ਮੀਂਹ ਕਾਰਨ ਜਲਥਲ ਹੋਇਆ ਦਿੱਲੀ, ਆਵਾਜਾਈ ਪ੍ਰਭਾਵਿਤ
Sunday, Aug 18, 2024 - 09:14 PM (IST)
ਨੈਸ਼ਨਲ ਡੈਸਕ : ਰਾਸ਼ਟਰੀ ਰਾਜਧਾਨੀ 'ਚ ਐਤਵਾਰ ਨੂੰ ਪਏ ਮੀਂਹ ਤੋਂ ਬਾਅਦ ਪਾਣੀ ਭਰ ਜਾਣ ਕਾਰਨ ਮਜਨੂੰ ਕਾ ਟਿੱਲਾ ਅਤੇ ਚੌਧਰੀ ਫਤਿਹ ਸਿੰਘ ਮਾਰਗ 'ਤੇ ਵਾਹਨਾਂ ਦੀ ਆਵਾਜਾਈ 'ਚ ਵਿਘਨ ਪਿਆ, ਜਿਸ ਕਾਰਨ ਪੁਲਸ ਨੇ ਆਵਾਜਾਈ ਨੂੰ ਮੋੜਨ ਲਈ ਐਡਵਾਈਜ਼ਰੀ ਜਾਰੀ ਕੀਤੀ। ਭਾਰਤ ਮੌਸਮ ਵਿਭਾਗ (IMD) ਦੇ ਅਨੁਸਾਰ, ਐਤਵਾਰ ਨੂੰ ਦਿੱਲੀ ਦੇ ਕੁਝ ਹਿੱਸਿਆਂ ਵਿੱਚ ਹਲਕੀ ਬਾਰਿਸ਼ ਹੋਈ। ਦਿੱਲੀ ਨਗਰ ਨਿਗਮ ਨੇ ਕਿਹਾ ਕਿ ਉਸ ਨੂੰ ਨਰੇਲਾ, ਰੋਹਿਣੀ, ਦੱਖਣੀ ਦਿੱਲੀ, ਸ਼ਾਹਦਰਾ, ਨਜਫਗੜ੍ਹ ਅਤੇ ਸਿਵਲ ਲਾਈਨਜ਼ ਦੇ ਵੱਖ-ਵੱਖ ਖੇਤਰਾਂ ਤੋਂ ਪਾਣੀ ਭਰਨ ਦੀਆਂ 11 ਸ਼ਿਕਾਇਤਾਂ ਮਿਲੀਆਂ ਹਨ। ਦਿੱਲੀ ਪੁਲਸ ਨੇ ਦੱਸਿਆ ਕਿ ਪਾਣੀ ਭਰਨ ਕਾਰਨ ਮਜਨੂੰ ਕਾ ਟਿੱਲਾ ਅਤੇ ਚੌਧਰੀ ਫਤਿਹ ਸਿੰਘ ਮਾਰਗ 'ਤੇ ਆਵਾਜਾਈ ਪ੍ਰਭਾਵਿਤ ਹੋਈ।
ਪੁਲਸ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਇਕ ਪੋਸਟ 'ਚ ਕਿਹਾ ਕਿ ਮਜਨੂੰ ਕਾ ਟੀਲਾ ਖੇਤਰ 'ਚ ਪਾਣੀ ਭਰਨ ਕਾਰਨ ਆਵਾਜਾਈ ਨੂੰ ਮੋੜ ਦਿੱਤਾ ਗਿਆ ਹੈ ਅਤੇ ਘੱਟੋ-ਘੱਟ ਤਾਪਮਾਨ 27 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਸ਼ਾਮ 5:30 ਵਜੇ ਨਮੀ 72 ਫੀਸਦੀ ਦਰਜ ਕੀਤੀ ਗਈ। ਮੌਸਮ ਵਿਭਾਗ ਨੇ ਸੋਮਵਾਰ ਨੂੰ ਆਮ ਤੌਰ 'ਤੇ ਬੱਦਲ ਛਾਏ ਰਹਿਣ ਅਤੇ ਹਲਕੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਹੈ।
ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਕੜਿਆਂ ਦੇ ਅਨੁਸਾਰ, ਰਾਸ਼ਟਰੀ ਰਾਜਧਾਨੀ ਵਿੱਚ ਔਸਤ ਹਵਾ ਗੁਣਵੱਤਾ ਇਨਡੈਕਸ (ਏਕਿਊਆਈ) 82 ਦਰਜ ਕੀਤਾ ਗਿਆ, ਜੋ ਕਿ 'ਤਸੱਲੀਬਖਸ਼' ਸ਼੍ਰੇਣੀ ਵਿੱਚ ਆਉਂਦਾ ਹੈ। ਜ਼ੀਰੋ ਅਤੇ 50 ਦੇ ਵਿਚਕਾਰ AQI 'ਚੰਗਾ', 51 ਤੋਂ 100 'ਤਸੱਲੀਬਖਸ਼' ਹੈ, 101 ਤੋਂ 200 'ਦਰਮਿਆਨਾ', 201 ਤੋਂ 300 'ਮਾੜਾ', 301 ਤੋਂ 400 'ਬਹੁਤ ਮਾੜਾ' ਤੇ 401 ਤੋਂ 500 'ਚ 'ਗੰਭੀਰ' ਮੰਨਿਆ ਜਾਂਦਾ ਹੈ।