ਸੋਪੋਰ ਹਮਲੇ ’ਚ ਵਾਰਡ ਕੌਂਸਲਰ ਤੇ ਐੱਸ. ਪੀ. ਓ. ਦੀ ਮੌਤ
Monday, Mar 29, 2021 - 04:34 PM (IST)
ਬਾਰਾਮੂਲਾ (ਭਾਸ਼ਾ) : ਜੰਮੂ-ਕਸ਼ਮੀਰ ਦੇ ਸੋਪੋਰ ਸ਼ਹਿਰ ’ਚ ਸੋਮਵਾਰ ਅੱਤਵਾਦੀਆਂ ਦੇ ਸ਼ੱਕੀ ਹਮਲੇ ’ਚ ਨਿਗਮ ਸੰਮਤੀ (ਐੱਸ. ਐੱਮ. ਸੀ.) ਦੇ ਕੌਂਸਲਰ ਰਿਆਜ਼ ਅਹਿਮਦ ਤੇ ਉਸ ਦੇ ਨਿੱਜੀ ਸੁਰੱਖਿਆ ਅਧਿਕਾਰੀ (ਪੀ. ਐੱਸ. ਓ.) ਦੀ ਮੌਤ ਹੋ ਗਈ, ਜਦਕਿ ਇਕ ਹੋਰ ਜ਼ਖ਼ਮੀ ਹੋ ਗਿਆ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਘਟਨਾ ਸਮੇਂ ਰਿਆਜ਼ ਐੱਸ. ਐੱਮ. ਸੀ. ਦਫਤਰ ਜਾ ਰਿਹਾ ਸੀ, ਜੋ ਡਾਕ ਬੰਗਲਾ ਦੇ ਨੇੜੇ ਹੈ ਤਾਂ ਸ਼ੱਕੀ ਅੱਤਵਾਦੀਆਂ ਨੇ ਉਸ ਦੇ ਵਾਹਨ ’ਤੇ ਸਵ-ਚਾਲਿਤ ਹਥਿਆਰਾਂ ਨਾਲ ਹਮਲਾ ਕਰ ਦਿੱਤਾ।
ਰਿਆਜ਼ ਅਤੇ ਉਸ ਦੇ ਮੁਸ਼ਤਾਕ ਅਹਿਮਦ ਨਾਮੀ ਐੱਸ. ਪੀ. ਓ. ਅਤੇ ਇਕ ਹੋਰ ਵਿਅਕਤੀ ਇਸ ਹਮਲੇ ’ਚ ਗੰਭੀਰ ਤੌਰ ’ਤੇ ਜ਼ਖਮੀ ਹੋ ਗਏ। ਤਿੰਨਾਂ ਨੂੰ ਜਲਦ ਹਸਪਤਾਲ ਦਾਖਲ ਕਰਾਇਆ ਗਿਆ। ਰਿਆਜ਼ ਅਤੇ ਐੱਸ. ਪੀ. ਓ. ਇਲਾਜ ਦੌਰਾਨ ਸ਼ਹੀਦ ਹੋ ਗਏ, ਜਦਕਿ ਇਕ ਹੋਰ ਨੂੰ ਜ਼ਖਮੀ ਗੰਭੀਰ ਹਾਲਤ ’ਚ ਸ਼੍ਰੀਨਗਰ ਹਸਪਤਾਲ ’ਚ ਰੈਫਰ ਕਰ ਦਿੱਤਾ ਗਿਆ।
ਘਟਨਾ ਤੋਂ ਤੁਰੰਤ ਬਾਅਦ ਰਾਸ਼ਟਰੀ ਰਾਈਫਲ, ਸੂਬਾਈ ਪੁਲਸ ਦੇ ਵਿਸ਼ੇਸ਼ ਮੁਹਿੰਮ ਸਮੂਹ ਤੇ ਕੇਂਦਰੀ ਰਿਜ਼ਰਵ ਪੁਲਸ ਬਲ ਨੇ ਇਲਾਕੇ ਨੂੰ ਚਾਰੋਂ ਪਾਸਿਓਂ ਘੇਰ ਲਿਆ ਅਤੇ ਹਮਲਾਵਰਾਂ ਦੀ ਭਾਲ ’ਚ ਵੱਡੀ ਪੱਧਰ ’ਤੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਇਸ ਹਮਲੇ ਕਾਰਨ ਸੋਪੋਰ ਸ਼ਹਿਰ ਦੇ ਮੁੱਖ ਇਲਾਕੇ ’ਚ ਆਵਾਜਾਈ ਪ੍ਰਭਾਵਿਤ ਹੋਈ। ਇਸ ਘਟਨਾ ਕਾਰਨ ਕਾਰੋਬਾਰੀ ਅਤੇ ਹੋਰ ਗਤੀਵਿਧੀਆਂ ’ਤੇ ਵੀ ਉਲਟ ਅਸਰ ਪਿਆ ਹੈ।