'ਸਾਨੂੰ ਸਾਥ ਦੇਣ ਵਾਲੇ ਚਾਹੀਦੇ ਨੇ ਗਿਆਨ ਦੇਣ ਵਾਲੇ ਨ੍ਹੀਂ', EU ਨੂੰ ਜੈਸ਼ਕਰ ਦੀ ਦੋ-ਟੁੱਕ
Sunday, May 04, 2025 - 08:46 PM (IST)

ਨਵੀਂ ਦਿੱਲੀ -ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਭਾਰਤ ਦੇ ਨਾਲ ਡੂੰਘੇ ਸਬੰਧ ਵਿਕਸਤ ਕਰਨ ਦੇ ਲਈ ਯੂਰਪ ਨੂੰ ਕੁਝ ਸੰਵੇਦਨਸ਼ੀਲਤਾ ਦਿਖਾਉਣ ਅਤੇ ਆਪਸੀ ਹਿੱਤਾਂ ਨੂੰ ਧਿਆਨ ਵਿਚ ਰੱਖਣ ਦੀ ਸਲਾਹ ਦਿੰਦੇ ਹੋਏ ਐਤਵਾਰ ਨੂੰ ਕਿਹਾ, ‘‘ਭਾਰਤ ਨੂੰ ਅਜਿਹੇ ਭਾਈਵਾਲ ਦੇਸ਼ਾਂ ਦੀ ਲੋੜ ਹੈ ਜੋ ਮੁਸ਼ਕਲ ਸਮੇਂ 'ਚ ਉਸ ਦੇ ਨਾਲ ਖੜ੍ਹੇ ਹੋਣ ਨਾ ਕਿ ਉਪਦੇਸ਼ ਦੇਣ। ਖਾਸ ਕਰ ਕੇ ਅਜਿਹੇ ਉਪਦੇਸ਼ਕਾਂ ਦੀ, ਜੋ ਆਪਣੀਆਂ ਗੱਲਾਂ ਨੂੰ ਆਪਣੇ ਦੇਸ਼ ’ਚ ਖੁਦ ਪਾਲਣ ਨਹੀਂ ਕਰਦੇ ਸਗੋਂ ਹੋਰਨਾਂ ਦੇਸ਼ਾਂ ਨੂੰ ਉਪਦੇਸ਼ ਦਿੰਦੇ ਹਨ।’’ ਜੈਸ਼ੰਕਰ ਨੇ ਇਕ ਇੰਟਰਐਕਟਿਵ ਸੈਸ਼ਨ ਵਿਚ ਕਿਹਾ ਕਿ ਭਾਰਤ ਨੇ ਹਮੇਸ਼ਾ ‘ਰੂਸੀ ਯਥਾਰਥਵਾਦ’ ਦੀ ਵਕਾਲਤ ਕੀਤੀ ਹੈ ਅਤੇ ਭਾਰਤ ਅਤੇ ਰੂਸ ਵਿਚਕਾਰ ਮਹੱਤਵਪੂਰਨ ਤਾਲਮੇਲ ਹੈ ਅਤੇ ਉਹ ਇਸ ਮਾਮਲੇ ਵਿਚ ਇਕ ਦੂਜੇ ਦੇ ਪੂਰਕ ਹਨ। '
ਵਿਦੇਸ਼ ਮੰਤਰੀ ਨੇ ਰੂਸ-ਯੂਕਰੇਨ ਟਕਰਾਅ ਦਾ ਹੱਲ ਰੂਸ ਨੂੰ ਸ਼ਾਮਲ ਕੀਤੇ ਬਿਨਾਂ ਲੱਭਣ ਦੀਆਂ ਪੱਛਮ ਦੀਆਂ ਪਹਿਲਾਂ ਦੀਆਂ ਕੋਸ਼ਿਸ਼ਾਂ ਦੀ ਵੀ ਆਲੋਚਨਾ ਕਰਦੇ ਹੋਏ ਕਿਹਾ ਕਿ ਇਸਨੇ ਯਥਾਰਥਵਾਦ ਦੀਆਂ ਬੁਨਿਆਦੀ ਗੱਲਾਂ ਨੂੰ ਚੁਣੌਤੀ ਦਿੱਤੀ ਹੈ। ਉਨ੍ਹਾਂ ਨੇ 'ਆਰਕਟਿਕ ਸਰਕਲ ਇੰਡੀਆ ਫੋਰਮ’ ਵਿਚ ਕਿਹਾ, ‘‘ਮੈਂ ਜਿਵੇਂ ਰੂਸ ਦੇ ਯਥਾਰਥਵਾਦ ਦਾ ਸਮਰਥਕ ਹਾਂ, ਉਸੇ ਤਰ੍ਹਾਂ ਮੈਂ ਅਮਰੀਕਾ ਦੇ ਯਥਾਰਥਵਾਦ ਦਾ ਵੀ ਸਮਰਥਕ ਹਾਂ।’’ ਉਨ੍ਹਾਂ ਕਿਹਾ, ‘‘ਮੈਨੂੰ ਲੱਗਦਾ ਹੈ ਕਿ ਅੱਜ ਦੇ ਅਮਰੀਕਾ ਨਾਲ ਜੁੜਨ ਦਾ ਸਭ ਤੋਂ ਵਧੀਆ ਤਰੀਕਾ ਹੈ ਹਿੱਤਾਂ ਦੀ ਆਪਸੀ ਇਕਸਾਰਤਾ ਨੂੰ ਲੱਭਣਾ, ਨਾ ਕਿ ਵਿਚਾਰਕ ਮਤਭੇਦਾਂ ਨੂੰ ਇਕੱਠੇ ਕੰਮ ਕਰਨ ਦੀਆਂ ਸਾਡੀਆਂ ਸੰਭਾਵਨਾਵਾਂ ਨੂੰ ਕਮਜ਼ੋਰ ਹੋਣ ਦੇਣਾ।’’
ਜੈਸ਼ੰਕਰ ਨੇ ਕਿਹਾ, ‘ਮੈਨੂੰ ਲੱਗਦਾ ਹੈ ਕਿ ਯੂਰਪ ਦਾ ਕੁਝ ਹਿੱਸਾ ਅਜੇ ਵੀ ਇਸ ਸਮੱਸਿਆ ਨਾਲ ਜੂਝ ਰਹੇ ਹਨ। ਕੁਝ ਹਿੱਸਿਆਂ ਵਿਚ ਬਦਲਾਅ ਆਇਆ ਹੈ। ਉਨ੍ਹਾਂ ਕਿਹਾ ਕਿ ਯੂਰਪ ਨੂੰ ‘ਕੁਝ ਹੱਦ ਤੱਕ ਹਕੀਕਤ ਦਾ ਅਹਿਸਾਸ’ ਹੋਇਆ ਹੈ। ਉਨ੍ਹਾਂ ਕਿਹਾ, ‘ਹੁਣ ਸਾਨੂੰ ਇਹ ਦੇਖਣਾ ਹੋਵੇਗਾ ਕਿ ਉਹ ਇਸ 'ਤੇ ਅੱਗੇ ਵਧ ਸਕਦੇ ਹਨ ਜਾਂ ਨਹੀਂ।’’