ਵਾਹਗਿਓਂ ਪਾਰ ਬਦਲੀ ਸਰਕਾਰ, ਨਹੀਂ ਬਦਲੇ ਵਿਚਾਰ

Monday, Sep 10, 2018 - 02:48 PM (IST)

ਜਲੰਧਰ/ਜੰਮੂ-ਕਸ਼ਮੀਰ (ਜੁਗਿੰਦਰ ਸੰਧੂ) ਵਾਹਗੇ ਤੋਂ ਪਾਰ ਨਵੀਂ ਸਰਕਾਰ ਨੇ ਬੀਤੇ ਦਿਨੀਂ ਪਾਕਿਸਤਾਨ ਦਾ ਕਾਰਜਭਾਰ ਸੰਭਾਲ ਲਿਆ ਪਰ ਉਸ ਦੇ ਵਿਚਾਰਾਂ ਵਿਚ ਕੁਝ ਵੀ ਨਵਾਂ ਨਹੀਂ, ਖਾਸ ਕਰ ਕੇ ਭਾਰਤ ਅਤੇ ਜੰਮੂ-ਕਸ਼ਮੀਰ ਦੇ ਨਜ਼ਰੀਏ ਤੋਂ ਕੋਈ ਤਬਦੀਲੀ ਹੁਣ ਤਕ ਦਿਖਾਈ ਨਹੀਂ ਦਿੱਤੀ। ਜਿਸ ਵੇਲੇ ਇਮਰਾਨ ਖਾਨ ਪ੍ਰਧਾਨ ਮੰਤਰੀ ਵਜੋਂ ਉਸ ਦੌਰਾਨ ਵੀ ਅਹੁਦਾ ਸੰਭਾਲ ਰਹੇ ਸਨ, ਪਾਕਿਸਤਾਨੀ ਸੈਨਿਕ ਜੰਮੂ-ਕਸ਼ਮੀਰ ਦੇ ਕੁੱਪਵਾੜਾ ਅਤੇ ਹੋਰ ਖੇਤਰਾਂ ਵਿਚ ਗੋਲੀਬਾਰੀ ਕਰ ਰਹੇ ਸਨ। ਗੋਲੀਬਾਰੀ ਦਾ ਇਹ ਸਿਲਸਿਲਾ ਪ੍ਰਵੇਜ਼ ਮੁਸ਼ੱਰਫ ਦੇ ਸ਼ਾਸਨ ਵੇਲੇ ਵੀ ਸੀ ਅਤੇ ਉਸ ਪਿੱਛੋਂ ਆਈਆਂ ਸਰਕਾਰਾਂ ਦੌਰਾਨ ਵੀ ਜਾਰੀ ਰਿਹਾ। ਪਿਛਲੇ ਸਾਲਾਂ ਵਿਚ ਇਸ ਗੋਲੀਬਾਰੀ ਨੇ ਜੰਮੂ-ਕਸ਼ਮੀਰ ਦੇ ਲੱਖਾਂ ਲੋਕਾਂ ਨੂੰ ਨੁਕਸਾਨ ਪਹੁੰਚਾਇਆ ਅਤੇ ਕਈਆਂ ਦੀਆਂ ਜਾਨਾਂ ਲਈਆਂ।

ਇਹ ਆਸ ਕਰਨੀ ਕਿ ਪਾਕਿਸਤਾਨ ਦੀ ਨਵੀਂ ਸਰਕਾਰ ਇਸ ਗੋਲੀਬਾਰੀ ਨੂੰ ਰੋਕ ਦੇਵੇਗੀ ਜਾਂ ਕਸ਼ਮੀਰ ਦਾ ਰਾਗ ਅਲਾਪਣਾ ਬੰਦ ਕਰ ਦੇਵੇਗੀ, ਦੂਰ ਦੀ ਗੱਲ ਜਾਪਦੀ ਹੈ। ਪਾਕਿਸਤਾਨ ਦੇ ਨਵੇਂ ਵਿਦੇਸ਼ ਮੰਤਰੀ ਨੇ ਕਸ਼ਮੀਰ ਬਾਰੇ ਬੇਸੁਰਾ ਰਾਗ ਅਲਾਪਦਿਆਂ ਪ੍ਰਮਾਣੂ ਹਥਿਆਰਾਂ ਦੀ ਗੱਲ ਕਰ ਕੇ ਆਪਣੇ ਤੋਂ ਪਹਿਲਾਂ ਵਾਲੀਆਂ ਸਰਕਾਰਾਂ ਦਾ ਰੁਖ਼ ਹੀ ਅਪਣਾਇਆ । ਇਹ ਅਜਿਹਾ ਰੁਖ਼ ਹੈ, ਜਿਸ ਨੇ ਜੰਮੂ-ਕਸ਼ਮੀਰ ਦੇ ਪਿੰਡੇ ਨੂੰ ਅਣਗਿਣਤ ਜ਼ਖ਼ਮ ਲਾਏ ਹਨ।

ਜੰਮੂ ਦੇ ਸਰਹੱਦੀ ਖੇਤਰਾਂ ਵਿਚ ਦਰਜਨਾਂ ਪਿੰਡ ਅਜਿਹੇ ਹਨ, ਜਿਨ੍ਹਾਂ ਦੇ ਘਰਾਂ ਦੀਆਂ ਕੰਧਾਂ ਪਾਕਿਸਤਾਨੀ ਸੈਨਿਕਾਂ ਵਲੋਂ ਕੀਤੀ ਜਾਂਦੀ ਗੋਲੀਬਾਰੀ ਨੇ ਛਲਣੀ ਕਰ ਦਿੱਤੀਆਂ ਹਨ। ਘਰ-ਘਰ ਵਿਚ ਬੈਠੇ ਜ਼ਖ਼ਮੀ ਅਤੇ ਪੀੜਤ ਲੋਕਾਂ ਦੀਆਂ ਅੱਖਾਂ 'ਚੋਂ ਵਹਿੰਦੇ ਹੰਝੂਆਂ ਦੀ ਭਾਸ਼ਾ ਉਸ ਦਰਦ ਨੂੰ ਆਪਣੇ ਆਪ ਬਿਆਨ ਕਰ ਦਿੰਦੀ ਹੈ, ਜਿਹੜਾ ਉਹ ਦਹਾਕਿਆਂ ਤੋਂ ਹੰਢਾ ਰਹੇ ਹਨ।

ਅਜਿਹੇ ਪੀੜਾਂ ਮਾਰੇ ਲੋਕਾਂ ਦੇ ਜ਼ਖ਼ਮਾਂ 'ਤੇ ਮੱਲ੍ਹਮ ਲਾਉਣ ਲਈ ਹੀ ਪੰਜਾਬ ਕੇਸਰੀ ਪੱਤਰ ਸਮੂਹ ਵਲੋਂ ਇਕ ਵਿਸ਼ੇਸ਼ ਰਾਹਤ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਅਧੀਨ 478ਵੇਂ ਟਰੱਕ ਦੀ ਰਾਹਤ ਸਮੱਗਰੀ ਬੀਤੇ ਦਿਨੀਂ ਪਾਕਿਸਤਾਨ ਨਾਲ ਲੱਗਦੇ ਸਰਹੱਦੀ ਖੇਤਰ ਸੁਚੇਤਗੜ੍ਹ ਦੇ ਪਿੰਡ ਬੇਰਾ ਵਿਚ ਵੰਡੀ ਗਈ। ਇਸ ਮੌਕੇ 'ਤੇ 300 ਦੇ ਕਰੀਬ ਪਰਿਵਾਰਾਂ ਨੂੰ ਆਟਾ, ਚਾਵਲ, ਕੰਬਲ ਵੰਡੇ ਗਏ। ਇਹ ਸਮੱਗਰੀ ਸਾਈ ਸੇਵਾ ਫਾਊਂਡੇਸ਼ਨ ਲੁਧਿਆਣਾ ਵਲੋਂ ਭਿਜਵਾਈ ਗਈ ਸੀ।

ਸਮੱਗਰੀ ਲੈਣ ਲਈ ਜੁੜੇ ਪਰਿਵਾਰਾਂ ਨੂੰ ਸੰਬੋਧਨ ਕਰਦਿਆਂ ਫਾਊਂਡੇਸ਼ਨ ਦੀ ਮੁਖੀ ਮੈਡਮ ਚਿੰਕੀ ਗਾਂਧੀ ਨੇ ਕਿਹਾ ਕਿ ਪਾਕਿਸਤਾਨ ਦੀ ਗੋਲੀਬਾਰੀ ਤੋਂ ਪ੍ਰਭਾਵਿਤ ਮੁਸੀਬਤ ਮਾਰੇ ਲੋਕਾਂ ਦਾ ਦੁੱਖ-ਦਰਦ ਵੰਡਾਉਣ ਵਿਚ ਕੋਈ ਕਸਰ ਨਹੀਂ ਛੱਡਾਂਗੇ। ਉਨ੍ਹਾਂ ਨੇ ਹੰਝੂਆਂ ਭਰੀ ਆਵਾਜ਼ ਵਿਚ ਪੀੜਤ ਔਰਤਾਂ ਨੂੰ ਕਿਹਾ ਕਿ ਸਾਈ ਸੇਵਾ ਫਾਊਂਡੇਸ਼ਨ ਹਰ ਵੇਲੇ ਉਨ੍ਹਾਂ ਦੇ ਨਾਲ ਹੈ ਅਤੇ ਜਲਦੀ ਹੀ ਹੋਰ ਸਮੱਗਰੀ ਭਿਜਵਾਈ ਜਾਵੇਗੀ। ਅਸੀਂ ਇਨ੍ਹਾਂ ਪਰਿਵਾਰਾਂ ਦਾ ਸਹਾਰਾ ਬਣਨ ਦੀ ਕੋਸ਼ਿਸ਼ ਕਰਾਂਗੇ।

ਫਾਊਂਡੇਸ਼ਨ ਦੀ ਚੇਅਰਪਰਸਨ ਕਿਰਨ ਸੂਦ ਨੇ ਕਿਹਾ ਕਿ ਪੀੜਤ ਪਰਿਵਾਰਾਂ ਦੀ ਮਦਦ ਲਈ ਸਾਨੂੰ ਬਹੁਤ ਪਹਿਲਾਂ ਯਤਨ ਕਰਨੇ ਚਾਹੀਦੇ ਸਨ। ਅਸੀਂ ਬਹੁਤ ਸਾਰੇ ਸਾਲ ਇਨ੍ਹਾਂ ਲੋਕਾਂ ਦਾ ਦੁੱਖ ਵੰਡਾਉਣ ਤੋਂ ਵਾਂਝੇ ਰਹੇ ਹਾਂ, ਜਿਵੇਂ ਇਹ ਸਮਾਂ ਅਸੀਂ ਵਿਅਰਥ ਗੁਆ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੀੜਤਾਂ ਦੀ ਹਰ ਸੰਭਵ ਸਹਾਇਤਾ ਦੀ ਕੋਸ਼ਿਸ਼ ਕੀਤੀ ਜਾਵੇਗੀ। ਸੰਸਥਾ ਦੀ ਪ੍ਰਧਾਨ ਰਿਪੂ ਗਿੱਲ ਨੇ ਕਿਹਾ ਕਿ ਜਿਸ ਤਰ੍ਹਾਂ ਪਾਕਿਸਤਾਨ ਵਲੋਂ ਵਾਰ-ਵਾਰ ਗੋਲੀਬਾਰੀ ਕੀਤੀ ਜਾਂਦੀ ਹੈ, ਅਜਿਹੇ ਹਾਲਾਤ 'ਚ ਰਹਿਣਾ ਬਹੁਤ ਬਹਾਦਰੀ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਖੇਤਰਾਂ 'ਚ ਰਹਿਣ ਵਾਲੀਆਂ ਔਰਤਾਂ ਦੇ ਹੌਸਲੇ ਦੀ ਸ਼ਲਾਘਾ ਕਰਨੀ ਬਣਦੀ ਹੈ। ਇਹ ਔਰਤਾਂ ਖਿੜੇ ਮੱਥੇ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੀਆਂ ਹਨ।

ਇਲਾਕੇ ਦੇ ਸਮਾਜ ਸੇਵੀ ਲਾਇਨ ਸੁਸ਼ੀਲ ਕੁਮਾਰ ਨੇ ਕਿਹਾ ਕਿ ਪੰਜਾਬ ਕੇਸਰੀ ਪਰਿਵਾਰ ਵਲੋਂ ਭੇਜੀ ਜਾਂਦੀ ਰਾਹਤ ਸਮੱਗਰੀ ਨੇ ਪੀੜਤ ਪਰਿਵਾਰਾਂ ਨੂੰ ਵੱਡਾ ਹੌਸਲਾ ਪ੍ਰਦਾਨ ਕੀਤਾ ਹੈ। ਵਿਜੇ ਕੁਮਾਰ ਚੋਪੜਾ ਜੀ ਦੇ ਆਸ਼ੀਰਵਾਦ ਨੇ ਸਾਨੂੰ ਨਿੱਤ-ਨਿੱਤ ਦੀ ਗੋਲੀਬਾਰੀ ਵਿਚ ਜਿਊਣਾ ਸਿਖਾਇਆ ਹੈ।

ਰਾਹਤ ਮੁਹਿੰਮ ਦੇ ਆਗੂ ਲਾਇਨ ਜੇ. ਬੀ. ਸਿੰਘ ਚੌਧਰੀ ਨੇ ਕਿਹਾ ਕਿ ਸਰਹੱਦੀ ਖੇਤਰਾਂ 'ਚ ਰਹਿਣ ਵਾਲੇ ਲੋਕਾਂ ਨੂੰ ਜਿਥੇ ਪਾਕਿਸਤਾਨ ਵਲੋਂ ਮਾਰ ਪੈਂਦੀ ਹੈ, ਉਥੇ ਸਹੂਲਤਾਂ ਦੀ ਘਾਟ ਕਾਰਨ ਵੀ ਉਹ ਦੁੱਖ ਭੋਗ ਰਹੇ ਹਨ। ਸਰਕਾਰ ਨੂੰ ਇਨ੍ਹਾਂ ਪਰਿਵਾਰਾਂ ਦੀ ਸਹਾਇਤਾ ਲਈ ਵਿਸ਼ੇਸ਼ ਪ੍ਰੋਗਰਾਮ ਉਲੀਕਣਾ ਚਾਹੀਦਾ ਹੈ।

ਯੋਗ ਗੁਰੂ ਸ਼੍ਰੀ ਵਰਿੰਦਰ ਸ਼ਰਮਾ ਨੇ ਕਿਹਾ ਕਿ ਗੋਲੀਬਾਰੀ ਤੋਂ ਪ੍ਰਭਾਵਿਤ ਲੋਕਾਂ ਦਾ ਇਕ-ਇਕ ਪਲ ਦੁੱਖਾਂ ਅਤੇ ਮੁਸੀਬਤਾਂ 'ਚ ਗੁਜ਼ਰਦਾ ਹੈ। ਇਨ੍ਹਾਂ ਲੋਕਾਂ ਨੂੰ ਨਾ ਦਿਨੇ ਚੈਨ ਹੁੰਦਾ ਹੈ ਅਤੇ ਨਾ ਰਾਤ ਨੂੰ ਆਰਾਮ ਨਾਲ ਸੌਂ ਸਕਦੇ ਹਨ। ਕਿਸ ਵੇਲੇ ਪਾਕਿਸਤਾਨ ਵਲੋਂ ਫਾਇਰਿੰਗ ਆਉਣੀ ਸ਼ੁਰੂ ਹੋ ਜਾਵੇ, ਕੋਈ ਨਹੀਂ ਜਾਣਦਾ ਹੁੰਦਾ। ਇਹ ਲੋਕ ਸਹਿਕ-ਸਹਿਕ ਕੇ ਆਪਣਾ ਜੀਵਨ ਗੁਜ਼ਾਰਦੇ ਹਨ।

ਲੁਧਿਆਣਾ ਤੋਂ ਪੰਜਾਬ ਕੇਸਰੀ ਦੇ ਪ੍ਰਤੀਨਿਧੀ ਦਿਨੇਸ਼ ਸੋਨੂੰ ਨੇ ਕਿਹਾ ਕਿ ਅਸੀਂ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਦੀ ਪ੍ਰੇਰਨਾ ਸਦਕਾ ਸੇਵਾ ਦੇ ਇਸ ਮਾਰਗ 'ਤੇ ਤੁਰੇ ਹਾਂ ਅਤੇ ਸਾਰੀ ਜ਼ਿੰਦਗੀ ਇਸ ਨੂੰ ਜਾਰੀ ਰੱਖਾਂਗੇ। ਸ. ਇਕਬਾਲ ਸਿੰਘ ਅਰਨੇਜਾ ਨੇ ਕਿਹਾ ਕਿ ਪੀੜਤ ਪਰਿਵਾਰਾਂ ਦੀ ਮਦਦ ਲਈ ਭਾਰਤ ਦੇ ਹਰ ਨਾਗਰਿਕ ਨੂੰ ਇਸ ਰਾਹਤ ਮੁਹਿੰਮ ਵਿਚ ਯੋਗਦਾਨ ਪਾਉਣਾ ਚਾਹੀਦਾ ਹੈ। ਇਸ ਮੌਕੇ ਫਾਊਂਡੇਸ਼ਨ ਦੀਆਂ ਮੈਂਬਰਾਂ ਆਸ਼ੂ ਮਹਿਰਾ, ਨੀਲੂ ਭਾਰਤੀ, ਕਸ਼ਿਸ਼ ਬਾਠ, ਪੂਨਮ ਗੁਪਤਾ ਅਤੇ ਨਿਸ਼ਾ ਕੱਕੜ ਨੇ ਵੱਖ-ਵੱਖ ਪਿੰਡਾਂ ਤੋਂ ਆਏ ਲੋੜਵੰਦਾਂ ਨੂੰ ਆਪਣੇ ਹੱਥੀਂ ਸਮੱਗਰੀ ਦੀ ਵੰਡ ਕੀਤੀ।


Related News