Sawan 2025: ਸੋਮਵਾਰ ਦਾ ਵਰਤ ਰੱਖਣ ’ਤੇ ਕੀ ਖਾਣਾ ਚਾਹੀਦੈ ਤੇ ਕੀ ਨਹੀਂ, ਜਾਣਨ ਲਈ ਪੜ੍ਹੋ ਇਹ ਖ਼ਬਰ
Monday, Jul 07, 2025 - 12:12 PM (IST)

ਜਲੰਧਰ (ਬਿਊਰੋ) - ਪਵਿੱਤਰ ਸਾਵਣ ਮਹੀਨਾ ਭਗਵਾਨ ਸ਼ਿਵ ਨੂੰ ਬੇਹੱਦ ਪਿਆਰਾ ਹੈ। ਭਗਵਾਨ ਸ਼ਿਵ ਜੀ ਦੇ ਭਗਤਾਂ ਨੂੰ ਹਰ ਸਾਲ ਸਾਵਣ ਦੇ ਪਵਿੱਤਰ ਮਹੀਨੇ ਦੀ ਉਡੀਕ ਰਹਿੰਦੀ ਹੈ। ਸਾਵਣ ਦੇ ਮਹੀਨੇ ਭਗਵਾਨ ਸ਼ਿਵ ਜੀ ਦਾ ਆਸ਼ੀਰਵਾਦ ਲੈਣ ਲਈ ਸ਼ਰਧਾਲੂ ਹਰੇਕ ਸੋਮਵਾਰ ਵਰਤ ਰੱਖ ਕੇ ਸ਼ਿਵਲਿੰਗ 'ਤੇ ਜਲ ਅਭਿਸ਼ੇਕ ਕਰਦੇ ਹਨ। ਸਾਵਣ ਦੇ ਮਹੀਨੇ ਭਗਵਾਨ ਸ਼ਿਵ ਜੀ ਨੂੰ ਜਲ ਦੇ ਨਾਲ ਬੇਲਪੱਤਰ, ਧਤੂਰਾ, ਸ਼ਮੀ ਦੇ ਪੱਤੇ ਆਦਿ ਚੜ੍ਹਾਉਣਾ ਸ਼ੁਭ ਮੰਨਿਆ ਜਾਂਦਾ ਹੈ। ਪੌਰਾਣਿਕ ਮਾਨਤਾਵਾਂ ਅਨੁਸਾਰ ਜੇਕਰ ਕੋਈ ਸ਼ਰਧਾਲੂ ਸਾਵਣ ਦੇ ਸੋਮਵਾਰ ਦਾ ਵਰਤ ਰੱਖਦਾ ਹੈ ਤਾਂ ਉਸ ਦੇ ਵਿਆਹੁਤਾ ਜੀਵਨ ਵਿੱਚ ਖੁਸ਼ਹਾਲੀ ਆਉਂਦੀ ਹੈ। ਭਗਵਾਨ ਸ਼ਿਵ ਤੋਂ ਮਨਪੰਸਦ ਜੀਵਨ ਸਾਥੀ ਦੀ ਮੰਗ ਨੂੰ ਲੈ ਕੇ ਅਣਵਿਆਹੀਆਂ ਕੁੜੀਆਂ ਸਾਵਣ ਦੇ ਮਹੀਨੇ ਸੋਮਵਾਰ ਦਾ ਵਰਤ ਰੱਖਦੀਆਂ ਹਨ।
ਕਦੋਂ ਸ਼ੁਰੂ ਹੋ ਰਿਹਾ ਸਾਵਣ ਦਾ ਮਹੀਨਾ?
ਪੰਚਾਂਗ ਅਨੁਸਾਰ ਇਸ ਸਾਲ ਸਾਵਣ ਦਾ ਮਹੀਨਾ 11 ਜੁਲਾਈ 2025 ਤੋਂ ਸ਼ੁਰੂ ਹੋ ਰਿਹਾ ਹੈ, ਜੋ 9 ਅਗਸਤ 2025 ਨੂੰ ਖ਼ਤਮ ਹੋਵੇਗਾ। ਇਸ ਸਾਲ ਸਾਵਣ ਰੱਖੜੀ ਵਾਲੇ ਦਿਨ ਖਤਮ ਹੋਵੇਗਾ, ਜੋ ਕਿ 9 ਅਗਸਤ ਨੂੰ ਹੀ ਹੈ। ਮਾਨਤਾਵਾਂ ਅਨੁਸਾਰ ਭਗਵਾਨ ਸ਼ਿਵ ਦਾ ਆਸ਼ੀਰਵਾਦ ਲੈਣ ਲਈ ਸੋਮਵਾਰ ਦਾ ਵਰਤ ਰੱਖਣਾ ਬਹੁਤ ਜ਼ਰੂਰੀ ਹੈ। ਸੋਮਵਾਰ ਦਾ ਵਰਤ ਰੱਖਣ ਦੇ ਕਿਹੜੇ ਨਿਯਮ ਹਨ ਅਤੇ ਇਸ ਦੌਰਾਨ ਤੁਹਾਨੂੰ ਕੀ ਖਾਣਾ ਚਾਹੀਦਾ ਹੈ ਅਤੇ ਕੀ ਨਹੀਂ, ਦੇ ਬਾਰੇ ਜਾਣਦੇ ਹਾਂ....
ਸਾਵਣ ਮਹੀਨੇ ਦੇ ਵਰਤ
ਪਹਿਲਾ ਸੋਮਵਾਰ : 14 ਜੁਲਾਈ, 2025
ਦੂਜਾ ਸੋਮਵਾਰ : 21 ਜੁਲਾਈ, 2025
ਤੀਜਾ ਸੋਮਵਾਰ : 28 ਜੁਲਾਈ, 2025
ਚੌਥਾ ਸੋਮਵਾਰ : 4 ਜੁਲਾਈ, 2025
ਜਨਾਨੀਆਂ ਅਤੇ ਅਣਵਿਆਹੀਆਂ ਕੁੜੀਆਂ ਰੱਖਦੀਆਂ ਨੇ ਸਾਵਣ ਦਾ ਵਰਤ
ਜੋਤਿਸ਼ ਸ਼ਾਸਤਰ ਅਨੁਸਾਰ ਸਾਵਣ ਦੇ ਮਹੀਨੇ ਸੋਮਵਾਰ ਦਾ ਵਰਤ ਜਨਾਨੀਆਂ ਅਤੇ ਅਣਵਿਆਹੀਆਂ ਕੁੜੀਆਂ ਲਈ ਬਹੁਤ ਖ਼ਾਸ ਹੁੰਦਾ ਹੈ। ਅਣਵਿਆਹੀਆਂ ਕੁੜੀਆਂ ਮਨਚਾਹੇ ਲਾੜੇ ਦੀ ਪ੍ਰਾਪਤੀ ਲਈ ਸੋਮਵਾਰ ਦਾ ਵਰਤ ਰੱਖਦੀਆਂ ਹਨ। ਉਥੇ ਹੀ ਦੂਜੇ ਪਾਸੇ ਵਿਆਹੁਤਾ ਜਨਾਨੀ ਆਪਣੇ ਪਤੀ ਦੀ ਚੰਗੀ ਸਿਹਤ ਅਤੇ ਲੰਬੀ ਉਮਰ ਲਈ ਇਹ ਵਰਤ ਰੱਖਦੀ ਹੈ। ਜੋ ਲੋਕ ਸੋਮਵਾਰ ਦਾ ਵਰਤ ਰੱਖਦੇ ਹਨ ਉਹ ਭੋਜਨ ਵਿਚ ਪਿਆਜ਼, ਲਸਣ ਦਾ ਇਸਤੇਮਾਲ ਨਹੀਂ ਕਰਦੇ ਅਤੇ ਨਾ ਹੀ ਇਸ ਤੋਂ ਬਣਨ ਵਾਲੀਆਂ ਚੀਜ਼ਾਂ ਖਾਂਦੇ ਹਨ। ਆਇਓਡੀਨ ਵਾਲੇ ਲੂਣ ਦਾ ਸੇਵਨ ਕਰਨ ਨਾਲ ਵਰਤ ਟੁੱਟ ਜਾਂਦਾ ਹੈ। ਜੇਕਰ ਤੁਸੀਂ ਸਾਵਣ ਸੋਮਵਾਰ ਦਾ ਵਰਤ ਸ਼ਾਮ ਨੂੰ ਤੋੜ ਰਹੇ ਹੋ ਤਾਂ ਗਲਤੀ ਨਾਲ ਵੀ ਹਰੀਆਂ ਸਬਜ਼ੀਆਂ, ਗੋਭੀ, ਬੈਂਗਣ ਅਤੇ ਪਰਵਲ ਦਾ ਸੇਵਨ ਨਾ ਕਰੋ। ਇਸ ਨਾਲ ਵਰਤ ਟੁੱਟ ਸਕਦਾ ਹੈ।
ਜਾਣੋ ਵਰਤ ਦੇ ਸਮੇਂ ਕੀ ਖਾਣਾ ਚਾਹੀਦਾ
. ਸਾਵਣ ਮਹੀਨੇ ਦੇ ਸੋਮਵਾਰ ਵਾਲੇ ਵਰਤ ’ਚ ਨਿਯਮਾਂ ਅਨੁਸਾਰ ਸਾਤਵਿਕ ਭੋਜਨ ਦਾ ਹੀ ਸੇਵਨ ਕਰਨਾ ਚਾਹੀਦਾ ਹੈ।
. ਤੁਸੀਂ ਸਾਦੇ ਲੂਣ ਦੀ ਥਾਂ ਸੇਧਾ ਲੂਣ ਦੀ ਵਰਤੋਂ ਕਰ ਸਕਦੇ ਹੋ।
. ਇਸ ਤੋਂ ਇਲਾਵਾ ਤੁਸੀਂ ਮੌਸਮੀ ਫਲਾਂ ਦਾ ਸੇਵਨ ਵੀ ਕਰ ਸਕਦੇ ਹੋ।
. ਵਰਤ ਰੱਖਣ ਵਾਲੇ ਲੋਕ ਘਰ ਵਿਚ ਮਖਾਨਾ ਬਰਫੀ ਬਣਾ ਕੇ ਇਸ ਦਾ ਸੇਵਨ ਕਰ ਸਕਦੇ ਹਨ।
. ਜੇਕਰ ਤੁਸੀਂ ਫਲ ਖਾਣ ਵਾਲਾ ਵਰਤ ਰੱਖਦੇ ਹੋ ਤਾਂ ਤੁਸੀਂ ਸੇਬ, ਕੇਲਾ, ਅਨਾਰ ਆਦਿ ਦਾ ਸੇਵਨ ਕਰ ਸਕਦੇ ਹੋ।
. ਤੁਸੀਂ ਸਾਬੂਦਾਨਾ, ਦੁੱਧ, ਦਹੀਂ, ਮੱਖਣ ਅਤੇ ਪਨੀਰ ਦਾ ਸੇਵਨ ਵੀ ਕਰ ਸਕਦੇ ਹੋ।
. ਸਾਵਣ ਦੇ ਵਰਤ ਦੌਰਾਨ ਆਲੂ ਅਤੇ ਸਾਬੂਦਾਣੇ ਦਾ ਸੇਵਨ ਵੀ ਕੀਤਾ ਜਾ ਸਕਦਾ ਹੈ।
. ਇਸ ਦੌਰਾਨ ਸਾਗ ਦੀ ਖਿਚੜੀ, ਵੜਾ ਜਾਂ ਖੀਰ ਖਾਧੀ ਜਾ ਸਕਦੀ ਹੈ।
ਵਰਤ ਦੌਰਾਨ ਭੁੱਲ ਕੇ ਨਾ ਖਾਓ ਇਹ ਚੀਜਾਂ
ਮਾਨਤਾਵਾਂ ਅਨੁਸਾਰ ਸਾਵਣ ਦੇ ਮਹੀਨੇ ਸੋਮਵਾਰ ਵਾਲੇ ਦਿਨ ਦਾ ਵਰਤ ਰੱਖਣ ਵਾਲੇ ਲੋਕਾਂ ਨੂੰ ਭੋਜਨ ਦਾ ਸੇਵਨ ਨਹੀਂ ਕਰਨਾ ਚਾਹੀਦਾ।
. ਇਸ ਤੋਂ ਇਲਾਵਾ ਆਟਾ, ਬੇਸਨ, ਛੋਲੇ, ਸੱਤੂ, ਦਾਣੇ ਆਦਿ ਦਾ ਸੇਵਨ ਨਹੀਂ ਕਰਨਾ ਚਾਹੀਦਾ।
. ਸਾਵਣ ਦੇ ਮਹੀਨੇ ਮੀਟ, ਸ਼ਰਾਬ, ਲਸਣ, ਧਨੀਆ ਪਾਊਡਰ, ਮਿਰਚ ਅਤੇ ਸਾਦਾ ਲੂਣ ਦੀ ਵਰਤੋਂ ਨਹੀਂ ਕਰਨੀ ਚਾਹੀਦੀ।
. ਇਸ ਮਹੀਨੇ ਮਾਲਿਸ਼ ਕਰਵਾਉਣਾ ਵਰਜਿਤ ਮੰਨਿਆ ਜਾਂਦਾ ਹੈ।
. ਸਾਵਣ ਦੇ ਮਹੀਨੇ ਦਾੜ੍ਹੀ ਤੇ ਵਾਲ ਨਹੀਂ ਕਟਵਾਏ ਜਾਂਦੇ।
. ਸਾਵਣ ਮਹੀਨੇ ਤਾਂਬੇ ਦੇ ਭਾਂਡਿਆਂ 'ਚ ਖਾਣਾ ਨਹੀਂ ਖਾਣਾ ਚਾਹੀਦਾ।