ਪੱਛਮੀ ਬੰਗਾਲ 23, 25 ਤੇ 29 ਜੁਲਾਈ ਨੂੰ ਰਹੇਗਾ ਪੂਰਾ ਲਾਕਡਾਊਨ

07/21/2020 9:56:01 PM

ਕੋਲਕਾਤਾ— ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਪੱਛਮੀ ਬੰਗਾਲ ’ਚ 23, 25 ਅਤੇ 29 ਜੁਲਾਈ ਨੂੰ ਪੂਰੀ ਤਰ੍ਹਾਂ ਲਾਕਡਾਊਨ ਰਹੇਗਾ। ਸਰਕਾਰੀ ਅਧਿਕਾਰੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।

ਉਨ੍ਹਾਂ ਕਿਹਾ ਕਿ ਲਾਕਡਾਊਨ ਦੌਰਾਨ ਸਾਰੇ ਸਰਕਾਰੀ ਅਤੇ ਨਿੱਜੀ ਦਫ਼ਤਰ, ਕਾਰੋਬਾਰੀ ਅਦਾਰੇ, ਸਰਕਾਰੀ ਅਤੇ ਨਿੱਜੀ ਆਵਾਜਾਈ ਦੇ ਨਾਲ-ਨਾਲ ਐਮਰਜੈਂਸੀ ਸੇਵਾਵਾਂ ਨੂੰ ਛੱਡ ਕੇ ਹੋਰ ਗਤੀਵਧੀਆਂ ’ਤੇ ਪਾਬੰਦੀ ਰਹੇਗੀ।
ਤਿੰਨ ਦਿਨਾਂ ਦੌਰਾਨ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਵਿਚਕਾਰੀ ਲੋਕਾਂ ਦੀ ਆਵਾਜਾਈ ਪੂਰੀ ਤਰ੍ਹਾਂ ਨਾਲ ਬੰਦ ਰਹੇਗੀ। ਪੱਛਮੀ ਬੰਗਾਲ ਸਰਕਾਰ ਨੇ ਸੋਮਵਾਰ ਨੂੰ ਕਿਹਾ ਸੀ ਕਿ ਸੂਬੇ ਦੇ ਕੁਝ ਖੇਤਰਾਂ ’ਚ ਕੋਰੋਨਾ ਵਾਇਰਸ ਦਾ ਕਮਿਊਨਿਟੀ ਟ੍ਰਾਂਸਮਿਸ਼ਨ ਦਰਜ ਕੀਤਾ ਗਿਆ ਹੈ। ਸਰਕਾਰ ਨੇ ਵਾਇਰਸ ਦੇ ਫੈਲਣ ਨੂੰ ਰੋਕਣ ਲਈ 31 ਅਗਸਤ ਤੱਕ ਹਰ ਹਫ਼ਤੇ ਦੋ ਦਿਨ ਲਈ ਪੂਰਣ ਲਾਕਡਾਊਨ ਦੀ ਘੋਸ਼ਣਾ ਕੀਤੀ ਸੀ। ਅਧਿਕਾਰੀ ਨੇ ਕਿਹਾ ਕਿ ਇਸ ਹਫ਼ਤੇ ਵੀਰਵਾਰ (23 ਜੁਲਾਈ) ਅਤੇ ਸ਼ਨੀਵਾਰ (25 ਜੁਲਾਈ) ਨੂੰ ਪੂਰਣ ਲਾਕਡਾਊਨ ਰਹੇਗਾ। ਉਨ੍ਹਾਂ ਦੱਸਿਆ ਕਿ ਅਗਲੇ ਹਫ਼ਤੇ ਬੁੱਧਵਾਰ (29 ਜੁਲਾਈ) ਨੂੰ ਲਾਕਡਾਊਨ ਲਾਗੂ ਹੋਵੇਗਾ। ਅਧਿਕਾਰੀ ਨੇ ਦੱਸਿਆ ਕਿ ਅਗਲੇ ਹਫ਼ਤੇ ਪੂਰਣ ਲਾਕਡਾਊਨ ਦੇ ਦੂਜੇ ਦਿਨ ਬਾਰੇ ਸੋਮਵਾਰ ਨੂੰ ਪ੍ਰਸਤਾਵਿਤ ਇਕ ਸਮੀਖਿਆ ਬੈਠਕ ਤੋਂ ਬਾਅਦ ਫ਼ੈਸਲਾ ਲਿਆ ਜਾਵੇਗਾ।


Sanjeev

Content Editor

Related News