ਪਹਿਲੇ ਪੜਾਅ ਦੀਆਂ 102 ਲੋਕ ਸਭਾ ਸੀਟਾਂ ’ਤੇ ਵੋਟਿੰਗ ਲਈ ਚੋਣ ਤਿਆਰੀ ਪੂਰੀ, 19 ਅਪ੍ਰੈਲ ਨੂੰ ਪੈਣਗੀਆਂ ਵੋਟਾਂ

Sunday, Apr 14, 2024 - 02:50 PM (IST)

ਪਹਿਲੇ ਪੜਾਅ ਦੀਆਂ 102 ਲੋਕ ਸਭਾ ਸੀਟਾਂ ’ਤੇ ਵੋਟਿੰਗ ਲਈ ਚੋਣ ਤਿਆਰੀ ਪੂਰੀ, 19 ਅਪ੍ਰੈਲ ਨੂੰ ਪੈਣਗੀਆਂ ਵੋਟਾਂ

ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ਲਈ 19 ਅਪ੍ਰੈਲ ਨੂੰ ਪੈਣ ਵਾਲੀਆਂ ਵੋਟਾਂ ਲਈ ਚੋਣ ਪ੍ਰਚਾਰ ਦਾ ਕੰਮ 17 ਅਪ੍ਰੈਲ ਨੂੰ ਖਤਮ ਹੋ ਜਾਵੇਗਾ। ਇਸ ਵਿਚਾਲੇ ਚੋਣ ਕਮਿਸ਼ਨ ਨੇ ਪਹਿਲੇ ਪੜਾਅ ਦੀਆਂ ਲੋਕ ਸਭਾ ਦੀਆਂ 102 ਸੀਟਾਂ ਦੇ ਨਾਲ-ਨਾਲ ਅਰੁਣਾਚਲ ਪ੍ਰਦੇਸ਼ ਤੇ ਸਿੱਕਮ ਦੀਆਂ 92 ਵਿਧਾਨ ਸਭਾ ਸੀਟਾਂ ’ਤੇ ਹੋਣ ਵਾਲੀ ਵੋਟਿੰਗ ਲਈ ਵੀ ਤਿਆਰੀ ਪੂਰੀ ਕਰ ਲਈ ਹੈ। ਚੋਣਾਂ ਵਿਚ ਨਿਰਪੱਖਤਾ ਬਣਾਈ ਰੱਖਣ ਲਈ ਚੋਣ ਕਮਿਸ਼ਨ ਨੇ 350 ਚੋਣ ਆਬਜ਼ਰਵਰਾਂ ਦੀ ਡਿਊਟੀ ਲਾਈ ਹੈ। ਇਨ੍ਹਾਂ ਵਿਚ 127 ਜਨਰਲ ਆਬਜ਼ਰਵਰ, 67 ਪੁਲਸ ਆਬਜ਼ਰਵਰ ਤੇ 167 ਐਕਸਪੈਂਡੀਚਰ (ਖਰਚਾ) ਆਬਜ਼ਰਵਰ ਸ਼ਾਮਲ ਹਨ।

ਪਹਿਲੇ ਪੜਾਅ ਦੀ ਵੋਟਿੰਗ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਤੇ ਸੁਖਬੀਰ ਸਿੰਘ ਸੰਧੂ ਦੇ ਨਾਲ ਮਿਲ ਕੇ ਆਬਜ਼ਰਵਰਾਂ ਨੂੰ ਜ਼ਰੂਰੀ ਹਦਾਇਤਾਂ ਦਿੱਤੀਆਂ ਅਤੇ ਖਾਸ ਤੌਰ ’ਤੇ ਗਰਮੀ ਦੇ ਮੌਸਮ ’ਚ ਵੋਟਰਾਂ ਨੂੰ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਿਸ਼ੇਸ਼ ਤਿਆਰੀ ਰੱਖਣ ਵਾਸਤੇ ਕਿਹਾ। ਸਾਰੇ ਆਬਜ਼ਰਵਰਾਂ ਨੂੰ ਵੋਟਿੰਗ ਤਕ ਆਪੋ-ਆਪਣੇ ਹਲਕਿਆਂ ਵਿਚ ਰਹਿਣ ਦੇ ਹੁਕਮ ਵੀ ਜਾਰੀ ਕੀਤੇ ਗਏ ਹਨ।

ਪਹਿਲੇ ਪੜਾਅ ਦੌਰਾਨ ਤਾਮਿਲਨਾਡੂ ਦੀਆਂ 39, ਰਾਜਸਥਾਨ ਦੀਆਂ 12, ਮੱਧ ਪ੍ਰਦੇਸ਼ ਦੀਆਂ 11, ਉੱਤਰ ਪ੍ਰਦੇਸ਼ ਦੀਆਂ 8, ਉੱਤਰਾਖੰਡ ਤੇ ਅਸਾਮ ਦੀਆਂ 5-5, ਬਿਹਾਰ ਦੀਆਂ 4, ਪੱਛਮੀ ਬੰਗਾਲ ਦੀਆਂ 3, ਅਰੁਣਾਚਲ ਪ੍ਰਦੇਸ਼, ਮਣੀਪੁਰ, ਤ੍ਰਿਪੁਰਾ ਤੇ ਮੇਘਾਲਿਆ ਦੀਆਂ 2-2 ਅਤੇ ਅੰਡੇਮਾਨ-ਨਿਕੋਬਾਰ, ਛੱਤੀਸਗੜ੍ਹ, ਜੰਮੂ-ਕਸ਼ਮੀਰ, ਲਕਸ਼ਦੀਪ, ਨਾਗਾਲੈਂਡ, ਮਿਜ਼ੋਰਮ, ਪੁੱਡੂਚੇਰੀ ਦੀ 1-1 ਸੀਟ ’ਤੇ ਵੋਟਿੰਗ ਹੋਵੇਗੀ।

ਅਰੁਣਾਚਲ ਤੇ ਸਿੱਕਮ ਦੀਆਂ ਵਿਧਾਨ ਸਭਾ ਸੀਟਾਂ ਲਈ ਵੀ ਹੋਵੇਗੀ ਵੋਟਿੰਗ

ਪਹਿਲੇ ਪੜਾਅ ’ਚ 60 ਸੀਟਾਂ ਵਾਲੀ ਅਰੁਣਾਚਲ ਪ੍ਰਦੇਸ਼ ਦੀ ਵਿਧਾਨ ਸਭਾ ਅਤੇ 32 ਸੀਟਾਂ ਵਾਲੀ ਸਿੱਕਮ ਵਿਧਾਨ ਸਭਾ ਦੇ ਮੈਂਬਰਾਂ ਲਈ ਵੀ ਚੋਣ ਹੋਵੇਗੀ। 2019 ਦੀਆਂ ਚੋਣਾਂ ’ਚ ਭਾਜਪਾ ਨੂੰ 60 ਵਿਚੋਂ 41 ਸੀਟਾਂ ’ਤੇ ਜਿੱਤ ਮਿਲੀ ਸੀ, ਜਦੋਂਕਿ ਕਾਂਗਰਸ ਨੂੰ 4, ਜਨਤਾ ਦਲ (ਯੂ) ਨੂੰ 7, ਐੱਨ. ਪੀ. ਈ. ਪੀ. ਨੂੰ 5 ਤੇ ਪੀ. ਪੀ. ਏ. ਨੂੰ 1 ਸੀਟ ਮਿਲੀ ਸੀ। 2 ਸੀਟਾਂ ’ਤੇ ਆਜ਼ਾਦ ਉਮੀਦਵਾਰ ਜੇਤੂ ਰਹੇ ਸਨ। ਸਿੱਕਮ ’ਚ ਐੱਸ. ਕੇ. ਐੱਮ. ਨੇ 17 ਅਤੇ ਐੱਸ. ਡੀ. ਐੱਫ. ਨੇ 15 ਸੀਟਾਂ ਜਿੱਤੀਆਂ ਸਨ। ਕਾਂਗਰਸ ਤੇ ਭਾਜਪਾ ਪਿਛਲੀਆਂ ਚੋਣਾਂ ਵਿਚ ਖਾਤਾ ਵੀ ਨਹੀਂ ਖੋਲ੍ਹ ਸਕੀਆਂ ਸਨ ਅਤੇ ਭਾਜਪਾ ਦੇ 12 ਤੇ ਕਾਂਗਰਸ ਦੇ 24 ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋ ਗਈ ਸੀ।


author

Harinder Kaur

Content Editor

Related News