ਹੁਣ ਟ੍ਰੇਨਾਂ ਦੀ ਆਵਾਜਾਈ ਠੱਪ ਹੋਣ ਦਾ ਡਰ! ਲੋਕੋ ਪਾਇਲਟਾਂ ਨੇ ਦਿੱਤੀ ਚਿਤਾਵਨੀ
Tuesday, Dec 09, 2025 - 03:00 PM (IST)
ਵੈੱਬ ਡੈਸਕ : ਇੰਡੀਗੋ ਏਅਰਲਾਈਨਜ਼ ਵਿੱਚ ਪਾਇਲਟਾਂ ਦੀ ਕਮੀ ਕਾਰਨ ਪੈਦਾ ਹੋਈ ਅਫਰਾ-ਤਫਰੀ ਅਜੇ ਖ਼ਤਮ ਨਹੀਂ ਹੋਈ ਸੀ ਕਿ ਹੁਣ ਦੇਸ਼ ਦੀ ਲਾਈਫਲਾਈਨ ਮੰਨੀ ਜਾਂਦੀ ਭਾਰਤੀ ਰੇਲਵੇ 'ਤੇ ਇੱਕ ਨਵਾਂ ਸੰਕਟ ਮੰਡਰਾ ਰਿਹਾ ਹੈ। ਲੰਬੇ ਸਮੇਂ ਤੋਂ ਵਧ ਰਹੇ ਕੰਮ ਦੇ ਬੋਝ ਅਤੇ ਥਕਾਵਟ ਦੇ ਮੁੱਦੇ ਨੂੰ ਲੈ ਕੇ ਲੋਕੋ ਪਾਇਲਟਾਂ ਨੇ ਸਪੱਸ਼ਟ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਾ ਹੋਈਆਂ ਤਾਂ ਟ੍ਰੇਨਾਂ ਦੀ ਰਫ਼ਤਾਰ ਹੀ ਨਹੀਂ, ਸਗੋਂ ਪੂਰੇ ਰੇਲ ਸੰਚਾਲਨ 'ਤੇ ਡੂੰਘਾ ਅਸਰ ਪੈ ਸਕਦਾ ਹੈ।
ਇੰਡੀਗੋ ਵਰਗੇ ਹਾਲਾਤ ਬਣਨ ਦਾ ਖ਼ਦਸ਼ਾ
ਪਿਛਲੇ ਹਫ਼ਤੇ, ਇੰਡੀਗੋ ਵਿੱਚ ਪਾਇਲਟਾਂ ਦੀ ਘਾਟ ਕਾਰਨ ਹਜ਼ਾਰਾਂ ਉਡਾਣਾਂ ਨੂੰ ਰੋਕਣਾ ਪਿਆ ਸੀ। ਇਹ ਗੜਬੜੀ ਉਦੋਂ ਹੋਈ ਜਦੋਂ ਫਲਾਈਟ ਡਿਊਟੀ ਟਾਈਮ ਲਿਮਟੇਸ਼ਨ (FDTL) ਅਤੇ ਫਟੀਗ ਰਿਸਕ ਮੈਨੇਜਮੈਂਟ ਸਿਸਟਮ (FRMS) ਦੇ ਤਹਿਤ ਪਾਇਲਟਾਂ ਦੇ ਆਰਾਮ ਨਾਲ ਜੁੜੇ ਨਵੇਂ ਮਾਪਦੰਡਾਂ ਦੀ ਸਹੀ ਪਾਲਣਾ ਨਹੀਂ ਹੋਈ। ਹੁਣ ਠੀਕ ਇਹੀ ਸਥਿਤੀ ਭਾਰਤੀ ਰੇਲਵੇ 'ਚ ਵੀ ਬਣਨ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ।
ਰੇਲਵੇ ਦੇ ਲੋਕੋ ਪਾਇਲਟ ਕੰਮ ਦੇ ਘੰਟੇ ਤੈਅ ਕਰਨ ਅਤੇ ਥਕਾਵਟ ਰੋਕਣ ਵਾਲੇ ਨਿਯਮ ਲਾਗੂ ਕਰਨ ਦੀ ਮੰਗ 'ਤੇ ਅੜੇ ਹੋਏ ਹਨ। ਉਨ੍ਹਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਦੀ ਗੱਲ ਨਾ ਮੰਨੀ ਗਈ, ਤਾਂ ਟ੍ਰੇਨਾਂ ਦੀ ਆਵਾਜਾਈ 'ਤੇ ਵੱਡਾ ਅਸਰ ਪੈ ਸਕਦਾ ਹੈ।
ਕੰਮ ਦੇ ਬੋਝ ਕਾਰਨ ਸੁਰੱਖਿਆ ਨੂੰ ਖ਼ਤਰਾ
ਇੱਕ ਰਿਪੋਰਟ ਅਨੁਸਾਰ, ਰੇਲਵੇ ਵਿੱਚ ਲੰਬੇ ਸਮੇਂ ਤੋਂ ਲੋਕੋ ਪਾਇਲਟਾਂ ਦੀ ਭਾਰੀ ਕਮੀ ਹੈ। ਖਾਲੀ ਅਸਾਮੀਆਂ 'ਤੇ ਭਰਤੀ ਦੀ ਮੰਗ ਵਾਰ-ਵਾਰ ਉੱਠਦੀ ਰਹੀ ਹੈ, ਪਰ ਭਰਤੀ ਪ੍ਰਕਿਰਿਆ ਅੱਗੇ ਨਹੀਂ ਵਧੀ। ਇਸ ਕਮੀ ਕਾਰਨ ਮੌਜੂਦਾ ਪਾਇਲਟਾਂ 'ਤੇ ਕੰਮ ਦਾ ਦਬਾਅ ਵੱਧ ਕੇ ਖ਼ਤਰਨਾਕ ਪੱਧਰ 'ਤੇ ਪਹੁੰਚ ਗਿਆ ਹੈ। ਲਗਾਤਾਰ ਲੰਬੇ ਘੰਟੇ ਟ੍ਰੇਨਾਂ ਚਲਾਉਣ ਨਾਲ ਪਾਇਲਟਾਂ ਵਿੱਚ ਥਕਾਵਟ ਵੱਧ ਰਹੀ ਹੈ, ਜਿਸ ਨਾਲ ਸੁਰੱਖਿਆ ਨੂੰ ਗੰਭੀਰ ਖ਼ਤਰਾ ਪੈਦਾ ਹੁੰਦਾ ਹੈ। ਯੂਨੀਅਨਾਂ ਇਸੇ ਕਾਰਨ ਵਿਗਿਆਨਕ ਰੋਸਟਰ, ਢੁਕਵਾਂ ਆਰਾਮ ਅਤੇ ਲੇਬਰ ਸੁਧਾਰਾਂ ਵਰਗੇ ਕਦਮ ਚੁੱਕਣ ਦੀ ਮੰਗ ਕਰ ਰਹੀਆਂ ਹਨ। ਯੂਨੀਅਨ ਨੇ ਚਿਤਾਵਨੀ ਦਿੱਤੀ ਹੈ ਕਿ ਰੇਲਵੇ ਨੂੰ ਹਾਲਾਤ ਵਿਗੜਨ ਤੋਂ ਪਹਿਲਾਂ ਹੀ ਇੰਡੀਗੋ ਤੋਂ ਸਬਕ ਲੈਣਾ ਚਾਹੀਦਾ ਹੈ।
ਇੰਡੀਗੋ ਨਾਲੋਂ ਜ਼ਿਆਦਾ ਗੰਭੀਰ ਹੋ ਸਕਦਾ ਹੈ ਸੰਕਟ
ਜੇਕਰ ਲੋਕੋ ਪਾਇਲਟ ਆਪਣੀਆਂ ਮੰਗਾਂ 'ਤੇ ਅਡਿੱਗ ਰਹਿੰਦੇ ਹਨ ਤਾਂ ਦੇਸ਼ ਭਰ 'ਚ ਟ੍ਰੇਨਾਂ ਦਾ ਸੰਚਾਲਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਸਕਦਾ ਹੈ। ਪਾਇਲਟਾਂ ਦਾ ਕਹਿਣਾ ਹੈ ਕਿ ਇਹ ਸਥਿਤੀ ਇੰਡੀਗੋ ਸੰਕਟ ਨਾਲੋਂ ਵੀ ਜ਼ਿਆਦਾ ਗੰਭੀਰ ਸਾਬਤ ਹੋ ਸਕਦੀ ਹੈ, ਕਿਉਂਕਿ ਰੇਲ ਨੈੱਟਵਰਕ ਬਹੁਤ ਵੱਡਾ ਹੈ, ਯਾਤਰੀਆਂ ਦੀ ਗਿਣਤੀ ਲੱਖਾਂ ਵਿੱਚ ਹੈ ਅਤੇ ਆਮ ਲੋਕਾਂ ਤੋਂ ਲੈ ਕੇ ਵਪਾਰ ਤੱਕ ਹਰ ਖੇਤਰ ਰੇਲਵੇ 'ਤੇ ਨਿਰਭਰ ਕਰਦਾ ਹੈ। ਲੋਕੋ ਪਾਇਲਟਾਂ ਨੇ ਜ਼ੋਰ ਦੇ ਕੇ ਕਿਹਾ ਹੈ ਕਿ "ਥੱਕੇ ਹੋਏ ਪਾਇਲਟ ਤੋਂ ਟ੍ਰੇਨ ਚਲਵਾਉਣਾ ਖ਼ਤਰੇ ਨੂੰ ਦਾਵਤ ਦੇਣਾ ਹੈ", ਇਸ ਲਈ ਕੰਮ ਦੇ ਘੰਟੇ ਤੈਅ ਹੋਣਾ ਲਾਜ਼ਮੀ ਹੈ।
