ਗ੍ਰਲਫ੍ਰੈਂਡ ਦੇ ਚੱਕਰ ''ਚ ਟੀਚਰ ਬਣਿਆ ਹਥਿਆਰਾਂ ਦਾ ਤਸਕਰ, ਗ੍ਰਿਫਤਾਰ
Saturday, Oct 26, 2019 - 12:39 AM (IST)

ਨਵੀਂ ਦਿੱਲੀ (ਏਜੰਸੀ)- ਦਿੱਲੀ ਤੋਂ ਇਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਦਿੱਲੀ ਪੁਲਸ ਨੇ ਇਕ ਅਧਿਆਪਕ ਨੂੰ ਹਥਿਆਰਾਂ ਦੀ ਨਾਜਾਇਜ਼ ਤਸਕਰੀ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਅਧਿਆਪਕ ਪੈਸਿਆਂ ਦੇ ਲਾਲਚ ਵਿਚ ਤਸਕਰ ਬਣ ਗਿਆ। ਅਧਿਆਪਕ ਨੇ ਪੁੱਛਗਿਛ ਵਿਚ ਦੱਸਿਆ ਕਿ ਗਰਲਫ੍ਰੈਂਡ ਦੇ ਖਰਚੇ ਚੁੱਕਣ ਲਈ ਉਸ ਕੋਲ ਪੈਸਿਆਂ ਦੀ ਕਮੀ ਸੀ ਜਿਸ ਕਾਰਨ ਉਹ ਹਥਿਆਰਾਂ ਦਾ ਤਸਕਰ ਬਣ ਗਿਆ। ਉਥੇ ਹੀ ਪੁਲਸ ਨੇ ਜਾਲ ਵਿਛਾ ਕੇ ਮੁਲਜ਼ਮ ਅਧਿਾਪਕ ਨੂੰ ਗ੍ਰਿਫਤਾਰ ਕਰ ਲਿਆ।
ਪੁਲਸ ਮੁਤਾਬਕ ਮੁਲਜ਼ਮ ਦਾ ਨਾਂ ਗੁਲਫਾਮ ਹੈ। ਮੁਲਜ਼ਮ ਅਧਿਆਪਕ ਨੇ ਹਥਿਆਰਾਂ ਨੂੰ ਬੜੀ ਖੂਬਸੂਰਤੀ ਨਾਲ ਦੀਵਾਲੀ ਗਿਫਟ ਵਾਂਗ ਪੈਕ ਕੀਤਾ ਅਤੇ ਬਦਾਯੂੰ ਤੋਂ ਬੱਸ ਰਾਹੀਂ ਦਿੱਲੀ ਆ ਗਿਆ। ਮੁਲਜ਼ਮ ਅਧਿਆਪਕ ਉਥੋਂ ਆਟੋ ਲੈ ਕੇ ਦਵਾਰਕਾ ਪਹੁੰਚ ਗਿਆ ਅਤੇ ਉਥੋਂ ਨੰਦੂ ਗੈਂਗ ਦੇ ਲੋਕਾਂ ਨੂੰ ਹਥਿਆਰ ਦੇਣ ਲਈ ਉਨ੍ਹਾਂ ਦੀ ਉਡੀਕ ਕਰਨ ਲੱਗਾ।
ਇਸ ਮਾਮਲੇ ਵਿਚ ਪੁਲਸ ਨੂੰ ਗੁਲਫਾਮ ਦੇ ਇਕ-ਇਕ ਮੂਵਮੈਂਟ ਦੀ ਜਾਣਕਾਰੀ ਸੀ। ਪੁਲਸ ਬਿਨਾਂ ਕਿਸੇ ਨੂੰ ਭਿਣਕ ਲੱਗੇ ਮੁਲਜ਼ਮ 'ਤੇ ਨਜ਼ਰ ਰੱਖ ਰਹੀ ਸੀ। ਪੁਲਸ ਨੂੰ ਹਥਿਆਰ ਲੈਣ ਆਉਣ ਵਾਲੇ ਮੁਲਜ਼ਮ ਦੀ ਉਡੀਕ ਵੀ ਸੀ ਤਾਂ ਜੋ ਉਹ ਪੂਰੇ ਗੈਂਗ ਨੂੰ ਕਾਬੂ ਕੀਤਾ ਜਾ ਸਕੇ। ਜਦੋਂ ਕਾਫੀ ਸਮਾਂ ਬੀਤ ਜਾਣ ਤੋਂ ਬਾਅਦ ਵੀ ਕੋਈ ਹਥਿਆਰ ਲੈਣ ਨਹੀਂ ਆਇਆ ਤਾਂ ਮੁਲਜ਼ਮ ਅਧਿਾਪਕ ਉਥੋਂ ਜਾਣ ਲੱਗਾ। ਇਸ ਦੌਰਾਨ ਪੁਲਸ ਨੇ ਅਧਿਆਪਕ ਨੂੰ ਰੁਕਣ ਦਾ ਇਸ਼ਾਰਾ ਕੀਤਾ। ਪੁਲਸ ਨੂੰ ਸਾਹਮਣੇ ਆਉਂਦੀ ਦੇਖ ਅਧਿਆਪਕ ਨੇ ਪੁਲਸ 'ਤੇ ਗੋਲੀ ਚਲਾ ਦਿੱਤੀ। ਪੁਲਸ ਦੇ ਜਵਾਨ ਨੇ ਬੁਲੇਟ ਪਰੂਫ ਜੈਕੇਟ ਪਹਿਨੀ ਹੋਈ ਸੀ। ਜਿਸ ਕਾਰਨ ਉਹ ਬੱਚ ਗਿਆ। ਇਸ ਤੋਂ ਬਾਅਦ ਪੁਲਸ ਨੇ ਮੁਲਜ਼ਮ ਨੂੰ ਡਰਾਉਣ ਲਈ ਫਾਇਰਿੰਗ ਕੀਤੀ ਅਤੇ ਗੁਲਫਾਮ ਨੂੰ ਕਾਬੂ ਕਰ ਲਿਆ।
ਪੁਲਸ ਨੇ ਮੁਲਜ਼ਮ ਦੇ ਬੈਗ ਦੀ ਤਲਾਸ਼ੀ ਲਈ ਤਾਂ ਉਸ ਵਿਚੋਂ 10 ਗਿਫਟ ਪੈਕ ਨਜ਼ਰ ਆਏ। ਇਸ ਤੋਂ ਬਾਅਦ ਪੁਲਸ ਨੇ ਉਸ ਗਿਫਟ ਪੈਕ ਨੂੰ ਖੋਲ੍ਹਿਆ ਤਾਂ ਅੰਦਰੋਂ 8 ਦੇਸੀ ਤਮੰਚੇ, ਇਕ ਰਿਵਾਲਵਰ, ਇਕ ਪਿਸਟਲ ਅਤੇ 12 ਜ਼ਿੰਦਾ ਕਾਰਤੂਸ ਬਰਾਮਦ ਕੀਤੇ। ਪੁਲਸ ਵਲੋਂ ਪੁੱਛਗਿਛ ਦੌਰਾਨ ਗੁਲਫਾਮ ਨੇ ਦੱਸਿਆ ਕਿ ਉਹ ਪਾਲੀਟੀਕਲ ਸਾਇੰਸ ਵਿਚ ਐਮ.ਏ. ਕਰ ਚੁੱਕਾ ਹੈ। ਉਹ ਆਪਣੇ ਸ਼ਹਿਰ ਬਦਾਯੂੰ ਵਿਚ ਹੀ ਇਕ ਸਕੂਲ ਵਿਚ ਅਧਿਆਪਕ ਹੈ ਪਰ ਉਸ ਦੇ ਖਰਚੇ ਪੂਰੇ ਨਹੀਂ ਹੋ ਰਹੇ ਸਨ। ਗੁਲਫਾਮ ਦੀ ਇਕ ਗਰਲਫ੍ਰੈਂਡ ਵੀ ਸੀ, ਜਿਸ ਦੇ ਲਈ ਵੀ ਗੁਲਫਾਮ ਨੂੰ ਪੈਸਿਆਂ ਦੀ ਲੋੜ ਪੈਂਦੀ ਰਹਿੰਦੀ ਸੀ।