ਅਸੀਂ ਲੋਕਾਂ ਨੂੰ ਜੋੜਦੇ ਹਾਂ, ਭਾਜਪਾ ਵੰਡਦੀ ਹੈ : ਰਾਹੁਲ ਗਾਂਧੀ
Monday, May 16, 2022 - 03:45 PM (IST)
ਜੈਪੁਰ (ਭਾਸ਼ਾ)- ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਕਿਹਾ ਕਿ ਜਿੱਥੇ ਉਨ੍ਹਾਂ ਦੀ ਪਾਰਟੀ ਲੋਕਾਂ ਨੂੰ ਜੋੜਦੀ ਹੈ, ਉਥੇ ਭਾਰਤੀ ਜਨਤਾ ਪਾਰਟੀ (ਭਾਜਪਾ) ਉਨ੍ਹਾਂ ਨੂੰ ਵੰਡਣ ਦਾ ਕੰਮ ਕਰਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਭਾਜਪਾ ਦੋ ਹਿੰਦੁਸਤਾਨ ਬਣਾਉਣਾ ਚਾਹੁੰਦੀ ਹੈ ਜਦਕਿ ਕਾਂਗਰਸ ਇਕ ਭਾਰਤ ਚਾਹੁੰਦੀ ਹੈ ਜਿਸ ਵਿਚ ਹਰ ਵਿਅਕਤੀ ਨੂੰ ਆਪਣਾ ਸੁਫ਼ਨਾ ਪੂਰਾ ਕਰਨ ਦਾ ਮੌਕਾ ਮਿਲੇ। ਰਾਹੁਲ ਗਾਂਧੀ ਸੋਮਵਾਰ ਨੂੰ ਬਾਂਸਵਾੜਾ ਦੇ ਪਿੰਡ ਕਰਨਾਣਾ (ਬਿਛਵਾੜਾ) ਵਿਚ ਇਕ ਸਭਾ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ,''ਦੇਸ਼ ਵਿਚ ਦੋ ਵਿਚਾਰਧਾਰਾਵਾਂ ਦੀ ਲੜਾਈ ਹੈ। ਇਕ ਪਾਸੇ ਕਾਂਗਰਸ ਪਾਰਟੀ ਦੀ ਵਿਚਾਰਧਾਰਾ ਹੈ, ਜੋ ਕਹਿੰਦੀ ਹੈ ਕਿ ਸਾਰਿਆਂ ਨੂੰ ਇਕਜੁੱਟ ਹੋਣਾ ਪਵੇਗਾ, ਸਾਰਿਆਂ ਦਾ ਸਨਮਾਨ ਕਰਨਾ ਹੋਵੇਗਾ, ਸਾਰਿਆਂ ਦੇ ਇਤਿਹਾਸ, ਹਰ ਇਕ ਦੇ ਸੱਭਿਆਚਾਰ ਦੀ ਰੱਖਿਆ ਕਰਨੀ ਹੋਵੇਗੀ। ਇਹ ਕਾਂਗਰਸ ਪਾਰਟੀ ਕਹਿੰਦੀ ਹੈ। ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਹੈ, ਜੋ ਲੋਕਾਂ ਨੂੰ ਵੰਡਣ, ਦਬਾਉਣ ਦਾ ਕੰਮ ਕਰਦੀ ਹੈ, ਜੋ ਆਦਿਵਾਸੀਆਂ ਦੇ ਇਤਿਹਾਸ ਅਤੇ ਸੱਭਿਆਚਾਰ ਨੂੰ ਦਬਾਉਣ ਅਤੇ ਮਿਟਾਉਣ ਦਾ ਕੰਮ ਕਰਦੀ ਹੈ।'' ਉਨ੍ਹਾਂ ਕਿਹਾ,''ਇਹ ਲੜਾਈ ਅੱਜ ਭਾਰਤ ਵਿਚ ਚੱਲ ਰਹੀ ਹੈ। ਅਸੀਂ ਏਕਤਾ ਲਈ ਕੰਮ ਕਰਦੇ ਹਾਂ, ਉਹ ਵੰਡਣ ਲਈ ਕੰਮ ਕਰਦੇ ਹਨ। ਅਸੀਂ ਕਮਜ਼ੋਰ ਲੋਕਾਂ ਦੀ ਮਦਦ ਕਰਦੇ ਹਾਂ, ਉਹ ਵੱਡੇ ਚੁਨਿੰਦਾ ਉਦਯੋਗਪਤੀਆਂ ਦੀ ਮਦਦ ਕਰਦੇ ਹਨ।
ਇਹ ਵੀ ਪੜ੍ਹੋ : ਚਾਰ ਧਾਮਾਂ ਦੀ ਯਾਤਰਾ 'ਤੇ ਜਾਣ ਵਾਲਿਆਂ 'ਚ ਹੁਣ ਤੱਕ 39 ਸ਼ਰਧਾਲੂਆਂ ਦੀ ਮੌਤ, ਜਾਰੀ ਹੋਏ ਇਹ ਨਿਰਦੇਸ਼
ਰਾਹੁਲ ਨੇ ਦਾਅਵਾ ਕੀਤਾ ਕਿਾ ਸਾਬਕਾ ਯੂ.ਪੀ.ਏ. ਸਰਕਾਰ ਨੇ ਦੇਸ਼ ਦੀ ਅਰਥਵਿਵਸਥਾ ਨੂੰ ਮਜ਼ਬੂਤ ਕੀਤਾ ਸੀ ਪਰ ਭਾਜਪਾ ਦੀ ਮੌਜੂਦਾ ਕੇਂਦਰ ਸਰਕਾਰ ਨੇ ਦੇਸ਼ ਦੀ ਅਰਥਵਿਵਸਥਾ ਨੂੰ ਨੁਕਸਾਨ ਪਹੁੰਚਾਇਆ ਹੈ। ਉਨ੍ਹਾਂ ਕਿਹਾ,''ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੋਟਬੰਦੀ ਦੀ, ਗਲਤ ਜੀ.ਐੱਸ.ਟੀ. ਲਾਗੂ ਕੀਤੀ, ਇਸ ਨਾਲ ਸਾਡੀ ਅਰਥਵਿਵਸਥਾ ਨਸ਼ਟ ਹੋ ਗਈ।'' ਉਨ੍ਹਾਂ ਕਿਹਾ,''ਭਾਜਪਾ 2 ਹਿੰਦੁਸਤਾਨ ਬਣਾਉਣਾ ਚਾਹੁੰਦੀ ਹੈ। ਇਕ ਅਮੀਰਾਂ ਦਾ, 2 ਤਿੰਨ ਵੱਡੇ ਉਦਯੋਗਪਤੀਆਂ ਦਾ, ਦੂਜਾ ਗਰੀਬ ਜਨਤਾ ਦਾ, ਆਦਿਵਾਸੀਆਂ ਦਾ, ਦਲਿਤ ਦਾ, ਪਿਛੜਿਆਂ ਦਾ ਕਮਜ਼ੋਰਾਂ ਦਾ। ਅਸੀਂ ਹਿੰਦੁਸਤਾਨ ਨਹੀਂ ਚਾਹੁੰਦੇ, ਅਸੀਂ ਇਕ ਹੀ ਹਿੰਦੁਸਤਾਨ ਚਾਹੁੰਦੇ ਹਾਂ। ਇਕ ਅਜਿਹਾ ਹਿੰਦੁਸਤਾਨ, ਜਿਸ 'ਚ ਹਰ ਵਿਅਕਤੀ ਨੂੰ ਆਪਣਾ ਸੁਫ਼ਨਾ ਪੂਰਾ ਕਰਨ ਦਾ ਮੌਕਾ ਮਿਲਣਾ ਚਾਹੀਦਾ।'' ਕਾਂਗਰਸ ਨੇਤਾ ਨੇ ਕਿਹਾ ਕਿ ਕਾਂਗਰਸ ਪਾਰਟੀ ਅਤੇ ਆਦਿਵਾਸੀਆਂ ਦਾ ਬਹੁਤ ਪੁਰਾਣਾ ਅਤੇ ਡੂੰਘਾ ਰਿਸ਼ਤਾ ਹੈ। ਅਸੀਂ ਤੁਹਾਡੇ ਇਤਿਹਾਸ ਦੀ ਰੱਖਿਆ ਕਰਦੇ ਹਾਂ, ਅਸੀਂ ਤੁਹਾਡੇ ਇਤਿਹਾਸ ਨੂੰ ਮਿਟਾਉਣਾ ਜਾਂ ਦਬਾਉਣਾ ਨਹੀਂ ਚਾਹੁੰਦੇ ਹਾਂ।'' ਇਸ ਪ੍ਰੋਗਰਾਮ ਨੂੰ ਪਾਰਟੀ ਦੇ ਰਾਜਸਥਾਨ ਮਾਮਲਿਆਂ ਦੇ ਇੰਚਾਰਜ ਅਜੈ ਮਾਕਨ, ਸੂਬਾ ਪ੍ਰਧਾਨ ਗੋਵਿੰਦ ਸਿੰਘ ਡੋਟਾਸਰਾ ਅਤੇ ਸਾਬਕਾ ਉਪ ਮੁੱਖ ਮੰਤਰੀ ਸਚਿਨ ਪਾਇਲਟ ਨੇ ਵੀ ਸੰਬੋਧਨ ਕੀਤਾ। ਗਾਂਧੀ ਨੇ ਇਸ ਤੋਂ ਪਹਿਲਾਂ ਬੇਨੇਸ਼ਵਰ ਧਾਮ ਨੇੜੇ ਬਣਨ ਵਾਲੇ ਪੁਲ ਦਾ ਨੀਂਹ ਪੱਥਰ ਰੱਖਿਆ ਸੀ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ