SIT ਨੇ ਵਿਪਾਸਨਾ ਤੋਂ 8 ਘੰਟੇ ਤੱਕ ਕੀਤੀ ਪੁੱਛ-ਗਿੱਛ
Friday, Oct 13, 2017 - 11:36 PM (IST)
ਹਰਿਆਣਾ—ਡੇਰਾ ਸੱਚਾ ਸੌਦਾ ਦੀ ਚੇਅਰਪਰਸਨ ਵਿਪਾਸਨਾ ਇੰਸਾਂ ਪੁਲਸ ਦੀ ਸਖ਼ਤਾਈ ਤੋਂ ਬਾਅਦ ਸ਼ੁੱਕਰਵਾਰ ਨੂੰ ਪੁੱਛ-ਗਿੱਛ 'ਚ ਸਹਿਯੋਗ ਦੇਣ ਲਈ ਸਿਰਸਾ ਤੋਂ ਪੰਚਕੂਲਾ ਪਹੁੰਚੀ। ਐੱਸ. ਆਈ. ਟੀ. ਨੇ ਵਿਪਾਸਨਾ ਇੰਸਾਂ ਤੋਂ 8 ਘੰਟੇ ਤੱਕ ਪੁੱਛ-ਗਿੱਛ ਕੀਤੀ। ਪੁੱਛ-ਗਿੱਛ ਤੋਂ ਬਾਅਦ ਵਿਪਾਸਨਾ ਸੈਕਟਰ-23, ਚੰਡੀਮੰਦਰ ਤੋਂ ਵਾਪਸ ਗਈ। ਪੰਚਕੂਲਾ ਪੁਲਸ ਨੇ ਵਿਪਾਸਨਾ ਨੂੰ ਤੀਜਾ ਨੋਟਿਸ ਦੇ ਕੇ ਜਾਂਚ 'ਚ ਸ਼ਾਮਲ ਹੋਣ ਲਈ ਬੁਲਾਇਆ ਸੀ। ਐੱਸ. ਆਈ. ਟੀ. ਨੇ ਵਿਪਾਸਨਾ ਦੇ ਨਾਲ ਡੇਰੇ ਦੀ ਵਾਈਸ ਚੇਅਰਪਰਸਨ ਸ਼ੋਭਾ ਇੰਸਾਂ ਨੂੰ ਵੀ ਪੁੱਛ-ਗਿੱਛ ਲਈ ਬੁਲਾਇਆ ਸੀ।
ਪੁੱਛ-ਗਿੱਛ ਤੋਂ ਇਕ ਦਿਨ ਪਹਿਲਾਂ ਹਨੀਪ੍ਰੀਤ ਨੇ ਐੱਸ. ਆਈ. ਟੀ. ਨੂੰ ਦੱਸਿਆ ਸੀ ਕਿ ਉਸ ਦੇ ਕੋਲ ਇਕ ਮੋਬਾਇਲ ਅਤੇ ਲੈਪਟਾਪ ਸੀ, ਜਿਸ ਨੂੰ ਪੰਚਕੂਲਾ ਦੀ ਘਟਨਾ ਤੋਂ ਬਾਅਦ ਡੇਰਾ ਚੇਅਰਪਰਸਨ ਵਿਪਾਸਨਾ ਨੂੰ ਸੌਂਪ ਦਿੱਤਾ ਸੀ। ਇਸ ਤੋਂ ਇਲਾਵਾ ਵਿਪਾਸਨਾ ਕੋਲ ਹਨੀਪ੍ਰੀਤ ਦੀ ਡਾਇਰੀ ਮੌਜੂਦ ਹੈ, ਜਿਸ 'ਚ ਡੇਰੇ ਨਾਲ ਜੁੜੀਆਂ ਘਟਨਾਵਾਂ ਅਤੇ ਲੈਣ-ਦੇਣ ਦਾ ਬਿਓਰਾ ਮੌਜੂਦ ਹੈ। ਜਿਸ ਤੋਂ ਬਾਅਦ ਪੁਲਸ ਨੇ ਸਖ਼ਤ ਵਰਤਾਓ ਕਰਦੇ ਹੋਏ ਵਿਪਾਸਨਾ ਨੂੰ ਜਾਂਚ 'ਚ ਸ਼ਾਮਲ ਹੋਣ ਲਈ ਸੰਮਨ ਭੇਜਿਆ।
