ਝਾਰਖੰਡ ਦੀਆਂ 43 ਵਿਧਾਨ ਸਭਾ ਸੀਟਾਂ ਲਈ 65 ਫੀਸਦੀ ਪੋਲਿੰਗ

Thursday, Nov 14, 2024 - 12:29 AM (IST)

ਝਾਰਖੰਡ ਦੀਆਂ 43 ਵਿਧਾਨ ਸਭਾ ਸੀਟਾਂ ਲਈ 65 ਫੀਸਦੀ ਪੋਲਿੰਗ

ਨਵੀਂ ਦਿੱਲੀ, (ਏਜੰਸੀਆਂ)- ਝਾਰਖੰਡ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਦੌਰਾਨ 43 ਸੀਟਾਂ ਲਈ ਬੁੱਧਵਾਰ ਸ਼ਾਮ 5 ਵਜੇ ਤੱਕ 65 ਫੀਸਦੀ ਪੋਲਿੰਗ ਹੋਈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਅਧਿਕਾਰੀਆਂ ਨੇ ਦੱਸਿਆ ਕਿ ਲੋਹਰਦਗਾ ਜ਼ਿਲਾ 73.21 ਫ਼ੀਸਦੀ ਪੋਲਿੰਗ ਨਾਲ ਸਭ ਤੋਂ ਉੱਪਰ ਰਿਹਾ ਜਦਕਿ ਹਜ਼ਾਰੀਬਾਗ ਜ਼ਿਲੇ ’ਚ ਸਭ ਤੋਂ ਘੱਟ 59.13 ਫ਼ੀਸਦੀ ਵੋਟਾਂ ਪਈਆਂ। 10 ਸੂਬਿਆਂ ਦੀਆਂ 31 ਵਿਧਾਨ ਸਭਾ ਤੇ ਕੇਰਲ ਦੇ ਵਾਇਨਾਡ ਲੋਕ ਸਭਾ ਹਲਕੇ ਦੀ ਉਪ ਚੋਣ ਲਈ ਵੀ ਪੋਲਿੰਗ ਹੋਈ।

ਪੱਛਮੀ ਬੰਗਾਲ ਦੇ ਉੱਤਰੀ 24 ਪਰਗਨਾ ਜ਼ਿਲੇ ਦੇ ਜਗਤਦਲ ਇਲਾਕੇ ’ਚ ਤ੍ਰਿਣਮੂਲ ਕਾਂਗਰਸ ਦੇ ਨੇਤਾ ਅਸ਼ੋਕ ਸਾਹੂ ’ਤੇ ਕੁਝ ਵਿਅਕਤੀਆਂ ਨੇ ਬੰਬ ਸੁੱਟੇ ਤੇ ਫਾਇਰਿੰਗ ਕੀਤੀ। ਇਸ ਕਾਰਨ ਉਸ ਦੀ ਮੌਤ ਹੋ ਗਈ। ਉਹ ਤ੍ਰਿਣਮੂਲ ਦੇ ਵਾਰਡ ਪ੍ਰਧਾਨ ਰਹਿ ਚੁੱਕੇ ਹਨ।

ਰਾਜਸਥਾਨ ਦੀ ਦਿਓਲੀ-ਉਨਿਆਰਾ ਸੀਟ ’ਤੇ ਕਾਂਗਰਸ ਦੇ ਬਾਗੀ ਤੇ ਆਜ਼ਾਦ ਉਮੀਦਵਾਰ ਨਰੇਸ਼ ਮੀਨਾ ਨੇ ਐੱਸ. ਡੀ. ਐੱਮ. ਅਮਿਤ ਚੌਧਰੀ ਨੂੰ ਥੱਪੜ ਮਾਰ ਦਿੱਤਾ। ਨਰੇਸ਼ ਸਮਰਾਵਤਾ ਪੋਲਿੰਗ ਸਟੇਸ਼ਨ ਅੰਦਰ ਜਬਰੀ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ। ਬਿਹਾਰ ਦੀ ਤਰੜੀ ਵਿਧਾਨ ਸਭਾ ਸੀਟ ’ਤੇ ਪੋਲਿੰਗ ਨੂੰ ਲੈ ਕੇ 2 ਪਾਰਟੀਆਂ ਵਿਚਾਲੇ ਝੜਪ ਹੋ ਗਈ। ਇਸ ਕਾਰਨ 6 ਵਿਅਕਤੀ ਜ਼ਖਮੀ ਹੋ ਗਏ। ਇਕ ਨੌਜਵਾਨ ਦਾ ਸਿਰ ਫਟ ਗਿਆ। ਪੁਲਸ ਨੂੰ ਫਲੈਗ ਮਾਰਚ ਕਰਨਾ ਪਿਆ।

ਕੇਰਲ ਦੀ ਵਾਇਨਾਡ ਲੋਕ ਸਭਾ ਸੀਟ ’ਤੇ ਚੋਣ ਸ਼ਾਂਤੀਪੂਰਨ ਰਹੀ। ਇੱਥੇ ਕਾਂਗਰਸ ਦੀ ਪ੍ਰਿਯੰਕਾ ਗਾਂਧੀ ਦਾ ਮੁਕਾਬਲਾ ਭਾਜਪਾ ਦੇ ਨਵਿਆ ਹਰੀਦਾਸ ਤੇ ਖੱਬੇ ਪੱਖੀ ਸੱਤਿਆਨ ਮੋਕੇਰੀ ਨਾਲ ਹੈ। ਪ੍ਰਿਯੰਕਾ ਵਾਇਨਾਡ ਦੇ ਇਕ ਬੂਥ ’ਤੇ ਪਹੁੰਚੀ ਅਤੇ ਲੋਕਾਂ ਨੂੰ ਮਿਲੀ।


author

Rakesh

Content Editor

Related News