ਲੱਦਾਖ ''ਚ LAC ਨਾਲ ਲੱਗਦੇ ਪਿੰਡ ਨੂੰ ਮਿਲਿਆ 4ਜੀ ਨੈੱਟਵਰਕ
Thursday, Aug 22, 2024 - 01:47 PM (IST)
ਲੇਹ (ਭਾਸ਼ਾ)- ਲੱਦਾਖ 'ਚ ਅਸਲ ਕੰਟਰੋਲ ਰੇਖਾ (ਐੱਲ.ਏ.ਸੀ.) ਕੋਲ ਇਕ ਦੂਰ ਦੇ ਪਿੰਡ ਨੂੰ ਬੁੱਧਵਾਰ ਨੂੰ 4ਜੀ ਮੋਬਾਇਲ ਨੈੱਟਵਰਕ ਸੇਵਾਵਾਂ ਮਿਲ ਗਈਆਂ। ਇਹ ਵਿਕਾਸ ਸਥਾਨਕ ਪ੍ਰਸ਼ਾਸਨ ਅਤੇ ਭਾਰਤੀ ਫ਼ੌਜ ਦੀਆਂ ਸਾਂਝੀਆਂ ਕੋਸ਼ਿਸ਼ਾਂ ਨਾਲ ਸੰਭਵ ਹੋਇਆ ਹੈ। ਇਕ ਅਧਿਕਾਰਤ ਬੁਲਾਰੇ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਏਅਰਟੈੱਲ 4ਜੀ ਨੈੱਟਵਰਕ ਦਾ ਉਦਘਾਟਨ ਫੋਬਰਾਂਗ ਪਿੰਡ 'ਚ ਚੁਸ਼ੁਲ ਦੇ ਕੌਂਸਲ ਕੋਂਚੋਕ ਸਟੈਨਜ਼ਿਨ ਅਤੇ 118 ਬ੍ਰਿਗੇਡ ਦੇ ਬ੍ਰਿਗੇਡੀਅਰ ਐੱਸ. ਰਾਣਾ ਨੇ ਹੋਰ ਅਧਿਕਾਰੀਆਂ ਨਾਲ ਕੀਤਾ। ਬੁਲਾਰੇ ਨੇ ਦੱਸਿਆ ਕਿ ਸਥਾਨਕ ਪ੍ਰਸ਼ਾਸਨ, ਫ਼ੌਜ, ਪਿੰਡ ਵਾਸੀਆਂ ਅਤੇ ਕੌਂਸਲਰ ਦੀ ਸਾਂਝੀ ਕੋਸ਼ਿਸ਼ ਨਾਲ ਇਹ ਸੇਵਾ ਸੰਭਵ ਹੋ ਸਕੀ ਹੈ।
ਉਨ੍ਹਾਂ ਦੱਸਿਆ ਕਿ ਕੌਂਸਲਰ ਸਟੈਨਜ਼ਿਨ ਨੇ ਨੈੱਟਵਰਕ ਟਾਵਰ ਨੂੰ ਬਿਜਲੀ ਦੇਣ ਲਈ ਇਕ ਸੌਰ ਪਲਾਂਟ ਉਪਲੱਬਧ ਕਰਵਾਇਆ, ਭਾਰਤੀ ਫ਼ੌਜ ਨੇ 5 ਕਿਲੋਮੀਟਰ ਆਪਟਿਕਲ ਫਾਈਬਰ ਕੇਬਲ (ਓ.ਐੱਫ.ਸੀ.) ਵਿਛਾਈ, ਪਿੰਡ ਵਾਸੀਆਂ ਨੇ ਬੈਟਰੀ ਬੈਂਕ ਦਾ ਨਿਰਮਾਣ ਕੀਤਾ ਅਤੇ ਏਅਰਟੈੱਲ ਨੇ ਟਾਵਰ ਸਥਾਪਤ ਕੀਤਾ। ਉਨ੍ਹਾਂ ਕਿਹਾ,''ਇਸ ਪ੍ਰਾਜੈਕਟ ਨੂੰ ਹਕੀਕਤ ਬਣਾਉਣ 'ਚ ਸ਼ਾਮਲ ਸਾਰੇ ਲੋਕਾਂ ਨੂੰ ਮੇਰਾ ਦਿਲੋਂ ਧੰਨਵਾਦ। ਡਿਪਟੀ ਕਮਿਸ਼ਨਰ ਨੂੰ ਉਨ੍ਹਾਂ ਦੇ ਸਮਰਥਨ ਲਈ, ਫਾਇਰ ਐਂਡ ਫਿਊਰੀ ਕਾਪਰਜ਼ ਨੂੰ 5 ਕਿਲੋਮੀਟਰ ਦੀ ਓ.ਐੱਫ.ਸੀ. ਉਪਲੱਬਧ ਕਰਵਾਉਣ ਅਤੇ ਟੀਮ ਨੂੰ ਏਅਰਟੈੱਲ ਦੇ 4ਜੀ ਨੈੱਟਵਰਕ ਨੂੰ ਇਸ ਸਭ ਤੋਂ ਦੂਰ ਸਰਹੱਦੀ ਪਿੰਡ ਤੱਕ ਲਿਆਉਣ ਲਈ ਉਨ੍ਹਾਂ ਦੀ ਵਚਨਬੱਧਤਾ ਲਈ ਵਿਸ਼ੇਸ਼ ਧੰਨਵਾਦ। ਸਭ ਤੋਂ ਦੂਰ ਦੇ ਇਲਾਕਿਆਂ 'ਚ ਕਨੈਕਟੀਵਿਟੀ ਲਿਆਉਣ ਲਈ ਤੁਹਾਡੀ ਕੋਸ਼ਿਸ਼ ਬੇਹੱਦ ਸ਼ਲਾਘਾਯੋਗ ਹੈ।'' ਬੁਲਾਰੇ ਨੇ ਕਿਹਾ ਕਿ ਫੋਬਰਾਂਗ ਦੇ ਪਿੰਡ ਵਾਸੀਆਂ ਨੇ ਆਖ਼ਰਕਾਰ 4ਜੀ ਮੋਬਾਇਲ ਨੈੱਟਵਰਕ ਸੇਵਾਵਾਂ ਪ੍ਰਾਪਤ ਕਰਨ 'ਤੇ ਆਪਣੀ ਖੁਸ਼ੀ ਜ਼ਾਹਰ ਕੀਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8