ਜ਼ਮੀਨ ’ਚੋਂ ਅਚਾਨਕ ਨਿਕਲਣ ਲੱਗਾ ਪਾਣੀ, ਸਮਾ ਗਿਆ ਟਰੱਕ
Sunday, Dec 29, 2024 - 12:04 AM (IST)
ਜੈਸਲਮੇਰ- ਜੈਸਲਮੇਰ ਜ਼ਿਲਾ ਰੇਤ ਦੇ ਵੱਡੇ ਟਿੱਬਿਆਂ ਅਤੇ ਰੇਗਿਸਤਾਨ ਲਈ ਜਾਣਿਆ ਜਾਂਦਾ ਹੈ ਜਿਥੇ ਗਰਮੀ ਦੇ ਦਿਨਾਂ ਵਿਚ ਤਾਪਮਾਨ 4 ਡਿਗਰੀ ਦੇ ਪਾਰ ਪੁੱਜ ਜਾਂਦਾ ਹੈ। ਰੇਤ ਦੇ ਟਿੱਬੇ ਹੋਣ ਕਾਰਨ ਜੈਸਲਮੇਰ ਵਿਚ ਪਾਣੀ ਦੀ ਵੱਡੀ ਸਮੱਸਿਆ ਹੁੰਦੀ ਹੈ। ਹਾਲਾਂਕਿ ਹੁਣ ਇਥੇ ਅਜੀਬੋ-ਗਰੀਬ ਘਟਨਾ ਸਾਹਮਣੇ ਆਈ ਹੈ, ਜੋ ਕਾਫੀ ਚਰਚਾ ਦਾ ਵਿਸ਼ਾ ਬਣ ਗਈ ਹੈ।
ਦਰਅਸਲ ਜ਼ਿਲੇ ਦੇ ਮੋਹਨਗੜ੍ਹ ਥਾਣਾ ਖੇਤਰ ਵਿਚ ਇਕ ਪਿੰਡ ਵਿਚ ਟਿਊਬਵੈੱਲ ਦੀ ਖੋਦਾਈ ਦੌਰਾਨ ਅਚਾਨਕ ਜ਼ਮੀਨ ਵਿਚੋਂ ਪਾਣੀ ਦੀ ਤੇਜ਼ ਧਾਰਾ ਨਿਕਲਣ ਲੱਗੀ ਅਤੇ ਦੇਖਦੇ ਹੀ ਦੇਖਦੇ ਚਾਰੋਂ ਪਾਸੇ ਪਾਣੀ ਹੀ ਪਾਣੀ ਨਜ਼ਰ ਆਉਣ ਲੱਗਾ। ਉਥੇ ਖੜਾ ਟਰੱਕ ਵੀ ਉਸੇ ਵਿਚ ਸਮਾ ਗਿਆ। ਘਟਨਾ ਦੀ ਜਾਣਕਾਰੀ ਮਿਲਣ ’ਤੇ ਪ੍ਰਸ਼ਾਸਨ ਨੇ ਨੇੜੇ-ਤੇੜੇ ਦੇ ਘਰਾਂ ਵਿਚ ਰਹਿ ਰਹੇ ਲੋਕਾਂ ਨੂੰ ਸੁਰੱਖਿਅਤ ਸਥਾਨ ’ਤੇ ਜਾਣ ਦਾ ਨਿਰਦੇਸ਼ ਦਿੱਤਾ।
ਇਹ ਘਟਨਾ ਜੈਸਲਮੇਰ ਦੇ ਮੋਹਨਗੜ੍ਹ ਵਿਚ ਸ਼ਾਸਤਰੀ ਨਗਰ ਗ੍ਰਾਮ ਪੰਚਾਇਤ ਦੇ ਤਾਰਾਗੜ੍ਹ ਪਿੰਡ ਦੀ ਹੈ। ਟਿਊਬਵੈੱਲ ਦੀ ਖੋਦਾਈ ਕਰ ਰਹੀ ਮਸ਼ੀਨ ਅੰਦਰ ਧੱਸ ਗਈ। ਪਾਣੀ ਦਾ ਪ੍ਰੈਸ਼ਰ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ ਅਤੇ ਖੱਡਾ ਵੀ ਚੌੜਾ ਹੁੰਦਾ ਜਾ ਰਿਹਾ ਹੈ।