ਸਿੱਖ ਸ਼ਰਧਾਲੂਆਂ ’ਤੇ ਹਮਲੇ ਕਿਸੇ ਵੀ ਤਰੀਕੇ ਬਰਦਾਸ਼ਤ ਨਹੀਂ ਕੀਤੇ ਜਾਣਗੇ : ਕਾਲਕਾ, ਕਾਹਲੋਂ

Friday, Jun 19, 2026 - 10:23 PM (IST)

ਸਿੱਖ ਸ਼ਰਧਾਲੂਆਂ ’ਤੇ ਹਮਲੇ ਕਿਸੇ ਵੀ ਤਰੀਕੇ ਬਰਦਾਸ਼ਤ ਨਹੀਂ ਕੀਤੇ ਜਾਣਗੇ : ਕਾਲਕਾ, ਕਾਹਲੋਂ

ਅੰਮ੍ਰਿਤਸਰ (ਸਰਬਜੀਤ) - ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉੱਤਰਾਖੰਡ ’ਚ ਸਿੱਖ ਸ਼ਰਧਾਲੂਆਂ ’ਤੇ ਹੋਏ ਹਮਲੇ ਨੂੰ ਵੇਖਦਿਆਂ ਉਥੇ ਇਕ ਉੱਚ ਪੱਧਰੀ ਵਫ਼ਦ ਭੇਜਣ ਦਾ ਫੈਸਲਾ ਕੀਤਾ ਗਿਆ ਹੈ, ਤਾਂ ਜੋ ਸਥਾਨਕ ਸਰਕਾਰ ਅਤੇ ਪ੍ਰਸ਼ਾਸਨ ਕੋਲ ਮਾਮਲਾ ਚੁੱਕ ਕੇ ਇਸ ਦਾ ਤਰਕਸੰਗਤ ਨਿਪਟਾਰਾ ਕਰਵਾਇਆ ਜਾ ਸਕੇ। ਇਹ ਪ੍ਰਗਟਾਵਾ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਕੀਤਾ।

ਇਸ ਸਮੇਂ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਦੋ ਦਿਨ ਪਹਿਲਾਂ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਦੌਰਾਨ ਗੋਬਿੰਦਘਾਟ (ਪੁਲ ਪ੍ਰਯਾਗ) ਵਿਖੇ ਹੋਏ ਟਕਰਾਅ ਬਾਰੇ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਵੱਡੀ ਗਿਣਤੀ ’ਚ ਸਿੱਖ ਸ਼ਰਧਾਲੂ ਯਾਤਰਾ ’ਤੇ ਜਾਂਦੇ ਹਨ, ਇਸ ਲਈ ਅਮਨ-ਸ਼ਾਂਤੀ ਅਤੇ ਭਾਈਚਾਰਕ ਸਾਂਝ ਬਣਾਈ ਰੱਖਣਾ ਪੁਲਸ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ। ਹਮਲੇ ਦੌਰਾਨ ਮਨਪ੍ਰੀਤ ਸਿੰਘ, ਜਸ਼ਨਪ੍ਰੀਤ ਸਿੰਘ, ਅਜੈ ਸਿੰਘ ਅਤੇ ਸਤਵਿੰਦਰ ਸਿੰਘ ਵਰਗੇ 21 ਤੋਂ 23 ਸਾਲ ਦੇ ਸਿੱਖ ਨੌਜਵਾਨਾਂ ਨੇ ਸਵੈ-ਰੱਖਿਆ ਵਾਸਤੇ ਕ੍ਰਿਪਾਨਾਂ ਚਲਾਈਆਂ, ਪਰ ਉਥੋਂ ਦੀ ਪੁਲਸ ਨੇ ਜੋ ਨਾਕਾਰਾਤਮਕ ਰਵੱਈਆ ਵਿਖਾਇਆ, ਉਸ ਦੀ ਦਿੱਲੀ ਕਮੇਟੀ ਸਖ਼ਤ ਨਿਖੇਧੀ ਕਰਦੀ ਹੈ।

ਉਨ੍ਹਾਂ ਦੱਸਿਆ ਕਿ ਕਮੇਟੀ ਦਾ ਉੱਚ ਪੱਧਰੀ ਵਫ਼ਦ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਅਤੇ ਰਾਜਪਾਲ ਨੂੰ ਮਿਲ ਕੇ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਉਣ ਅਤੇ ਦੋਸ਼ੀ ਪੁਲਸ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕਰੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਗੁਰੂ ਘਰ ਦੀਆਂ ਯਾਤਰਾਵਾਂ ਕਿਸੇ ਦੇ ਕਹਿਣ ’ਤੇ ਨਹੀਂ ਰੁਕ ਸਕਦੀਆਂ। ਭਾਰਤੀ ਸੰਵਿਧਾਨ ਤਹਿਤ ਸਿੱਖਾਂ ਨੂੰ ਪੰਜ ਕੱਕਾਰ ਧਾਰਨ ਕਰਨ ਦੀ ਪੂਰੀ ਖੁੱਲ੍ਹ ਹੈ, ਇਸ ਲਈ ਕ੍ਰਿਪਾਨ ਬਾਰੇ ਗਲਤ ਸ਼ਬਦਾਵਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਪ੍ਰਸ਼ਾਸਨ ਨੂੰ ਹਰ ਹਾਲ ’ਚ ਯਾਤਰੀਆਂ ਦੀ ਸੁਰੱਖਿਆ ਯਕੀਨੀ ਬਣਾਉਣੀ ਚਾਹੀਦੀ ਹੈ ਤਾਂ ਜੋ ਕੁੜੱਤਣ ਭਰਿਆ ਮਾਹੌਲ ਨਾ ਪੈਦਾ ਹੋਵੇ।
 


author

Inder Prajapati

Content Editor

Related News