ਕੋਰੋਨਾਵਾਇਰਸ 'ਤੇ ਵੀ ਸਿਆਸਤ ਸ਼ੁਰੂ, ਭਾਜਪਾ ਵਿਧਾਇਕਾਂ ਨੇ ਮਾਸਕ 'ਤੇ ਲਿਖਿਆ PM ਮੋਦੀ ਦਾ ਨਾਂ

03/05/2020 2:14:11 PM

ਕੋਲਕਾਤਾ-ਦੁਨੀਆ ਭਰ ’ਚ ਫੈਲੇ ਖਤਰਨਾਕ ਕੋਰੋਨਾਵਾਇਰਸ ਦਾ ਕਹਿਰ ਹੁਣ ਵੀ ਜਾਰੀ ਹੈ। ਹੁਣ ਭਾਰਤ ’ਚ ਵੀ ਇਸ ਵਾਇਰਸ ਨੇ ਦਸਤਕ ਦੇ ਦਿੱਤੀ ਹੈ, ਜਿਸ ਦੇ ਮੱਦੇਨਜ਼ਰ ਸਰਕਾਰ ਨੇ ਕੋਰੋਨਾਵਾਇਰਸ ਨਾਲ ਨਜਿੱਠਣ ਲਈ ਕਈ ਅਹਿਮ ਕਦਮ ਚੁੱਕੇ ਹਨ। ਇਸ ਦੌਰਾਨ ਕੋਰੋਨਾਵਾਇਰਸ ਤੋਂ ਬਚਾਅ ਲਈ ਪੱਛਮੀ ਬੰਗਾਲ ’ਚ ਭਾਜਪਾ ਨੇ ਅਨੋਖਾ ਤਰੀਕਾ ਕੱਢਿਆ ਹੈ। ਦਰਅਸਲ ਇੱਥੇ ਸੂਬਾ ਭਾਜਪਾ ਵੱਲੋਂ ਰਾਜਧਾਨੀ ਕੋਲਕਾਤਾ ’ਚ ਪ੍ਰਧਾਨਮੰਤਰੀ ਨਰਿੰਦਰ ਮੋਦੀ ਦਾ ਨਾਂ ਲਿਖੇ ਮਾਸਕ ਵੰਡੇ ਜਾ ਰਹੇ ਹਨ। ਇਹ ਮਾਸਕ ਭਾਜਪਾ ਨੇਤਾ ਅਤੇ ਵਰਕਰ ਵੰਡ ਰਹੇ ਹਨ। ਸੂਬਾ ਭਾਜਪਾ ਦੇ ਦਫਤਰ ਦੇ ਬਾਹਰ ਇਹ ਮਾਸਕ ਲੋਕਾਂ ’ਚ ਵੰਡੇ ਜਾ ਰਹੇ ਹਨ ਹਾਲਾਂਕਿ ਇਸ ਦੀ ਗੁਣਵੱਤਾ ਤੇ ਸਵਾਲ ਉੱਠ ਰਹੇ ਹਨ। 

PunjabKesari

ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਕੋਲਕਾਤਾ ’ਚ ਪੱਛਮੀ ਬੰਗਾਲ ’ਚ ਭਾਰਤੀ ਜਨਤਾ ਪਾਰਟੀ ਦੀ ਸੂਬਾ ਇਕਾਈ ਦੇ ਸਥਾਨਿਕ ਨੇਤਾਵਾਂ ਨੇ ਲੋਕਾਂ ’ਚ ਜਿਹੜੇ ਮਾਸਕ ਵੰਡੇ ਹਨ, ਉਨ੍ਹਾਂ ’ਤੇ ‘ਸੇਵ ਫਾਰਮ ਕੋਰੋਨਾਵਾਇਰਸ ਇਨਫੈਕਸ਼ਨ ਮੋਦੀ ਜੀ’ ('Save from Coronavirus infection Modi ji') ਲਿਖਿਆ ਹੋਇਆ ਹੈ। ਇਸ ਦੇ ਨਾਲ ਹੀ ਕਮਲ ਦਾ ਫੁੱਲ ਵੀ ਬਣਿਆ ਹੋਇਆ ਹੈ। ਦੱਸ ਦੇਈਏ ਕਿ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਵੀ ਕੋਰੋਨਾਵਾਇਰਸ ਨੂੰ ਲੈ ਕੇ ਮੋਦੀ ਸਰਕਾਰ ’ਤੇ ਨਿਸ਼ਾਨਾ ਵਿੰਨ੍ਹ ਰਹੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਦਿੱਲੀ ਹਿੰਸਾ ਨੂੰ ਦਬਾਉਣ ਲਈ ਕੋਰੋਨਾ ਦੀ ਖਬਰ ਨੂੰ ਜਬਰਦਸਤੀ ਮਹੱਤਤਾ ਦਿੱਤੀ ਜਾ ਰਹੀ ਹੈ।

PunjabKesari

ਦੱਸਣਯੋਗ ਹੈ ਕਿ ਭਾਰਤ ’ਚ ਕੋਰੋਨਾਵਾਇਰਸ ਦੇ ਪੈਰ ਪਸਰਦੇ ਦੇਖਦੇ ਹੋਇਆ ਸਰਕਾਰ ਨੇ ਅਲਰਟ ਜਾਰੀ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਅਮਿਤ ਸ਼ਾਹ , ਮੁੱਖਮੰਤਰੀ ਯੋਗੀ ਅਦਿੱਤਿਆਨਾਥ ਅਤੇ ਅਰਵਿੰਦ ਕੇਜਰੀਵਾਲ ਨੇ ਐਲਾਨ ਕੀਤਾ ਹੈ ਕਿ ਇਸ ਵਾਰ ‘ਹੋਲੀ ਮਿਲਨ’ ਸਮਾਰੋਹ ’ਚ ਸ਼ਾਮਲ ਨਹੀਂ ਹੋਣਗੇ। ਇਸ ਦੇ ਨਾਲ ਹੀ ਰਾਸ਼ਟਰਪਤੀ ਭਵਨ ’ਚ ਵੀ ‘ਹੋਲੀ ਮਿਲਨ’ ਪ੍ਰੋਗਰਾਮ ਨਹੀਂ ਹੋਵੇਗਾ। ਇਸ ਦੇ ਨਾਲ ਹੀ ਕੇਂਦਰ ਸਰਕਾਰ ਪਹਿਲੇ ਪੜਾਅ ’ਚ ਵਾਇਰਸ ਦੀ ਟੈਸਟਿੰਗ ਲਈ 15 ਲੈਬ ਬਣਾ ਚੁੱਕੀ ਹੈ ਜਦਕਿ 19 ਹੋਰ ਲੈਬ ਬਣਾਉਣ ਦੀ ਤਿਆਰੀ ’ਚ ਹੈ। ਹਰ ਸੂਬੇ ਦੇ ਹਸਪਤਾਲਾਂ ’ਚ ਆਈਸੋਲੇਸ਼ਨ ਵਾਰਡ ਦਾ ਇੰਤਜ਼ਾਮ ਕੀਤਾ ਜਾ ਰਿਹਾ ਹੈ। ਵੱਖ-ਵੱਖ ਏਅਰਪੋਰਟ ’ਤੇ ਲੋਕਾਂ ਦੀ ਸਕ੍ਰੀਨਿੰਗ ਕੀਤੀ ਜਾਵੇਗੀ। 

PunjabKesari

ਜ਼ਿਕਰਯੋਗ ਹੈ ਕਿ ਦੁਨੀਆ ਭਰ ਦੇ ਲਗਭਗ 70 ਦੇਸ਼ਾਂ ’ਚ ਫੈਲ ਚੁੱਕੇ ਕੋਰੋਨਾਵਾਇਰਸ ਨੇ ਹੁਣ ਭਾਰਤੀ ਲੋਕਾਂ ’ਚ ਵੀ ਹਾਹਕਾਰ ਮਚਾ ਦਿੱਤੀ ਹੈ। ਭਾਰਤ ’ਚ ਹੁਣ ਤੱਕ ਕੋਰੋਨਾਵਾਇਰਸ ਦੇ 29 ਪੋਜ਼ੀਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ। ਚੀਨ ’ਚ ਫੈਲੇ ਖਤਰਨਾਕ ਵਾਇਰਸ ਕੋਰੋਨਾਵਾਇਰਸ ਕਾਰਨ ਮਰਨ ਵਾਲਿਆਂ ਦਾ ਅੰਕੜਾ ਵੱਧ ਕੇ 3012 ਹੋ ਗਿਆ ਹੈ ਜਦਕਿ 80,409 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ। 


Iqbalkaur

Content Editor

Related News