ਪੱਛਮੀ ਬੰਗਾਲ ਨੇ 6 ਸ਼ਹਿਰਾਂ ਤੋਂ ਉਡਾਣਾਂ 'ਤੇ ਲਾਈ ਰੋਕ ਹੋਰ ਅੱਗੇ ਵਧਾਈ

Saturday, Jul 18, 2020 - 04:52 PM (IST)

ਪੱਛਮੀ ਬੰਗਾਲ ਨੇ 6 ਸ਼ਹਿਰਾਂ ਤੋਂ ਉਡਾਣਾਂ 'ਤੇ ਲਾਈ ਰੋਕ ਹੋਰ ਅੱਗੇ ਵਧਾਈ

ਕੋਲਕਾਤਾ— ਕੋਰੋਨਾ ਵਾਇਰਸ ਸੰਕਰਮਣ ਨੂੰ ਘੱਟ ਕਰਨ ਦੀ ਕੋਸ਼ਿਸ਼ ਤਹਿਤ ਪੱਛਮੀ ਬੰਗਾਲ ਸਰਕਾਰ ਨੇ ਦਿੱਲੀ, ਮੁੰਬਈ ਅਤੇ ਚੇਨਈ ਸਮੇਤ ਛੇ ਰੁਝੇਵੇਂ ਵਾਲੇ ਸ਼ਹਿਰਾਂ ਤੋਂ ਆਉਣ ਵਾਲੀਆਂ ਉਡਾਣਾਂ 'ਤੇ ਪਾਬੰਦੀ 31 ਜੁਲਾਈ ਤੱਕ ਵਧਾ ਦਿੱਤੀ ਹੈ, ਯਾਨੀ ਇਨ੍ਹਾਂ ਸ਼ਹਿਰਾਂ ਤੋਂ ਲੋਕ ਹਵਾਈ ਰਸਤਿਓਂ ਵੀ ਨਹੀਂ ਦਾਖਲ ਹੋ ਸਕਣਗੇ।

ਕੋਰੋਨਾ ਸੰਕਰਮਣ ਦੀ ਸਥਿਤੀ ਨੂੰ ਦੇਖਦੇ ਹੋਏ ਸੂਬੇ ਦੇ ਮੁੱਖ ਸਕੱਤਰ ਰਾਜੀਵ ਸਿਨਹਾ ਨੇ ਸ਼ਹਿਰੀ ਹਵਾਬਾਜ਼ੀ ਮੰਤਰਾਲਾ ਨਾਲ ਗੱਲ ਕਰਨ ਤੋਂ ਬਾਅਦ ਦਿੱਲੀ, ਮੁੰਬਈ, ਚੇਨਈ, ਪੁਣੇ, ਨਾਗਪੁਰ ਤੇ ਅਹਿਮਦਾਬਾਦ ਸ਼ਹਿਰਾਂ ਤੋਂ ਆਉਣ ਵਾਲੀਆਂ ਉਡਾਣਾਂ ਨੂੰ ਇਸ ਮਹੀਨੇ ਦੇ ਅਖੀਰ ਤੱਕ ਮੁਲਤਵੀ ਕਰ ਦਿੱਤਾ ਹੈ।

ਉਨ੍ਹਾਂ ਕਿਹਾ ਕਿ ਹਵਾਈ ਅੱਡੇ ਦੀ ਸੁਰੱਖਿਆ ਦੇ ਨਾਲ-ਨਾਲ ਇਸ ਬਿਮਾਰੀ ਤੋਂ ਲੋਕਾਂ ਨੂੰ ਬਚਾਉਣ ਲਈ ਸੁਰੱਖਿਆ ਪ੍ਰੋਟੋਕੋਲ ਦੀ ਵੀ ਚੰਗੀ ਤਰ੍ਹਾਂ ਪਾਲਣਾ ਕੀਤੀ ਜਾ ਰਹੀ ਹੈ। ਹੁਣ ਤੱਕ ਸੂਬੇ 'ਚ ਕੋਰੋਨਾ ਵਾਇਰਸ ਨਾਲ 38,011 ਲੋਕ ਸੰਕਰਮਿਤ ਹੋ ਚੁੱਕੇ ਹਨ ਅਤੇ ਸ਼ੁੱਕਰਵਾਰ ਤੱਕ ਇਸ ਬਿਮਾਰੀ ਨਾਲ 1049 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜ਼ਿਕਰਯੋਗ ਹੈ ਕਿ ਮੁੰਬਈ, ਦਿੱਲੀ, ਚੇਨਈ 'ਚ ਇਸ ਵਕਤ ਸਭ ਤੋਂ ਵੱਧ ਮਾਮਲੇ ਹਨ।


author

Sanjeev

Content Editor

Related News