ਵੀਰਭੱਦਰ ਦੇ ਰਿਸ਼ਤੇਦਾਰ ਆਕਾਂਸ਼ ਸੇਨ ਦੇ ਕਤਲ ਦਾ ਮਾਮਲਾ: HC ਨੇ ਹਰਮਹਿਤਾਬ ਸਿੰਘ ਨੂੰ ਦਿੱਤੀ ਜ਼ਮਾਨਤ
Thursday, Feb 09, 2023 - 05:53 PM (IST)

ਚੰਡੀਗੜ੍ਹ- ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ ਦੇ ਰਿਸ਼ਤੇਦਾਰ ਆਕਾਂਸ਼ ਸੇਨ ਦੀ ਸੈਕਟਰ 9 'ਚ BMW ਕਾਰ ਦੇ ਪਹੀਆਂ ਹੇਠ ਕੁਚਲ ਕੇ ਮੌਤ ਦੇ ਕਰੀਬ 6 ਸਾਲ ਬਾਅਦ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅੱਜ ਹਰਮਹਿਤਾਬ ਸਿੰਘ ਉਰਫ਼ ਫਰੀਦ ਨੂੰ ਜ਼ਮਾਨਤ ਦੇ ਦਿੱਤੀ। ਇਸ ਦੇ ਨਾਲ ਹੀ ਹਰਮਹਿਤਾਬ ਵੱਲੋਂ ਦਾਇਰ ਸਜ਼ਾ ਮੁਅੱਤਲੀ ਦੀ ਪਟੀਸ਼ਨ ਨੂੰ ਮਨਜ਼ੂਰੀ ਦੇ ਦਿੱਤੀ। ਹਰਮਹਿਤਾਬ ਇਸ ਮਾਮਲੇ ਵਿਚ ਦੋਸ਼ੀ ਠਹਿਰਾਇਆ ਗਿਆ ਹੈ।
ਇਹ ਵੀ ਪੜ੍ਹੋ- ਰਾਜ ਸਭਾ 'ਚ PM ਮੋਦੀ ਦਾ ਵਿਰੋਧੀ ਧਿਰ 'ਤੇ ਨਿਸ਼ਾਨਾ- ਜਿੰਨਾ ਚਿੱਕੜ ਉਛਾਲੋਗੇ, ਕਮਲ ਓਨਾਂ ਹੀ ਖਿੜੇਗਾ
ਇਹ ਮਾਮਲਾ ਜਸਟਿਸ ਤੇਜਿੰਦਰ ਸਿੰਘ ਢੀਂਡਸਾ ਅਤੇ ਜਸਟਿਸ ਸੰਜੀਵ ਬੇਰੀ ਦੇ ਡਿਵੀਜ਼ਨ ਬੈਂਚ ਅੱਗੇ ਰੱਖਿਆ ਗਿਆ ਸੀ। ਚੰਡੀਗੜ੍ਹ ਦੀ ਟਰਾਇਲ ਕੋਰਟ ਨੇ 18 ਨਵੰਬਰ 2019 ਨੂੰ ਆਪਣਾ ਫ਼ੈਸਲਾ ਸੁਣਾਉਂਦੇ ਹੋਏ ਹਰਮਹਿਤਾਬ ਨੂੰ ਕਤਲ ਦਾ ਦੋਸ਼ੀ ਕਰਾਰ ਦਿੰਦੇ ਹੋਏ ਉਮਰ ਕੈਦ ਅਤੇ 3 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਸੀ। ਇਸ ਮਾਮਲੇ 'ਚ ਜ਼ਮਾਨਤ ਦੀ ਪਟੀਸ਼ਨ 'ਤੇ ਲੰਬੀ ਸੁਣਵਾਈ ਹੋਈ। ਹਰਮਹਿਤਾਬ ਦੇ ਵਕੀਲ ਨੇ ਕਿਹਾ ਕਿ ਉਹ ਇਸ ਮਾਮਲੇ 'ਚ 4 ਸਾਲ ਤੋਂ ਜੇਲ੍ਹ ਵਿਚ ਹੈ ਅਤੇ ਸਜ਼ਾ ਦੇ ਫ਼ੈਸਲੇ ਖਿਲਾਫ਼ ਉਸ ਦੀ ਅਪੀਲ ਹਾਈ ਕੋਰਟ 'ਚ ਐਡਮਿਟ ਕਰ ਚੁੱਕਾ ਹੈ। ਹਾਈ ਕੋਰਟ ਨੇ ਸਾਰੇ ਪੱਖਾਂ ਨੂੰ ਸੁਣਨ ਮਗਰੋਂ ਹਰਮਹਿਤਾਬ ਨੂੰ ਜ਼ਮਾਨਤ ਦੇ ਦਿੱਤੀ।
ਇਹ ਵੀ ਪੜ੍ਹੋ- ਅੱਜ ਵਿਆਹ ਦੇ ਬੰਧਨ 'ਚ ਬੱਝੇਗੀ ਸਮ੍ਰਿਤੀ ਇਰਾਨੀ ਦੀ ਧੀ ਸ਼ੈਨੇਲ, ਜੋਧਪੁਰ ਦੇ ਇਸ ਸ਼ਾਹੀ ਕਿਲ੍ਹੇ 'ਚ ਹੋਵੇਗਾ ਸਮਾਗਮ
ਕੀ ਹੈ ਮਾਮਲਾ-
ਆਕਾਂਸ਼ ਸੇਨ ਨੂੰ 9 ਫਰਵਰੀ 2017 ਦੀ ਰਾਤ ਨੂੰ ਇਕ BMW ਕਾਰ ਨੇ ਕੁਚਲ ਕੇ ਮਾਰ ਦਿੱਤਾ ਸੀ। ਇਸ ਕੇਸ ਦਾ ਮੁੱਖ ਮੁਲਜ਼ਮ ਬਲਰਾਜ ਸਿੰਘ ਰੰਧਾਵਾ ਹਾਲੇ ਫ਼ਰਾਰ ਹੈ ਅਤੇ ਹੇਠਲੀ ਅਦਾਲਤ ਨੇ ਵੀ ਉਸ ਨੂੰ ਕੇਸ 'ਚ ਭਗੌੜਾ ਕਰਾਰ ਦਿੱਤਾ ਜਾ ਚੁੱਕਾ ਹੈ। ਇਸ ਕਤਲ ਦੇ ਦੂਜੇ ਮੁਲਜ਼ਮ ਹਰਮਹਿਤਾਬ ਸਿੰਘ ਨੂੰ ਪੁਲਸ ਨੇ 16 ਫਰਵਰੀ 2017 ਨੂੰ ਗ੍ਰਿਫ਼ਤਾਰ ਕੀਤਾ ਸੀ। 9 ਫਰਵਰੀ ਨੂੰ ਸੈਕਟਰ-3 ਥਾਣੇ 'ਚ ਆਕਾਂਸ਼ ਸੇਨ ਦੇ ਕਤਲ ਦੇ ਮਾਮਲੇ 'ਚ ਮੁਲਜ਼ਮਾਂ ਖ਼ਿਲਾਫ਼ FIR ਦਰਜ ਕੀਤੀ ਗਈ ਸੀ। 18 ਨਵੰਬਰ 2019 ਨੂੰ ਹੇਠਲੀ ਅਦਾਲਤ ਨੇ ਹਰਮਹਿਤਾਬ ਨੂੰ ਦੋਸ਼ੀ ਠਹਿਰਾਉਂਦਿਆਂ ਉਮਰ ਕੈਦ ਦੀ ਸਜ਼ਾ ਸੁਣਾਈ। ਸਜ਼ਾ ਦੇ ਇਸ ਫੈਸਲੇ ਨੂੰ ਹਰਮਹਿਤਾਬ ਨੇ ਹਾਈ ਕੋਰਟ ਵਿਚ ਅਪੀਲ ਦਾਇਰ ਕਰਕੇ ਚੁਣੌਤੀ ਦਿੱਤੀ ਸੀ। ਹਾਈ ਕੋਰਟ ਨੇ 2020 'ਚ ਉਸ ਦੀ ਅਪੀਲ ਸਵੀਕਾਰ ਕਰ ਲਈ ਸੀ।