ਪੱਛਮੀ ਬੰਗਾਲ : ਸਕੂਲ ''ਚ ਜਮਾਤ ਦੀ ਖਿੜਕੀ ਤੋਂ ਡਿੱਗਣ ਕਾਰਨ ਵਿਦਿਆਰਥੀ ਦੀ ਮੌਤ

07/09/2019 11:17:13 AM

ਸਿਲੀਗੁੜੀ (ਭਾਸ਼ਾ)— ਪੱਛਮੀ ਬੰਗਾਲ ਦੇ ਫੁਲਬਾੜੀ ਵਿਚ ਇਕ ਸਕੂਲ ਇਮਾਰਤ ਦੀ ਦੂਜੀ ਮੰਜ਼ਿਲ ਦੀ ਖੁੱਲ੍ਹੀ ਖਿੜਕੀ ਤੋਂ ਡਿੱਗਣ ਕਰ ਕੇ 9ਵੀਂ ਜਮਾਤ ਦੇ ਇਕ ਵਿਦਿਆਰਥੀ ਦੀ ਮੌਤ ਹੋ ਗਈ, ਜਦਕਿ ਉਸ ਦਾ ਸਹਿਪਾਠੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਦੋਵੇਂ ਵਿਦਿਆਰਥੀ ਆਪਣੀ ਜਮਾਤ ਦੀ ਖਿੜਕੀ ਤੋਂ ਹੀ ਡਿੱਗੇ ਸਨ। ਪ੍ਰਿੰਸੀਪਲ ਟੀ. ਰਜਨੀ ਪ੍ਰਸਾਦ ਨੇ ਦੱਸਿਆ ਕਿ ਇਹ ਘਟਨਾ ਸੋਮਵਾਰ ਨੂੰ ਲੰਚ ਟਾਈਮ ਵਿਚ ਵਾਪਰੀ। ਦੋਹਾਂ ਵਿਦਿਆਰਥੀਆਂ ਨੇ ਰਿਸ਼ਭ ਆਰੀਆ ਅਤੇ ਰਿਤਿਕ ਕੁਮਾਰ ਨੇ ਇਕ-ਦੂਜੇ ਨੂੰ ਧੱਕਾ ਦਿੱਤਾ ਸੀ, ਜਿਸ ਤੋਂ ਬਾਅਦ ਦੋਹਾਂ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਖਿੜਕੀ ਤੋਂ ਬਾਹਰ ਡਿੱਗ ਗਏ। ਪ੍ਰਿੰਸੀਪਲ ਨੇ ਕਿਹਾ ਕਿ ਬਦਕਿਸਮਤੀ ਨਾਲ ਜਿਸ ਖਿੜਕੀ ਤੋਂ ਉਹ ਡਿੱਗੇ, ਉਸ ਵਿਚ ਗਰਿੱਲ ਨਹੀਂ ਲੱਗੀ ਹੋਈ ਸੀ। ਮੈਨੂੰ ਇਸ ਬਾਰੇ ਜਾਣਕਾਰੀ ਨਹੀਂ ਸੀ ਕਿ ਗਰਿੱਲ ਟੁੱਟ ਗਈ ਸੀ ਅਤੇ ਉਸ ਨੂੰ 3 ਦਿਨ ਪਹਿਲਾਂ ਉੱਥੋਂ ਹਟਾ ਦਿੱਤਾ ਗਿਆ ਸੀ।
ਉਨ੍ਹਾਂ ਨੇ ਦੱਸਿਆ ਕਿ ਦੋਹਾਂ ਵਿਦਿਆਰਥੀਆਂ ਨੂੰ ਤੁਰੰਤ ਨਿਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਬਿਹਾਰ ਦੇ ਰਹਿਣ ਵਾਲੇ ਰਿਸ਼ਭ ਆਰੀਆ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਉੱਥੇ ਹੀ ਗੰਭੀਰ ਰੂਪ ਨਾਲ ਜ਼ਖਮੀ ਰਿਤਿਕ ਦੇ ਪਿਤਾ ਨੇ ਦੱਸਿਆ ਕਿ ਉਸ ਦਾ ਖੱਬਾ ਹੱਥ ਟੁੱਟ ਗਿਆ। ਓਧਰ ਪੱਛਮੀ ਬੰਗਾਲ ਦੇ ਸੈਰ-ਸਪਾਟਾ ਮੰਤਰੀ ਗੌਤਮ ਦੇਬ ਨੇ ਸਕੂਲ ਪ੍ਰਸ਼ਾਸਨ ਅਤੇ ਦੋਹਾਂ ਵਿਦਿਆਰਥੀਆਂ ਦੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਅਤੇ ਇਸ ਘਟਨਾ ਨੂੰ ਬਦਕਿਸਮਤੀ ਦੱਸਿਆ। ਪੁਲਸ ਨੇ ਸਕੂਲ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰਾ ਸਿਸਟਮ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਹੈ ਅਤੇ ਉਨ੍ਹਾਂ ਨੇ ਸਕੂਲ ਦੇ ਗਾਰਡ ਤੋਂ ਵੀ ਪੁੱਛ-ਗਿੱਛ ਕੀਤੀ ਹੈ।


Tanu

Content Editor

Related News