63 ਲੱਖ ਦੀ ਇਲੈਕਟ੍ਰਿਕ ਕਾਰ ਨੂੰ ਚੱਲਦੇ-ਚੱਲਦੇ ਲੱਗ ਗਈ ਅੱਗ, ਕੰਪਨੀ ਨੇ ਕਿਹਾ- 'ਟੈਕਨੀਕਲ ਟੀਮ ਕਰ ਰਹੀ ਜਾਂਚ'

01/30/2024 11:12:20 PM

ਨੈਸ਼ਨਲ ਡੈਸਕ- ਲਗਜ਼ਰੀ ਕਾਰਾਂ ਬਣਾਉਣ ਵਾਲੀ ਕੰਪਨੀ 'ਵੋਲਵੋ', ਜੋ ਕਿ ਆਪਣੀਆਂ ਗੱਡੀਆਂ ਸੁਰੱਖਿਆ ਲਈ ਜਾਣੀ ਜਾਂਦੀ ਹੈ, ਦੀ ਇਕ ਇਲੈਕਟ੍ਰਿਕ ਕਾਰ ਸੀ-40 ਰੀਚੀਰਜ ਨੂੰ ਰੋਡ 'ਤੇ ਚੱਲਦੇ-ਚੱਲਦੇ ਅੱਗ ਲੱਗ ਗਈ। ਇਹ ਘਟਨਾ ਛੱਤੀਸਗੜ੍ਹ ਦੀ ਹੈ, ਜਿੱਥੇ ਇਹ ਹਾਦਸਾ ਵਾਪਰਿਆ ਤੇ ਚੱਲਦੀ ਹੋਈ ਗੱਡੀ ਨੂੰ ਅੱਗ ਲੱਗ ਗਈ। ਇਸ ਹਾਦਸੇ ਨੇ ਕੰਪਨੀ ਦੇ ਸੁਰੱਖਿਆ ਦਾਅਵਿਆਂ 'ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ।

ਕਰੀਬ 63 ਲੱਖ ਰੁਪਏ ਕੀਮਤ ਵਾਲੀ ਇਹ ਕਾਰ ਆਪਣੇ ਪੂਰੀ ਤਰ੍ਹਾਂ ਈਕੋ-ਫ੍ਰੈਂਡਲੀ ਹੋਣ ਕਾਰਨ ਅਤੇ ਸੁਰੱਖਿਆ ਪ੍ਰਣਾਲੀ ਕਾਰਨ ਚਰਚਾ ਦਾ ਵਿਸ਼ਾ ਬਣੀ ਹੋਈ ਸੀ ਤੇ ਇਸ ਦੀ ਗਿਣਤੀ ਭਾਰਤ 'ਚ ਸਭ ਤੋਂ ਵਧੀਆ ਤੇ ਪ੍ਰੀਮੀਅਮ ਇਲੈਕਟ੍ਰਿਕ ਗੱਡੀਆਂ 'ਚ ਕੀਤੀ ਜਾ ਰਹੀ ਸੀ। ਪਰ ਇਸ ਨੂੰ ਅੱਗ ਲੱਗਣ ਤੋਂ ਬਾਅਦ ਡਰਾਇਵਰ ਵੱਲੋਂ ਜੋ ਵੀਡੀਓ ਸ਼ੇਅਰ ਕੀਤੀ ਗਈ ਹੈ, ਉਸ ਦੇ ਵਾਇਰਲ ਹੋਣ ਦੇ ਨਾਲ ਕੰਪਨੀ ਦੇ ਸੁਰੱਖਿਆ ਦਾਅਵਿਆਂ ਦੀ ਪੋਲ ਖੁਲ੍ਹ ਰਹੀ ਹੈ। 

ਇਸ ਕਾਰ ਨੂੰ ਲੈ ਕੇ ਲੋਕਾਂ 'ਚ ਭਾਰੀ ਉਤਸ਼ਾਹ ਦੇਖਿਆ ਜਾ ਰਿਹਾ ਸੀ, ਪਰ ਇਸ ਘਟਨਾ ਤੋਂ ਬਾਅਦ ਉਹ ਹੁਣ ਕੰਪਨੀ ਵੱਲੋਂ ਇਸ ਮਾਮਲੇ ਦੇ ਸਪੱਸ਼ਟੀਕਰਨ ਦੀ ਉਡੀਕ ਕਰ ਰਹੇ ਹਨ। ਇਸੇ ਮਾਮਲੇ 'ਚ 'ਵੋਲਵੋ ਇੰਡੀਆ' ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਹੈ ਕਿ ਉਨ੍ਹਾਂ ਨੂੰ ਹਾਦਸੇ ਦੀ ਜਾਣਕਾਰੀ ਮਿਲ ਗਈ ਹੈ ਤੇ ਇਹ ਵੀ ਪਤਾ ਚੱਲ ਗਿਆ ਹੈ ਕਿ ਕਾਰ 'ਚ ਸਵਾਰ ਸਾਰੇ ਲੋਕ ਸੁਰੱਖਿਅਤ ਹਨ।

ਟੈਕਨੀਕਲ ਟੀਮ ਇਸ ਗੱਡੀ ਦੀ ਚੰਗੀ ਤਰ੍ਹਾਂ ਜਾਂਚ ਕਰ ਕੇ ਇਸ ਹਾਦਸੇ ਦੇ ਕਾਰਨ ਨੂੰ ਦੂਰ ਕਰੇਗੀ। ਉਨ੍ਹਾਂ ਅੱਗੇ ਕਿਹਾ ਕਿ ਕੰਪਨੀ ਆਪਣੀਆਂ ਗੱਡੀਆਂ ਦੀ ਸੁਰੱਖਿਆ ਨੂੰ ਲੈ ਕੇ ਬਹੁਤ ਗੰਭੀਰ ਹੈ। ਇਸ ਮਾਮਲੇ 'ਚ ਕੰਪਨੀ ਹਾਦਸਾਗ੍ਰਸਤ ਹੋਈ ਗੱਡੀ ਦੇ ਮਾਲਕ ਨਾਲ ਸੰਪਰਕ 'ਚ ਹੈ ਤੇ ਉਸ ਨਾਲ ਪੂਰੀ ਤਰ੍ਹਾਂ ਸਹਿਯੋਗ ਕੀਤਾ ਜਾ ਰਿਹਾ ਹੈ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


Harpreet SIngh

Content Editor

Related News