ਬੰਗਾਲ, ਤ੍ਰਿਪੁਰਾ ਤੇ ਬਿਹਾਰ ’ਚ ਘੁਸਪੈਠ ਬਰਦਾਸ਼ਤ ਨਹੀਂ ਕਰਾਂਗੇ : ਅਮਿਤ ਸ਼ਾਹ

Friday, Jun 05, 2026 - 08:58 PM (IST)

ਬੰਗਾਲ, ਤ੍ਰਿਪੁਰਾ ਤੇ ਬਿਹਾਰ ’ਚ ਘੁਸਪੈਠ ਬਰਦਾਸ਼ਤ ਨਹੀਂ ਕਰਾਂਗੇ : ਅਮਿਤ ਸ਼ਾਹ

ਅਗਰਤਲਾ,  (ਏਜੰਸੀ)-ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਪੱਛਮੀ ਬੰਗਾਲ, ਤ੍ਰਿਪੁਰਾ ਤੇ ਬਿਹਾਰ ’ਚ ਘੁਸਪੈਠ ਰਾਹੀਂ ਅਾਬਾਦੀ ’ਚ ਤਬਦੀਲੀ ਨੂੰ ਬਰਦਾਸ਼ਤ ਨਹੀਂ ਕਰੇਗੀ ਤੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਨ ’ਚ ਰਹਿੰਦੀਆਂ ਕਮੀਆਂ ਨੂੰ ਦੂਰ ਕਰਨ ਲਈ ਸਖਤ ਕਦਮ ਚੁੱਕੇਗੀ। ਸ਼ੁੱਕਰਵਾਰ ਤ੍ਰਿਪੁਰਾ ’ਚ ਲੰਕਾਮੁਰਾ ਸਰਹੱਦੀ ਚੌਕੀ ’ਤੇ ਬੀ. ਐੱਸ. ਐੱਫ . ਦੇ ਜਵਾਨਾਂ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਕਿਹਾ ਕਿ ਕੇਂਦਰ ਸਰਕਾਰ ਕਿਸੇ ਵੀ ਤਰ੍ਹਾਂ ਦੀ ਘੁਸਪੈਠ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰੇਗੀ। ਹਰ ਘੁਸਪੈਠੀਏ ਦੀ ਪਛਾਣ ਕਰ ਕੇ ਦੇਸ਼ ਨਿਕਾਲਾ ਦੇਵੇਗੀ। ਸਰਕਾਰ ਦਾ ‘ਸਮਾਰਟ ਬਾਰਡਰ’ ਪ੍ਰਾਜੈਕਟ ਆਪਣੇ ਆਖਰੀ ਪੜਾਅ ’ਤੇ ਪਹੁੰਚ ਗਿਆ ਹੈ।

ਸ਼ਾਹ ਨੇ ਕਿਹਾ ਕਿ ਪੱਛਮੀ ਬੰਗਾਲ, ਤ੍ਰਿਪੁਰਾ ਤੇ ਬਿਹਾਰ ਨਾਲ ਲੱਗਦੀਆਂ ਕੌਮਾਂਤਰੀ ਸਰਹੱਦਾਂ ਦੀ ਨਿਗਰਾਨੀ ਤੇ ਸੁਰੱਖਿਆ ’ਚ ਕਮੀਆਂ ਨੂੰ ਦੂਰ ਕਰਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਏਗੀ। ਸਮਾਰਟ ਬਾਰਡਰ ਸੰਕਲਪ ਨੂੰ ਪੂਰੇ ਦੇਸ਼ ’ਚ 7 ਤੋਂ 8 ਥਾਵਾਂ ’ਤੇ ਪਾਇਲਟ ਪ੍ਰਾਜੈਕਟ ਵਜੋਂ ਲਾਗੂ ਕੀਤਾ ਜਾਵੇਗਾ। ਮੈਂ ਕੇਂਦਰੀ ਗ੍ਰਹਿ ਸਕੱਤਰ ਤੇ ਬੀ. ਐੱਸ. ਐੱਫ. ਨਾਲ ਸਲਾਹ-ਮਸ਼ਵਰਾ ਕਰ ਰਿਹਾ ਹਾਂ। ਮੈਂ ਬੀ. ਐੱਸ. ਐੱਫ. ਦੇ ਡਾਇਰੈਕਟਰ ਜਨਰਲ ਨੂੰ ਸਰਹੱਦੀ ਖੇਤਰਾਂ ਦਾ ਦੌਰਾ ਕਰਨ ਤੇ ਗੱਲਬਾਤ ਕਰਨ ਦੀ ਬੇਨਤੀ ਕੀਤੀ ਹੈ।

ਉਨ੍ਹਾਂ ਦੱਸਿਆ ਕਿ ਨਵੀਂ ਸਰਹੱਦੀ ਸੁਰੱਖਿਆ ਪ੍ਰਣਾਲੀ ’ਚ ਅਤਿ-ਆਧੁਨਿਕ ਤਕਨਾਲੋਜੀ, ਸਥਾਨਕ ਪ੍ਰਸ਼ਾਸਨ ਤੇ ਸਰਹੱਦ ’ਤੇ ਤਾਇਨਾਤ ਸੁਰੱਖਿਆ ਫੋਰਸਾਂ ਦੇ ਜਵਾਨਾਂ ਦੀ ਸਾਂਝੀ ਭਾਈਵਾਲੀ ਸ਼ਾਮਲ ਹੋਵੇਗੀ। ਹਰ ਸਰਹੱਦ ਦੀਆਂ ਆਪਣੀਆਂ ਚੁਣੌਤੀਆਂ ਹੁੰਦੀਆਂ ਹਨ। ਭਾਵੇਂ ਉਹ ਮਨੁੱਖੀ ਸਮੱਗਲਿੰਗ ਹੋਵੇ, ਹਥਿਆਰਾਂ ਦੀ ਹੋਵੇ ਜਾਂ ਨਸ਼ੀਲੇ ਪਦਾਰਥਾਂ ਦੀ ਪਰ ਬੀ. ਐੱਸ. ਐੱਫ. ਦੇ ਜਵਾਨ ਇਨ੍ਹਾਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਆਪਣੀ ਪੂਰੀ ਕੋਸ਼ਿਸ਼ ਕਰਦੇ ਹਨ। 2047 ਤੱਕ ਭਾਰਤ ਨੂੰ ਵਿਕਸਤ ਰਾਸ਼ਟਰ ਬਣਾਉਣ ਲਈ ਸਾਨੂੰ ਸਰਹੱਦ ਪਾਰ ਤੋਂ ਨਕਲੀ ਕਰੰਸੀ, ਮਨੁੱਖੀ ਤੇ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਨੂੰ ਰੋਕਣਾ ਚਾਹੀਦਾ ਹੈ।

ਸ਼ਾਹ ਨੇ ਮਈ ’ਚ ਕਿਹਾ ਸੀ ਕਿ ਸਰਕਾਰ ਅਗਲੇ ਸਾਲ ਤੱਕ ਇਕ ਤਕਨਾਲੋਜੀ-ਅਾਧਾਰਤ ‘ਸਮਾਰਟ ਬਾਰਡਰ’ ਪ੍ਰਾਜੈਕਟ ਸ਼ੁਰੂ ਕਰੇਗੀ ਤਾਂ ਜੋ ਪਾਕਿਸਤਾਨ ਤੇ ਬੰਗਲਾਦੇਸ਼ ਨਾਲ ਲੱਗਦੀ ਲੱਗਭਗ 6000 ਕਿਲੋਮੀਟਰ ਲੰਬੀ ਸਰਹੱਦ ਨੂੰ ਅਭੇਦ ਬਣਾਇਆ ਜਾ ਸਕੇ ਅਤੇ ਦੇਸ਼ ਦੀ ਅਾਬਾਦੀ ਨੂੰ ਬਦਲਣ ਦੀ ਕਿਸੇ ਵੀ ‘ਸਾਜ਼ਿਸ਼’ ਨੂੰ ਨਾਕਾਮ ਕੀਤਾ ਜਾ ਸਕੇ।


author

Shubam Kumar

Content Editor

Related News