ਅਸੀਂ ਪੂਰੀ ਤਰ੍ਹਾਂ ਇਕਜੁੱਟ, ਸਾਡੇ ਇੱਥੇ ਲੋਕ ਮਨ ਦੀ ਗੱਲ ਖੁੱਲ੍ਹ ਕੇ ਕਰਦੇ ਹਨ : ਕਾਂਗਰਸ
Monday, Sep 05, 2022 - 03:48 PM (IST)
ਨਵੀਂ ਦਿੱਲੀ (ਭਾਸ਼ਾ)- ਕਾਂਗਰਸ ਨੇ ਸੋਮਵਾਰ ਨੂੰ ਕਿਹਾ ਕਿ ਉਹ ਪੂਰੀ ਤਰ੍ਹਾਂ ਨਾਲ ਇਕਜੁੱਟ ਹੈ ਅਤੇ ਇਸ ਦੇ ਆਗੂ (ਪਾਰਟੀ ਵਿਚ) ਆਪਣੀ ਗੱਲ ਖੁੱਲ੍ਹ ਕੇ ਬੋਲਦੇ ਹਨ ਕਿਉਂਕਿ ਇਹ ਇਕ ਲੋਕਤੰਤਰੀ ਪਾਰਟੀ ਹੈ। ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਦੀ ਟਿੱਪਣੀ ਅਜਿਹੇ ਸਮੇਂ 'ਚ ਆਈ ਹੈ ਜਦੋਂ ਭਾਰਤੀ ਜਨਤਾ ਪਾਰਟੀ ਅਤੇ ਹਾਲ ਹੀ 'ਚ ਕਾਂਗਰਸ ਛੱਡਣ ਵਾਲੇ ਗੁਲਾਮ ਨਬੀ ਆਜ਼ਾਦ ਨੇ ਕਿਹਾ ਹੈ ਕਿ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ 'ਭਾਰਤ ਜੋੜੋ' ਯਾਤਰਾ ਤੋਂ ਪਹਿਲਾਂ ਕਾਂਗਰਸ ਨੂੰ ਜੋੜਨਾ ਚਾਹੀਦਾ ਹੈ। ਰਮੇਸ਼ ਨੇ ਪੱਤਰਕਾਰਾਂ ਨੂੰ ਕਿਹਾ,''ਪਾਰਟੀ ਮਜ਼ਬੂਤ ਹੈ... ਕਾਂਗਰਸ ਜੁੜੀ ਹੋਈ ਹੈ। ਜੋ ਕਾਂਗਰਸ ਵਿਚ ਅਸੰਤੁਸ਼ਟ ਹਨ, ਉਹ ਬਿਆਨਬਾਜ਼ੀ ਕਰਦੇ ਰਹਿੰਦੇ ਹਨ। ਮੈਂ ਸਮਝਦਾ ਹਾਂ ਕਿ ਅੱਜ ਪਾਰਟੀ ਇਕਜੁੱਟ ਹੈ। ਹਰ ਇਕ ਵਰਕਰ ਲੱਗਾ ਹੋਇਆ ਹੈ।''
ਉਨ੍ਹਾਂ ਦਾ ਕਹਿਣਾ ਸੀ,''ਕਾਂਗਰਸ ਇਕ ਬਹੁਤ ਵੱਡਾ ਪਰਿਵਾਰ ਹੈ। ਕਾਂਗਰਸ ਇਕ ਲੋਕਤੰਤਰੀ ਪਾਰਟੀ ਹੈ। ਲੋਕ ਖੁੱਲ੍ਹ ਕੇ ਆਪਣੇ ਮਨ ਦੀ ਗੱਲ ਕਰਦੇ ਹਨ। ਕੁਝ ਚਿੱਠੀਆਂ ਲਿਖਦੇ ਹਨ, ਕੁਝ ਇੰਟਰਵਿਊ ਦਿੰਦੇ ਹਨ। ਇਹ ਲੋਕਤੰਤਰ ਨੂੰ ਦਰਸਾਉਂਦਾ ਹੈ।” ਆਜ਼ਾਦ ਦਾ ਨਾਂ ਲਏ ਬਿਨਾਂ ਰਮੇਸ਼ ਨੇ ਕਿਹਾ,“ਸਾਡੇ ਇੱਥੇ ਕੋਈ ਤਾਨਾਸ਼ਾਹੀ ਨਹੀਂ ਹੈ। ਅਸੀਂ ਕਿਸੇ ਨੂੰ ਚੁੱਪ ਨਹੀਂ ਕਰਦੇ। ਅਸੀਂ ਲੋਕਾਂ ਨੂੰ ਮਨਾਉਂਦੇ ਹਾਂ। ਕੁਝ ਲੋਕ ਮਨਾਉਣ ਦੇ ਬਾਵਜੂਦ, ਗਾਲ੍ਹਾਂ ਕੱਢ ਕੇ ਚਲੇ ਜਾਂਦੇ ਹਨ। ਮੈਂ ਉਨ੍ਹਾਂ ਬਾਰੇ ਕੁਝ ਨਹੀਂ ਕਹਿਣਾ ਚਾਹੁੰਦਾ। ਪਹਿਲਾਂ ਹੀ ਕਹਿ ਚੁੱਕੇ ਹਾਂ।” ਉਨ੍ਹਾਂ ਕਿਹਾ,“ਇਹ ਕਹਿਣਾ ਗਲਤ ਹੈ ਕਿ ਸਾਡੀ ਤਰਜੀਹ ਕਾਂਗਰਸ ਨੂੰ ਜੋੜਨਾ ਹੋਣੀ ਚਾਹੀਦੀ ਹੈ। ਸਾਡੀ ਤਰਜੀਹ ਭਾਰਤ ਨੂੰ ਜੋੜਨ ਦੀ ਹੈ।''