਰਤ-ਕੈਨੇਡਾ ਦੇ ਸਬੰਧਾਂ ''ਚ ਤਲਖੀ ਦਾ ਕੈਨੇਡਾ ''ਚ ਰਹਿੰਦੇ ਭਾਰਤੀਆਂ ''ਤੇ ਕੀ ਪਏਗਾ ਅਸਰ?

Monday, Oct 14, 2024 - 09:40 PM (IST)

ਨਵੀਂ ਦਿੱਲੀ: ਭਾਰਤ ਤੇ ਕੈਨੇਡਾ ਦੀ ਸਰਕਾਰ ਵਿਚਾਲੇ ਲਗਾਤਾਰ ਤਲਖੀ ਵਧਦੀ ਹੀ ਜਾ ਰਹੀ ਹੈ। ਪਹਿਲਾਂ ਟਰੂਡੋ ਸਰਕਾਰ ਨੇ ਭਾਰਤੀ ਹਾਈ ਕਮਿਸ਼ਨਰ ਨੂੰ ਤਲਬ ਕਰ ਕੇ ਹਰਦੀਪ ਸਿੰਘ ਨਿੱਝਰ ਮਾਮਲੇ ਵਿਚ ਉਨ੍ਹਾਂ 'ਪਰਸਨ ਆਫ ਇੰਟਰਸਟ' ਨਾਲ ਲਿੰਕ ਕੀਤਾ ਸੀ। ਇਸ ਸਭ ਤੋਂ ਬਾਅਦ ਭਾਰਤ ਸਰਕਾਰ ਨੇ ਵੀ ਆਪਣਾ ਸਖਤ ਰੁਖ ਦਿਖਾਇਆ ਹੈ। ਭਾਰਤ ਨੇ ਕੈਨੇਡਾ ਤੋਂ ਆਪਣੇ ਡਿਪਲੋਮੈਟਾਂ ਨੂੰ ਵਾਪਸ ਬੁਲਾਉਣ ਦਾ ਫੈਸਲਾ ਕੀਤਾ ਹੈ। ਭਾਰਤ ਸਰਕਾਰ ਦੇ ਇਸ ਫੈਸਲੇ ਨਾਲ ਕੈਨੇਡਾ ਵਿਚ ਭਾਰਤੀਆਂ ਨੂੰ ਮਿਲਣ ਵਾਲੀਆਂ ਸੇਵਾਵਾਂ 'ਤੇ ਕੀ ਅਸਰ ਪਏਗਾ ਇਸ ਨੂੰ ਲੈ ਕੇ ਪ੍ਰਵਾਸੀਆਂ ਦੇ ਇਸ ਵੇਲੇ ਸਾਹ ਰੁਕੇ ਹੋਣਗੇ ਕਿ ਹੁਣ ਉਨ੍ਹਾਂ ਦਾ ਕੀ ਬਣੇਗਾ? ਕੀ ਉਹ ਭਾਰਤ ਦੀ ਯਾਤਰਾ ਕਰ ਸਕਣਗੇ ਜਾਂ ਨਹੀਂ?

ਦੱਸ ਦਈਏ ਕਿ ਭਾਰਤ ਵਿਚ ਵਿਆਹਾਂ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ। ਵਿਦੇਸ਼ਾਂ ਤੋਂ ਲੱਖਾਂ ਦੀ ਗਿਣਤੀ ਵਿਚ ਐੱਨਆਰਆਈਜ਼ ਦਾ ਭਾਰਤ ਆਉਣਾ ਹੋਵੇਗਾ ਤੇ ਇਹ ਸਿਲਸਿਲਾ ਫਰਵਰੀ ਦੇ ਅਖੀਰ ਤੱਕ ਜਾਰੀ ਰਹੇਗਾ। ਲਿਹਾਜ਼ਾ ਲੋਕ ਪਰੇਸ਼ਾਨ ਹਨ ਪਰ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਭਾਰਤ ਵੱਲੋਂ ਬੰਦ ਕੀਤੀਆਂ ਸੇਵਾਵਾਂ ਦਾ ਆਮ ਲੋਕਾਂ 'ਤੇ ਬਹੁਤ ਜ਼ਿਆਦਾ ਅਸਰ ਨਹੀਂ ਪਵੇਗਾ।

ਕਿਉਂ ਨਹੀਂ ਪਏਗਾ ਜ਼ਿਆਦਾ ਅਸਰ?
ਕੈਨੇਡਾ ਦੀ 2021 ਦੀ ਮਰਦਮਸ਼ੁਮਾਰੀ ਦੇ ਮੁਤਾਬਕ ਭਾਰਤੀਆਂ ਦੀ ਕੈਨੇਡਾ ਵਿਚ ਆਬਾਦੀ ਤਕਰੀਬਨ 18 ਲੱਖ ਹੈ ਤੇ ਇਨ੍ਹਾਂ ਵਿਚੋਂ ਜ਼ਿਆਦਾਤਰ ਭਾਰਤ ਅਜਿਹੇ ਹਨ ਜਿਨ੍ਹਾਂ ਦੇ ਕੋਲ ਭਾਰਤ ਵੱਲੋਂ ਜਾਰੀ ਹੋਇਆ ਪਰਸਨ ਆਫ ਇੰਡੀਅਨ ਓਰਿਜਨ (ਪੀਆਈਓ) ਕਾਰਡ ਹੈ। ਭਾਰਤ ਵੱਲੋਂ ਬੰਦ ਕੀਤੀਆਂ ਵੀਜ਼ਾ ਸਰਵਿਸਿਜ਼ ਦਾ ਇਨ੍ਹਾਂ ਸਾਰਿਆਂ 'ਤੇ ਕੋਈ ਅਸਰ ਨਹੀਂ ਪਏਗਾ। ਇਸ ਤੋਂ ਇਲਾਵਾ ਭਾਰਤ ਦੇ ਤਿੰਨ ਲੱਖ ਤੋਂ ਵਧੇਰੇ ਵਿਦਿਆਰਥੀ ਕੈਨੇਡਾ ਵਿਚ ਪੜ੍ਹ ਰਹੇ ਹਨ ਤੇ ਉਨ੍ਹਾਂ ਦੇ ਕੋਲ ਭਾਰਤ ਪਾਸਪੋਰਟ ਹੈ ਤੇ ਕਿਸੇ ਵੀ ਭਾਰਤ ਪਾਸਪੋਰਟ ਹੋਲਡਰ ਨੂੰ ਭਾਰਤ ਦੀ ਯਾਤਰਾ ਕਰਨ ਲਈ ਕਿਸੇ ਤਰ੍ਹਾਂ ਦੇ ਵੀਜ਼ਾ ਦੀ ਲੋੜ ਨਹੀਂ ਪੈਂਦੀ।

ਕਿੰਨੇ ਲੋਕਾਂ ਕੋਲ OCI ਤੇ POI ਕਾਰਡ
ਭਾਰਤ ਸਰਕਾਰ ਨੇ 9 ਜਨਵਰੀ 2015 ਤੋਂ ਪਹਿਲਾਂ ਵਿਦੇਸ਼ਾਂ ਵਿਚ ਰਹਿਣ ਵਾਲੇ ਭਾਰਤੀਆਂ ਨੂੰ ਪੀਆਈਓ ਕਾਰਡ ਜਾਰੀ ਕਰਦੀ ਸੀ ਪਰ ਇਨ੍ਹਾਂ ਕਾਰਡਾਂ ਨੂੰ 9 ਜਨਵਰੀ 2015 ਨੂੰ ਬੰਦ ਕਰ ਦਿੱਤਾ ਗਿਆ। ਇਸ ਹਾਲਤ ਵਿਚ ਜਿੰਨੇ ਵੀ ਭਾਰਤੀ ਦੇ ਕੋਲ ਪੀਆਈਓ ਕਾਰਡ ਸਨ, ਉਨ੍ਹਾਂ ਨੂੰ ਓਆਈਸੀ ਕਾਰਡ ਧਾਰਕ ਮੰਨ ਲਿਆ ਗਿਆ। ਵਿਦੇਸ਼ ਮੰਤਰਾਲਾ ਦੇ ਮੁਤਾਬਕ ਕੈਨੇਡਾ ਵਿਚ 15 ਲੱਖ ਤੋਂ ਵਧੇਰੇ ਪੀਆਈਓ ਕਾਰਡ ਧਾਰਕ ਹਨ। ਲਿਹਾਜ਼ਾ ਇਨ੍ਹਾਂ ਲੋਕਾਂ ਨੂੰ ਭਾਰਤ ਵਿਚ ਵਿਜ਼ਿਟ ਕਰਨ ਵਿਚ ਕੋਈ ਪਰੇਸ਼ਾਨੀ ਨਹੀਂ ਹੋਵੇਗੀ। ਜਦਕਿ ਭਾਰਤੀ ਵਿਦਿਆਰਥੀ ਭਾਰਤੀ ਪਾਸਪੋਰਟ 'ਤੇ ਕਿਸੇ ਵੀ ਵੇਲੇ ਭਾਰਤ ਵਾਪਸ ਆ ਸਕਦੇ ਹਨ। ਲਿਹਾਜ਼ਾ ਇਸ ਦਾ ਬਹੁਤ ਜ਼ਿਆਦਾ ਅਸਰ ਨਹੀਂ ਪਵੇਗਾ।

ਪੀਆਈਓ ਤੇ ਓਸੀਆਈ ਕਾਰਡ ਵਿਚ ਫਰਕ
ਭਾਰਤ ਦਾ ਸੰਵਿਧਾਨ ਲਾਗੂ ਹੋਣ ਦੇ ਦਿਨ (26 ਜਨਵਰੀ 1950) ਤਕ ਹੋ ਵਿਅਕਤੀ ਭਾਰਤ ਦੇ ਨਾਗਰਿਕ ਸਨ, ਭਾਰਤ ਉਨ੍ਹਾਂ ਪਹਿਲਾਂ ਨੂੰ ਪਰਸਨ ਆਫ ਇੰਡੀਅਨ ਓਰਿਜਨ ਕਾਰਡ ਜਾਰੀ ਕਰਦਾ ਸੀ। ਪੀਆਈਓ ਕਾਰਡ ਜਾਰੀ ਹੋਣ ਦੇ 15 ਸਾਲਾਂ ਦੇ ਅੰਦਰ ਉਹ ਕਦੇ ਵੀ ਭਾਰਤ ਦੀ ਯਾਤਰਾ ਕਰ ਸਕਦੇ ਹਨ ਪਰ ਜੇਕਰ 180 ਦਿਨਾਂ ਤੋਂ ਵਧੇਰੇ ਭਾਰਤ ਵਿਚ ਰੁਕਦੇ ਹਨ ਤਾਂ ਉਨ੍ਹਾਂ ਨੂੰ ਇਸ ਦੀ ਸੂਚਨਾ ਸਥਾਨਕ ਪੁਲਸ ਸਟੇਸ਼ਨ ਨੂੰ ਦੇਣੀ ਪਵੇਗੀ। ਪੀਆਈਓ ਕਾਰਡ ਧਾਰਕ ਭਾਰਤ ਦੀ ਨਾਗਰਿਕਤਾ ਹਾਸਲ ਨਹੀਂ ਕਰ ਸਕਦੇ।

ਇਸ ਦੇ ਉਲਟ ਓਸੀਆਈ ਕਾਰਡ ਹੋਲਡਰ ਕਦੇ ਵੀ ਭਾਰਤ ਦੀ ਯਾਤਰਾ ਕਰ ਸਕਦੇ ਹਨ ਤੇ ਮਰਜ਼ੀ ਦੇ ਮੁਤਾਬਕ ਭਾਰਤ ਵਿਚ ਰਹਿ ਸਕਦੇ ਹਨ। ਉਨ੍ਹਾਂ ਲੰਬੇ ਸਮੇਂ ਤਕ ਭਾਰਤ ਵਿਚ ਰਹਿਣ ਦੇ ਬਾਵਜੂਦ ਇਸ ਦੀ ਸੂਚਨਾ ਸਥਾਨਕ ਪੁਲਸ ਸਟੇਸ਼ਨ ਨੂੰ ਦੇਣ ਦੀ ਲੋੜ ਨਹੀਂ ਹੁੰਦੀ। ਜੇਕਰ ਕੋਈ ਵਿਅਕਤੀ 5 ਸਾਲ ਤਕ ਓਸੀਆਈ ਕਾਰਡ ਹੋਲਡਰ ਰਹਿੰਦਾ ਹੈ ਤਾਂ ਇਸ ਦੌਰਾਨ ਉਹ ਇਕ ਸਾਲ ਭਾਰਤ ਵਿਚ ਰਹਿੰਦਾ ਹੈ ਤਾਂ ਸਿਟੀਜ਼ਨਸ਼ਿਪ ਐਕਟ ਦੀ ਧਾਰਾ 5-1 (ਜੀ) ਅਧੀਨ ਭਾਰਤ ਦੀ ਨਾਗਰਿਕਤਾ ਹਾਸਲ ਕਰਨ ਦਾ ਹੱਕਦਾਰ ਹੋ ਜਾਂਦਾ ਹੈ। ਓਸੀਆਈ ਕਾਰਡ ਹੋਲਡਰ ਨੂੰ ਐਨਆਰਆਈ ਦੀ ਤਰ੍ਹਾਂ ਭਾਰਤ ਵਿਚ ਸਿੱਖਿਆ ਤੇ ਆਰਥਿਕ ਅਧਿਕਾਰ ਮਿਲਦੇ ਹਨ। ਪਰ ਇਹ ਨਾਗਰਿਕ ਭਾਰਤ ਵਿਚ ਨਾ ਤਾਂ ਵੋਟ ਕਰ ਸਕਦੇ ਹਨ ਤੇ ਨਾ ਹੀ ਕਿਸੇ ਸੰਵਿਧਾਨਕ ਅਹੁਦੇ 'ਤੇ ਰਹਿ ਸਕਦੇ ਹਨ।


Baljit Singh

Content Editor

Related News