ਭਾਜਪਾ ਦੁਨੀਆ ਦੀ ਸਭ ਤੋਂ ਵੱਡੀ ‘ਤੋਲਾਬਾਜ਼’ ਪਾਰਟੀ: ਮਮਤਾ ਬੈਨਰਜੀ

Saturday, Mar 20, 2021 - 05:09 PM (IST)

ਭਾਜਪਾ ਦੁਨੀਆ ਦੀ ਸਭ ਤੋਂ ਵੱਡੀ ‘ਤੋਲਾਬਾਜ਼’ ਪਾਰਟੀ: ਮਮਤਾ ਬੈਨਰਜੀ

ਕੋਲਕਾਤਾ— ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸ਼ਨੀਵਾਰ ਨੂੰ ਭਾਜਪਾ ਦੀ ਆਲੋਚਨਾ ਕਰਦੇ ਹੋਏ ਉਸ ਨੂੰ ਦੁਨੀਆ ਵਿਚ ਸਭ ਤੋਂ ਵੱਡੀ ਤੋਲਾਬਾਜ਼ (ਵਸੂਲੀ ਕਰਨ ਵਾਲੀ) ਪਾਰਟੀ ਦੱਸਿਆ। ਮਮਤਾ ਨੇ ਕਿਹਾ ਕਿ ਭਾਜਪਾ ਨੂੰ ਸੂਬੇ ਵਿਚ ਕਦੇ ਵੀ ਸੱਤਾ ’ਚ ਨਹੀਂ ਆਉਣ ਦੇਣਾ ਚਾਹੀਦਾ। ਪੂਰਬੀ ਮੇਦੀਨੀਪੁਰ ਜ਼ਿਲ੍ਹੇ ਦੇ ਹਲਦੀਆ ਵਿਚ ਇਕ ਚੋਣਾਵੀ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਮਮਤਾ ਨੇ ਭਗਵਾ ਪਾਰਟੀ ’ਤੇ ਦੰਗਿਆਂ ਦੀ ਸਾਜਿਸ਼ ਰਚਣ, ਲੋਕਾਂ ਦੇ ਕਤਲ ਕਰਨ ਅਤੇ ਦਲਿਤ ਕੁੜੀਆਂ ਨੂੰ ਪਰੇਸ਼ਾਨ ਕਰਨ ਦਾ ਵੀ ਦੋਸ਼ ਲਾਇਆ। ਉਨ੍ਹਾਂ ਨੇ ਕਿਹਾ ਕਿ ਭਾਜਪਾ ਦੁਨੀਆ ਵਿਚ ਸਭ ਤੋਂ ਵੱਡੀ ਤੋਲਾਬਾਜ਼ ਪਾਰਟੀ ਹੈ। ਜੇਕਰ ਪੱਛਮੀ ਬੰਗਾਲ ਦੇ ਲੋਕ ਸ਼ਾਂਤੀ ਅਤੇ ਦੰਗਿਆਂ ਤੋਂ ਮੁਕਤ ਸੂਬਾ ਚਾਹੁੰਦੇ ਹਨ ਤਾਂ ਤ੍ਰਿਣਮੂਲ ਕਾਂਗਰਸ ਹੀ ਇਕਮਾਤਰ ਬਦਲ ਹੈ। ਮੁੱਖ ਮੰਤਰੀ ਮਮਤਾ ਨੇ ਕਿਹਾ ਕਿ ਸੂਬੇ ਦੇ ਕਿਸਾਨਾਂ ਨੂੰ ਦਿੱਤੀ ਜਾਣ ਵਾਲੀ ਵਿੱਤੀ ਮਦਦ 6,000 ਰੁਪਏ ਤੋਂ ਵਧਾ ਕੇ 10,000 ਰੁਪਏ ਪ੍ਰਤੀ ਸਾਲ ਕੀਤੀ ਜਾਵੇਗੀ ਅਤੇ ਉਨ੍ਹਾਂ ਦੇ ਘਰਾਂ ’ਚ ਮੁਫ਼ਤ ਰਾਸ਼ਨ ਦਿੱਤਾ ਜਾਵੇਗਾ।

ਮਮਤਾ ਬੈਨਰਜੀ ਨੇ ਕਿਹਾ ਕਿ ਲੋਕਾਂ ਦੇ ਕਤਲ ਲਈ ਜਿਸ ਪਾਰਟੀ ਨੇ ਦੰਗੇ ਕਰਵਾਏ, ਉਸ ਨੂੰ ਕਦੇ ਬੰਗਾਲ ’ਚ ਸ਼ਾਸਨ ਨਾ ਕਰਨ ਦੇਣਾ। ਭਾਜਪਾ ਵਿਚ ਤਾਂ ਬੀਬੀਆਂ ਸੁਰੱਖਿਅਤ ਨਹੀਂ ਹਨ। ਮਮਤਾ ਨੇ ਕਿਹਾ ਕਿ ਭਾਜਪਾ ਲੋਕਤੰਤਰੀ ਤਰੀਕੇ ਨਾਲ ਚੋਣ ਨਹੀਂ ਲੜ ਸਕਦੀ। ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਸਭ ਕੁਝ ਵੇਚਣ ਦਾ ਦੋਸ਼ ਲਾਇਆ। ਇਸ ਮਹੀਨੇ ਦੀ ਸ਼ੁਰੂਆਤ ਵਿਚ ਚੋਣ ਪ੍ਰਚਾਰ ਦੌਰਾਨ ਸੱਟ ਲੱਗਣ ਕਾਰਨ ਮਮਤਾ ਵ੍ਹੀਲ ਚੇਅਰ ’ਤੇ ਹੈ। ਦੱਸ ਦੇਈਏ ਕਿ ਪੱਛਮੀ ਬੰਗਾਲ ਵਿਚ 8 ਪੜਾਵਾਂ ’ਚ 27 ਮਾਰਚ ਤੋਂ ਚੋਣਾਂ ਹੋਣਗੀਆਂ।  


author

Tanu

Content Editor

Related News