ਅਸੀਂ ਰਿਜ਼ਰਵੇਸ਼ਨ ''ਤੇ ਲੱਗੀ 50 ਫ਼ੀਸਦੀ ਦੀ ਸੀਮਾ ਹਟਾ ਦੇਵਾਂਗੇ: ਰਾਹੁਲ ਗਾਂਧੀ
Monday, Nov 18, 2024 - 01:10 PM (IST)
ਮੁੰਬਈ- ਕਾਂਗਰਸ ਆਗੂ ਰਾਹੁਲ ਗਾਂਧੀ ਨੇ ਰਿਜ਼ਰਵੇਸ਼ਨ 'ਤੇ ਲੱਗੀ 50 ਫ਼ੀਸਦੀ ਦੀ ਸੀਮਾ ਹਟਾਉਣ ਅਤੇ ਦੇਸ਼ 'ਚ ਜਾਤੀ ਜਨਗਣਨਾ ਕਰਾਉਣ ਦਾ ਸੋਮਵਾਰ ਨੂੰ ਵਾਅਦਾ ਕੀਤਾ। ਰਾਹੁਲ ਮੁੰਬਈ ਵਿਚ ਇਕ ਪੱਤਰਕਾਰ ਸੰਮੇਲਨ 'ਚ ਕਿਹਾ ਜਾਤੀ ਜਨਗਣਨਾ ਸਾਡੇ ਸਾਹਮਣੇ ਸਭ ਤੋਂ ਵੱਡਾ ਮੁੱਦਾ ਹੈ ਅਤੇ ਅਸੀਂ ਇਸ ਨੂੰ ਪੂਰਾ ਕਰਾਂਗੇ। ਇਹ ਸਾਡਾ ਕੇਂਦਰੀ ਸੰਤਭ ਹੈ। ਉਨ੍ਹਾਂ ਨੇ ਮਹਾਰਾਸ਼ਟਰ ਵਿਚ 20 ਨਵੰਬਰ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਕੁਝ ਅਰਬਪਤੀਆਂ ਅਤੇ ਗਰੀਬਾਂ ਵਿਚਾਲੇ ਵਿਚਾਰਧਾਰਾਵਾਂ ਦੀ ਲੜਾਈ ਕਰਾਰ ਦਿੱਤਾ।
ਰਾਹੁਲ ਨੇ ਅੱਗੇ ਕਿਹਾ ਕਿ ਮਹਾਵਿਕਾਸ ਆਘਾੜੀ ਗਠਜੋੜ ਬਹੁਮਤ ਹਾਸਲ ਕਰਨ ਮਗਰੋਂ ਜੇਕਰ ਸਰਕਾਰ ਬਣਾਉਂਦਾ ਹੈ ਤਾਂ ਸਰਕਾਰ ਮਹਾਰਾਸ਼ਟਰ ਦੇ ਲੋਕਾਂ ਦੇ ਹਿੱਤਾਂ ਦਾ ਧਿਆਨ ਰੱਖੇਗੀ। ਰਾਹੁਲ ਨੇ ਕਿਹਾ ਕਿ ਮੁੰਬਈ ਵਿਚ ਧਾਰਾਵੀ ਮੁੜ ਵਿਕਾਸ ਯੋਜਨਾ ਵਿਚ ਇਕ ਵਿਅਕਤੀ ਦੀ ਮਦਦ ਕਰਨ ਲਈ ਪੂਰੀ ਰਾਜਨੀਤਕ ਮਸ਼ੀਨਰੀ ਨੂੰ ਤੋੜ-ਮਰੋੜ ਦਿੱਤਾ ਗਿਆ। ਉਨ੍ਹਾਂ ਨੇ ਪੱਤਰਕਾਰ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਅਰੇ 'ਇਕ ਹੈ ਤੋਂ ਸੇਫ ਹੈ' ਦਾ ਮਜ਼ਾਕ ਉਡਾਉਂਦੇ ਹੋਏ ਇਕ ਤਿਜੋਰੀ ਕੱਢੀ ਅਤੇ ਉਸ 'ਚ ਪ੍ਰਧਾਨ ਮੰਤਰੀ ਮੋਦੀ ਅਤੇ ਉਦਯੋਗਪਤੀ ਗੌਤਮ ਅਡਾਨੀ ਦਾ ਇਕ ਪੋਸਟਰ ਕੱਢ ਕੇ ਕਿਹਾ ਕਿ ਜਦੋਂ ਤੱਕ ਇਹ ਸਾਥ ਹਨ, ਉਦੋਂ ਤੱਕ ਇਹ ਸੁਰੱਖਿਅਤ ਹਨ।