ਕੇਰਲ ’ਚ ਹਿੰਸਕ ਝੜਪਾਂ ਨੂੰ ਲੈ ਕੇ 3,000 ਖਿਲਾਫ ਮਾਮਲੇ ਦਰਜ
Tuesday, Nov 29, 2022 - 01:05 PM (IST)
ਤਿਰੂਵਨੰਤਪੁਰਮ (ਭਾਸ਼ਾ)– ਕੇਰਲ ਦੇ ਵਿਝਿੰਜਮ ਇਲਾਕੇ ਵਿਚ ਐਤਵਾਰ ਰਾਤ ਨੂੰ ਅਡਾਨੀ ਬੰਦਰਗਾਹ ਪ੍ਰਾਜੈਕਟ ਖਿਲਾਫ ਹੋ ਰਹੇ ਪ੍ਰਦਰਸ਼ਨ ਦੌਰਾਨ ਹਿੰਸਕ ਝੜਪਾਂ ਦੇ ਸੰਬੰਧ ਵਿਚ 3,000 ਤੋਂ ਵਧ ਲੋਕਾਂ ’ਤੇ ਮਾਮਲੇ ਦਰਜ ਕੀਤੇ ਗਏ ਹਨ। ਹਿੰਸਾ ਵਿਚ 36 ਪੁਲਸ ਕਰਮਚਾਰੀ ਜ਼ਖਮੀ ਹੋਏ ਸਨ। ਇਸ ਤੋਂ ਪਹਿਲਾਂ ਐਤਵਾਰ ਨੂੰ ਸੂਬਾ ਪੁਲਸ ਨੇ ਵਿਝਿੰਜਮ ਵਿਚ ਹਿੰਸਾ ਨੂੰ ਲੈ ਕੇ ਲਾਤਿਨ ਕੈਥੋਲਿਕ ਗਿਰਜ਼ਾਘਰ ਦੇ ਘੱਟੋ-ਘੱਟ 15 ਪਾਦਰੀਆਂ ਖਿਲਾਫ ਸ਼ਿਕਾਇਤ ਦਰਜ ਕੀਤੀ ਸੀ।
ਏ. ਡੀ. ਜੀ. ਪੀ. (ਕਾਨੂੰਨ-ਵਿਵਸਥਾ) ਐੱਮ. ਆਰ. ਅਜਿਤ ਕੁਮਾਰ ਨੇ ਮੀਡੀਆ ਨੂੰ ਦੱਸਿਆ ਕਿ ਭੀੜ ਨੇ ਐਤਵਾਰ ਸ਼ਾਮ ਨੂੰ ਪੁਲਸ ਥਾਣੇ ਵਿਚ ਤੋੜਭੰਨ ਕੀਤੀ ਅਤੇ ਪੁਲਸ ਕਰਮਚਾਰੀਆਂ ’ਤੇ ਹਮਲਾ ਕੀਤਾ, ਜਿਸ ਵਿਚ ਲਗਭਗ 36 ਪੁਲਸ ਕਰਮਚਾਰੀਆਂ ਨੂੰ ਸੱਟਾਂ ਲੱਗਣ ਤੋਂ ਬਾਅਦ ਵੱਖ-ਵੱਖ ਹਸਪਤਾਲਾਂ ਵਿਚ ਦਾਖਲ ਕਰਵਾਇਆ ਗਿਆ ਹੈ।
ਕੁਮਾਰ ਨੇ ਮੀਡੀਆ ਨੂੰ ਦੱਸਿਆ ਕਿ ਸ਼ਾਮ ਨੂੰ ਪੁਲਸ ਥਾਣੇ ਵਿਚ ਭੀੜ ਇਕੱਠੀ ਹੋ ਗਈ ਅਤੇ ਇਕ ਹੋਰ ਮਾਮਲੇ ਵਿਚ ਗ੍ਰਿਫਤਾਰ ਕੁਝ ਲੋਕਾਂ ਨੂੰ ਰਿਹਾਅ ਕਰਨ ਦੀ ਮੰਗ ਕੀਤੀ। ਉਨ੍ਹਾਂ ਪੁਲਸ ਥਾਣੇ ਵਿਚ ਤੋੜਭੰਨ ਕੀਤੀ ਅਤੇ ਅਧਿਕਾਰੀਆਂ ’ਤੇ ਹਮਲਾ ਕੀਤਾ। ਇਕ ਐੱਸ. ਆਈ. ਦੇ ਪੈਰ ਦੀ ਹੱਡੀ ਟੁੱਟ ਗਈ ਹੈ। ਕੁਝ ਪੁਲਸ ਅਧਿਕਾਰੀਆਂ ਨੂੰ ਸਿਰ ਵਿਚ ਗੰਭੀਰ ਸੱਟਾਂ ਲੱਗੀਆਂ ਹਨ। ਪ੍ਰਦਰਸ਼ਨ ਉਸ ਸਮੇਂ ਹਿੰਸਕ ਹੋ ਗਿਆ ਜਦੋਂ ਪੁਲਸ ਨੂੰ ਭੀੜ ਨੂੰ ਖਦੇੜਣ ਲਈ ਲਾਠੀਚਾਰਜ ਅਤੇ ਅੱਥਰੂ ਗੈਸ ਦੇ ਗੋਲ ਛੱਡਣੇ ਪਏ। ਕੁਮਾਰ ਨੇ ਦੱਸਿਆ ਕਿ ਖੇਤਰ ਵਿਚ ਲਗਭਗ 600 ਪੁਲਸ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਗਿਆ ਹੈ ਅਤੇ ਲਗਭਗ 300 ਹੋਰ ਪੁਲਸ ਕਰਮਚਾਰੀਆਂ ਨੂੰ ਭੇਜਿਆ ਗਿਆ ਹੈ।