ਸਮਾਜ ''ਚ ਜ਼ਹਿਰ ਘੋਲ ਰਹੇ ਨੇ ਮੋਦੀ : ਰਾਹੁਲ

Saturday, Jun 08, 2019 - 08:58 PM (IST)

ਵਾਇਨਾਡ: ਆਪਣੇ ਲੋਕ ਸਭਾ ਹਲਕੇ ਵਾਇਨਾਡ ਦੀ ਯਾਤਰਾ ਦੇ ਦੂਜੇ ਦਿਨ ਵੀ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਲੋਕ ਸਭਾ ਦੀਆਂ ਚੋਣਾਂ ਦੌਰਾਨ ਉਨ੍ਹਾਂ ਦਾ ਪ੍ਰਚਾਰ ਝੂਠਾ, ਜ਼ਹਿਰੀਲਾ ਤੇ ਨਫਰਤ ਭਰਿਆ ਸੀ ਪਰ ਅਸੀਂ ਉਨ੍ਹਾਂ ਦੀ ਇਸ ਵੰਡ ਪਾਊ ਨੀਤੀ ਵਿਰੁੱਧ ਲੜਦੇ ਰਹਾਂਗੇ। ਮੋਦੀ ਸਮਾਜ 'ਚ ਜ਼ਹਿਰ ਘੋਲ ਰਹੇ ਹਨ, ਜਦਕਿ ਕਾਂਗਰਸ ਸੱਚਾਈ ਤੇ ਪਿਆਰ ਨਾਲ ਖੜ੍ਹੀ ਸੀ, ਹੈ ਤੇ ਰਹੇਗੀ।
ਚੋਣ ਜਿੱਤਣ ਪਿੱਛੋਂ ਪਹਿਲੀ ਵਾਰ ਆਪਣੇ ਚੋਣ ਹਲਕੇ 'ਚ ਆਏ ਰਾਹੁਲ ਨੇ ਰੋਡ ਸ਼ੋਅ ਤੋਂ ਬਾਅਦ ਕਾਲਪੇਟਾ, ਕਮਬਾਲਕਾਡੂ ਤੇ ਪਨਾਮਰਮ ਵਿਖੇ ਪਾਰਟੀ ਵਰਕਰਾਂ ਨਾਲ ਗੱਲਬਾਤ ਕੀਤੀ। ਰਾਹੁਲ ਨੇ ਦੋਸ਼ ਲਾਇਆ ਕਿ ਮੋਦੀ ਹਥਿਆਰ ਵਜੋਂ ਨਫਰਤ, ਗੁੱਸਾ ਤੇ ਝੂਠ ਦੀ ਵਰਤੋਂ ਕਰਦੇ ਹਨ। ਕਾਂਗਰਸ ਪਾਰਟੀ ਪ੍ਰਧਾਨ ਮੰਤਰੀ ਵਲੋਂ ਦਿਖਾਈਆਂ ਜਾਣ ਵਾਲੀਆਂ ਮਾੜੀਆਂ ਭਾਵਨਾਵਾਂ ਵਿਰੁੱਧ ਲੜਦੀ ਰਹੇਗੀ। ਰਾਹੁਲ ਦੇ ਰੋਡ ਸ਼ੋਅ ਦੌਰਾਨ ਲੋਕ ਸੜਕਾਂ ਦੇ ਦੋਵੇਂ ਪਾਸੇ ਖੜ੍ਹੇ ਸਨ। ਉਨ੍ਹਾਂ ਆਪਣੇ ਨਵੇਂ ਚੁਣੇ ਗਏ ਸੰਸਦ ਮੈਂਬਰ ਦਾ ਸਵਾਗਤ ਕੀਤਾ। ਰਾਹੁਲ ਨੇ ਇਥੋਂ 4 ਲੱਖ 31 ਹਜ਼ਾਰ ਵੋਟਾਂ ਨਾਲ ਚੋਣ ਜਿੱਤੀ ਹੈ।


Related News