ਰੁਕਾਵਟਾਂ ਨੂੰ ਲੰਘ ਕੇ ਆਈ. ਆਈ. ਐੱਮ. ਇੰਦੌਰ ਪਹੁੰਚੀ ਵੇਖਣ ’ਚ ਅਸਮਰੱਥ ਲੜਕੀ
Thursday, Jul 04, 2024 - 12:36 AM (IST)
ਇੰਦੌਰ, (ਭਾਸ਼ਾ)– ਕੋਤਾਕਾਪੂ ਸ਼ਿਵਾਨੀ (21) ਵੇਖ ਨਹੀਂ ਸਕਦੀ ਪਰ ਆਪਣੇ ਕਰੀਅਰ ਨੂੰ ਲੈ ਕੇ ਉਸ ਦੀਆਂ ਅੱਖਾਂ ਵਿਚ ਵੱਡੇ ਸੁਪਨੇ ਸਪਸ਼ਟ ਵੇਖੇ ਜਾ ਸਕਦੇ ਹਨ। ਬੇਹੱਦ ਸਖਤ ਮੁਕਾਬਲੇ ਵਾਲੇ ਕਾਮਨ ਐਡਮਿਸ਼ਨ ਟੈਸਟ (ਕੈਟ) ਵਿਚ ਕਾਮਯਾਬ ਹੋ ਕੇ ਇੰਦੌਰ ਦੇ ਭਾਰਤੀ ਪ੍ਰਬੰਧ ਸੰਸਥਾਨ (ਆਈ. ਆਈ. ਐੱਮ.) ਦੇ 2 ਸਾਲਾ ਪੋਸਟ ਗ੍ਰੈਜੂਏਟ ਪ੍ਰੋਗਰਾਮ (ਪੀ. ਜੀ. ਪੀ.) ਵਿਚ ਦਾਖਲਾ ਲੈਣ ਵਾਲੀ ਸ਼ਿਵਾਨੀ ਦਾ ਸਫਰ ਜ਼ਾਹਿਰ ਤੌਰ ’ਤੇ ਆਸਾਨ ਨਹੀਂ ਰਿਹਾ।
ਉਹ ਇਸ ਸੰਸਥਾਨ ਦੇ ਪੀ. ਜੀ. ਪੀ. ਕੋਰਸ ਦੇ 482 ਵਿਦਿਆਰਥੀਆਂ ਦੇ ਮੌਜੂਦਾ ਬੈਚ ਵਿਚ ਇਕਲੌਤੀ ਅਜਿਹੀ ਵਿਦਿਆਰਥਣ ਹੈ ਜੋ 100 ਫੀਸਦੀ ਵੇਖਣ ’ਚ ਅਸਮਰੱਥ ਹੈ। ਇਸ ਕੋਰਸ ਨੂੰ ਮਾਸਟਰ ਆਫ ਬਿਜ਼ਨੈੱਸ ਐਡਮਨਿਸਟ੍ਰੇਸ਼ਨ (ਐੱਮ. ਬੀ. ਏ.) ਦੇ ਬਰਾਬਰ ਮੰਨਿਆ ਜਾਂਦਾ ਹੈ।
ਹੈਦਰਾਬਾਦ ਤੋਂ ਲੱਗਭਗ 110 ਕਿ. ਮੀ. ਦੂਰ ਜ਼ਹੀਰਾਬਾਦ ਨਾਲ ਸਬੰਧ ਰੱਖਣ ਵਾਲੀ ਸ਼ਿਵਾਨੀ ਨੇ ਦੱਸਿਆ ਕਿ ਚੇਨਈ ਦੀ ਇਕ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਦੀ ਡਿਗਰੀ ਹਾਸਲ ਕਰਨ ਪਿੱਛੋਂ ਉਹ ਐੱਮ. ਬੀ. ਏ. ਕੋਰਸ ਵਿਚ ਦਾਖਲੇ ਲਈ ਨਵੰਬਰ, 2023 ਦੌਰਾਨ ਕੈਟ ਦਾਖਲਾ ਪ੍ਰੀਖਿਆ ਵਿਚ ਬੈਠੀ ਸੀ ਅਤੇ ਇਸ ਦੇ ਅੰਕਾਂ ਦੇ ਆਧਾਰ ’ਤੇ ਜਨਵਰੀ ਤੋਂ ਮਾਰਚ ਵਿਚਾਲੇ 18 ਪ੍ਰਬੰਧਨ ਸਿੱਖਿਆ ਸੰਸਥਾਨਾਂ ਵਿਚ ਉਸ ਨੇ ਇੰਟਰਵਿਊ ਦਿੱਤੀ।