ਪੁਲਸ ਪੁੱਛਗਿੱਛ 'ਚ ਵਿਕਾਸ ਦੁਬੇ ਨੇ ਕਬੂਲਿਆ- ਸਾੜਨਾ ਚਾਹੁੰਦਾ ਸੀ ਪੁਲਸ ਵਾਲਿਆਂ ਦੀਆਂ ਲਾਸ਼ਾਂ

7/9/2020 7:10:19 PM

ਕਾਨਪੁਰ - ਗੈਂਗਸਟਰ ਵਿਕਾਸ ਦੁਬੇ ਨੇ 8 ਪੁਲਸ ਵਾਲਿਆਂ ਦੇ ਸ਼ੂਟਆਉਟ 'ਤੇ ਵੱਡਾ ਖੁਲਾਸਾ ਕੀਤਾ ਹੈ। ਵਿਕਾਸ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਘਰ ਨਾਲ ਵਾਲੇ ਖੂਹ ਕੋਲ ਪੰਜ ਪੁਲਸ ਵਾਲਿਆਂ ਦੀਆਂ ਲਾਸ਼ਾਂ ਨੂੰ ਇੱਕ ਦੇ ਉੱਪਰ ਇੱਕ ਰੱਖਿਆ ਗਿਆ ਸੀ ਤਾਂ ਕਿ ਉਨ੍ਹਾਂ ਨੂੰ ਸਾੜ ਕੇ ਸਬੂਤ ਖਤਮ ਕਰ ਦਿੱਤਾ ਜਾਵੇ। 

ਲਾਸ਼ਾਂ ਨੂੰ ਸਾੜਨ ਲਈ ਘਰ ਵਿਚ ਤੇਲ ਦਾ ਗੈਲਨ ਵੀ ਰੱਖਿਆ ਹੋਇਆ ਸੀ ਉਸ ਨੂੰ ਮੌਕਾ ਹੀ ਨਹੀਂ ਮਿਲਿਆ, ਫਿਰ ਉਹ ਫਰਾਰ ਹੋ ਗਿਆ। ਉਸ ਨੇ ਆਪਣੇ ਸਾਰੇ ਸਾਥੀਆਂ ਨੂੰ ਵੱਖ-ਵੱਖ ਭੱਜਣ ਲਈ ਕਿਹਾ ਸੀ। ਵਿਕਾਸ ਨੇ ਪੁਲਸ ਦੀ ਪੁੱਛਗਿੱਛ 'ਚ ਦੱਸਿਆ ਕਿ ਪਿੰਡ ਤੋਂ ਨਿਕਲਦੇ ਸਮੇਂ ਜ਼ਿਆਦਾਤਰ ਸਾਥੀ ਜਿਧਰ ਸਮਝ ਆਇਆ ਭੱਜ ਗਏ। ਸਾਨੂੰ ਸੂਚਨਾ ਮਿਲੀ ਸੀ ਕਿ ਪੁਲਸ ਸਵੇਰੇ ਛਾਪਾ ਮਾਰਨ ਆਵੇਗੀ ਪਰ ਪੁਲਸ ਰਾਤ ਨੂੰ ਹੀ ਆ ਗਈ। ਅਸੀਂ ਖਾਣਾ ਵੀ ਨਹੀਂ ਖਾਧਾ ਸੀ ਜਦੋਂ ਕਿ ਸਾਰਿਆਂ ਲਈ ਖਾਣਾ ਬਣ ਚੁੱਕਾ ਸੀ।

ਘਟਨਾ ਦੇ ਅਗਲੇ ਦਿਨ ਮਾਰਿਆ ਗਿਆ ਵਿਕਾਸ ਦਾ ਮਾਮਾ ਜੇ.ਸੀ.ਬੀ. ਮਸ਼ੀਨ ਦਾ ਇੰਚਾਰਜ ਸੀ ਪਰ ਉਹ ਜੇ.ਸੀ.ਬੀ. ਨਹੀਂ ਚਲਾ ਰਿਹਾ ਸੀ। ਰਾਤ ਨੂੰ ਰਾਜੂ ਨਾਮ ਦੇ ਇੱਕ ਸਾਥੀ ਨੇ ਜੇ.ਸੀ.ਬੀ. ਮਸ਼ੀਨ ਨੂੰ ਵਿਚਾਲੇ ਸੜਕ 'ਚ ਪਾਰਕ ਕੀਤਾ ਸੀ। ਮਾਮਾ ਨੂੰ ਅਗਲੇ ਦਿਨ ਪੁਲਸ ਨੇ ਐਨਕਾਊਂਟਰ 'ਚ ਮਾਰ ਦਿੱਤਾ ਸੀ।

ਵਿਕਾਸ ਦੁਬੇ ਨੇ ਕਿਹਾ ਕਿ ਚੌਬੇਪੁਰ ਥਾਣਾ ਹੀ ਨਹੀਂ, ਨਾਲ ਦੇ ਥਾਣਿਆਂ 'ਚ ਵੀ ਉਸ ਦੇ ਮਦਦਗਾਰ ਸਨ ਜੋ ਤਮਾਮ ਮਾਮਲਿਆਂ 'ਚ ਉਸ ਦੀ ਮਦਦ ਕਰਦੇ ਸਨ। ਉਸ ਨੇ ਕਿਹਾ, 'ਲਾਕਡਾਊਨ ਦੌਰਾਨ ਚੌਬੇਪੁਰ ਥਾਣਾ ਦੇ ਕਈ ਪੁਲਸ ਵਾਲਿਆਂ ਦਾ ਮੈਂ ਬਹੁਤ ਖਿਆਲ ਰੱਖਿਆ, ਸਾਰਿਆ ਨੂੰ ਖਾਣਾ ਪੀਣਾ ਖੁਆਉਣਾ ਅਤੇ ਦੂਜੀ ਮਦਦ ਵੀ ਕਰਦਾ ਸੀ।'


Inder Prajapati

Content Editor Inder Prajapati