ਵਿਸ਼ਾਖਾਪਟਨਮ ਗੈਸ ਲੀਕ ਤ੍ਰਾਸਦੀ : CM ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 1-1 ਕਰੋੜ ਦੇਣ ਦਾ ਕੀਤਾ ਐਲਾਨ

05/07/2020 5:18:09 PM

ਵਿਸ਼ਾਖਾਪਟਨਮ (ਭਾਸ਼ਾ)— ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਾਈ. ਐੱਸ. ਜਗਨ ਮੋਹਨ ਰੈੱਡੀ ਨੇ ਐੱਲ. ਜੀ. ਪਾਲੀਮਰ ਲਿਮਟਿਡ ਵਿਚ ਹੋਈ ਜ਼ਹਿਰੀਲੀ ਗੈਸ ਲੀਕ ਦੀ ਘਟਨਾ ਵਿਚ ਮਰਨ ਵਾਲੇ ਹਰੇਕ ਵਿਅਕਤੀ ਦੇ ਪਰਿਵਾਰ ਨੂੰ 1-1 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਹੈ। ਇਸ ਘਟਨਾ 'ਚ 11 ਲੋਕਾਂ ਦੀ ਮੌਤ ਹੋਈ ਹੈ,ਜਦਕਿ 1 ਹਜ਼ਾਰ ਬੀਮਾਰ ਹਨ। ਮੁੱਖ ਮੰਤਰੀ ਨੇ ਐਲਾਨ ਕੀਤਾ ਹੈ ਕਿ ਇਕ ਕਮੇਟੀ ਇਸ ਘਟਨਾ ਦੀ ਜਾਂਚ ਕਰੇਗੀ। ਨਾਲ ਹੀ ਸੂਬਾ ਸਰਕਾਰ ਐੱਲ. ਜੀ. ਪਾਲੀਮਰ ਪ੍ਰਬੰਧਨ ਨਾਲ ਗੱਲ ਕਰ ਕੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਨੌਕਰੀ ਦੇਣ ਦੀ ਮੰਗ ਕਰੇਗੀ।

ਰੈੱਡੀ ਨੇ ਇਕ ਸਮੀਖਿਆ ਬੈਠਕ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਹ ਵੀ ਐਲਾਨ ਕੀਤਾ ਹੈ ਕਿ ਜੋ ਲੋਕ ਇਲਾਜ ਦੌਰਾਨ ਵੈਂਟੀਲੇਟਰ 'ਤੇ ਹਨ, ਉਨ੍ਹਾਂ ਨੂੰ 10 ਲੱਖ ਰੁਪਏ ਦਿੱਤੇ ਜਾਣਗੇ, ਜਦਕਿ ਗੈਸ ਲੀਕ ਹੋਣ ਕਾਰਨ ਸਿਹਤ ਸਬੰਧੀ ਪਰੇਸ਼ਾਨੀਆਂ ਦਾ ਸਾਹਮਣਾ ਕਰਨ ਤੋਂ ਬਾਅਦ ਓ. ਪੀ. ਡੀ. ਵਿਚ ਇਲਾਜ ਕਰਾਉਣ ਵਾਲਿਆਂ ਨੂੰ 25 ਹਜ਼ਾਰ ਰੁਪਏ ਦਿੱਤੇ ਜਾਣਗੇ।
ਮੁੱਖ ਮੰਤਰੀ ਨੇ ਕਿਹਾ ਕਿ ਗੈਸ ਲੀਕ ਕਾਰਨ ਵੱਖ-ਵੱਖ ਹਸਪਤਾਲਾਂ ਵਿਚ ਇਲਾਜ ਕਰਵਾ ਰਹੇ ਲੋਕਾਂ ਨੂੰ 1-1 ਲੱਖ ਰੁਪਏ ਦਿੱਤੇ ਜਾਣਗੇ। ਗੈਸ ਲੀਕ ਤੋਂ ਪ੍ਰਭਾਵਿਤ ਹੋਏ 5 ਪਿੰਡਾਂ ਦੀ 15 ਹਜ਼ਾਰ ਆਬਾਦੀ 'ਚ ਹਰੇਕ ਵਿਅਕਤੀ ਨੂੰ 10-10 ਹਜ਼ਾਰ ਰੁਪਏ ਦਿੱਤੇ ਜਾਣਗੇ।

ਰੈੱਡੀ ਨੇ ਇਸ ਤਰ੍ਹਾਂ ਦੇ ਹਾਦਸਿਆਂ ਨੂੰ ਰੋਕਣ ਨਾਲ ਜੁੜੀਆਂ ਸਿਫਾਰਿਸ਼ਾਂ ਕਰਨ ਲਈ ਵਿਸ਼ੇਸ਼ ਮੁੱਖ ਸਕੱਤਰ (ਵਾਤਾਵਰਣ ਅਤੇ ਜੰਗਲ) ਦੀ ਪ੍ਰਧਾਨਗੀ ਵਿਚ ਉੱਚ ਪੱਧਰੀ ਕਮੇਟੀ ਗਠਿਤ ਕਰਨ ਦਾ ਵੀ ਐਲਾਨ ਕੀਤਾ। ਇਸ ਤੋਂ ਪਹਿਲਾਂ ਉਹ ਕਿੰਗ ਜਾਰਜ ਹਸਪਤਾਲ ਗਏ ਅਤੇ ਗੈਸ ਲੀਕ ਵਿਚ ਮਰਨ ਵਾਲਿਆਂ ਦੇ ਪਰਿਵਾਰਾਂ ਪ੍ਰਤੀ ਹਮਦਰਦੀ ਜ਼ਾਹਰ ਕੀਤੀ। ਉਨ੍ਹਾਂ ਨੇ ਗੈਸ ਲੀਕ ਤੋਂ ਬਾਅਦ ਇਲਾਜ ਕਰਵਾ ਰਹੇ ਪੀੜਤਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀ ਸਿਹਤ ਦੀ ਜਾਣਕਾਰੀ ਲਈ।


Tanu

Content Editor

Related News