ਵਿਦਿਆਰਥਣਾਂ ਦਾ ਟਾਇਲਟ ਸਾਫ਼ ਕਰਨ ਦਾ ਵੀਡੀਓ ਵਾਇਰਲ, ਜ਼ਿਲ੍ਹਾ ਪ੍ਰਸ਼ਾਸਨ ਨੇ ਦਿੱਤੇ ਜਾਂਚ ਦੇ ਆਦੇਸ਼

04/23/2022 2:32:06 PM

ਬੁਲੰਦਸ਼ਹਿਰ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਜ਼ਿਲ੍ਹੇ ਦੇ ਇਕ ਸਰਕਾਰੀ ਪ੍ਰਾਇਮਰੀ ਸਕੂਲ 'ਚ ਵਿਦਿਆਰਥਣਾਂ ਵਲੋਂ ਟਾਇਲਟ ਸਾਫ਼ ਕਰਨ ਦਾ ਵੀਡੀਓ ਵਾਇਰਲ ਹੋਣ ਦੇ ਕੁਝ ਘੰਟਿਆਂ ਬਾਅਦ ਹੀ, ਜ਼ਿਲ੍ਹਾ ਪ੍ਰਸ਼ਾਸਨ ਨੇ ਮਾਮਲੇ ਦੀ ਜਾਂਚ ਦੇ ਆਦੇਸ਼ ਦੇ ਦਿੱਤੇ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪ੍ਰਇਮਰੀ ਸਕੂਲ ਦੇ ਇਕ ਟਾਇਲਟ ਦੇ ਅੰਦਰ ਸਕੂਲ ਦੀ ਵਰਦੀ 'ਚ 2 ਵਿਦਿਆਰਥਣਾਂ ਦਿਖਾਈ ਦੇ ਰਹੀਆਂ ਹਨ। ਵੀਡੀਓ 'ਚ ਉਨ੍ਹਾਂ 'ਚੋਂ ਇਕ ਵਿਦਿਆਰਥਣ ਟਾਇਲਟ ਦੀ ਸਫ਼ਾਈ ਕਰਦੀ ਨਜ਼ਰ ਆ ਰਹੀ ਹੈ। ਅਧਿਕਾਰੀਆਂ ਨੇ ਕਿਹਾ ਕਿ ਵੀਡੀਓ 'ਚ ਦਿਖਾਈ ਦੇਣ ਵਾਲਾ ਪ੍ਰਾਇਮਰੀ ਸਕੂਲ ਸ਼ਹਿਰ ਖੇਤਰ ਦੇ ਉਪਰ ਕੋਟ ਇਲਾਕੇ ਦਾ ਹੈ।

ਇਸ ਘਟਨਾ ਬਾਰੇ ਟਿੱਪਣੀ ਕਰਦੇ ਹੋਏ, ਬੇਸਿਕ ਸਿੱਖਿਆ ਅਧਿਕਾਰੀ (ਬੀ.ਐੱਸ.ਏ.) ਅਖੰਡ ਪ੍ਰਤਾਪ ਸਿੰਘ ਨੇ ਕਿਹਾ,''ਉਕਤ ਵੀਡੀਓ ਅੱਜ ਸਾਡੇ ਨੋਟਿਸ 'ਚ ਆਇਆ ਹੈ। ਜ਼ਿਲ੍ਹਾ ਅਧਿਕਾਰੀ ਦੇ ਨਿਰਦੇਸ਼ 'ਤੇ ਕਾਰਵਾਈ ਕਰਦੇ ਹੋਏ ਮੈਂ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ ਹਨ। ਜਾਂਚ 'ਚ ਕੋਈ ਵੀ ਦੋਸ਼ੀ ਪਾਇਆ ਗਿਆ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।'' ਬੀ.ਐੱਸ.ਏ. ਨੇ ਜ਼ੋਰ ਦੇ ਕੇ ਕਿਹਾ ਕਿ ਸਰਕਾਰੀ ਪ੍ਰਾਇਮਰੀ ਸਕੂਲਾਂ ਦੀਆਂ ਵਿਦਿਆਰਥਣਾਂ ਨੂੰ ਟਾਇਲਟ ਸਾਫ਼ ਕਰਨ ਜਾਂ ਸਕੂਲਾਂ 'ਚ ਕੋਈ ਛੋਟਾ ਕੰਮ ਵੀ ਕਰਨ ਲਈ ਨਹੀਂ ਕਿਹਾ ਜਾ ਸਕਦਾ ਹੈ। ਅਧਿਕਾਰੀ ਨੇ ਕਿਹਾ ਕਿ ਇਸ ਦਾ ਉਲੰਘਣ ਕਰਨ ਵਾਲੇ ਕਿਸੇ ਵੀ ਕਰਮੀ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।


DIsha

Content Editor

Related News