ਮਾਲਿਆ ਦਾ ਵੱਡਾ ਖੁਲਾਸਾ, ਭਾਰਤ ਛੱਡਣ ਤੋਂ ਪਹਿਲਾਂ ਅਰੁਣ ਜੇਤਲੀ ਨਾਲ ਕੀਤੀ ਸੀ ਮੁਲਾਕਾਤ

09/12/2018 7:20:39 PM

ਲੰਡਨ — ਭਗੌੜੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਨੇ ਬੁੱਧਵਾਰ ਨੂੰ ਵੱਡਾ ਦਾਅਵਾ ਕੀਤਾ ਹੈ ਕਿ ਮੈਂ ਭਾਰਤ ਛੱਡਣ ਤੋਂ ਪਹਿਲਾਂ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੂੰ ਮਿਲਿਆ ਸੀ। ਲੰਡਨ 'ਚ ਵੈਸਟਮਿੰਸਟਰ ਮੈਜੀਸਟਰੇਟ ਦੀ ਅਦਾਲਤ ਬਾਹਰ ਉਨ੍ਹਾਂ ਨੇ ਆਖਿਆ ਕਿ ਮੈਂ ਪੂਰੇ ਮਾਮਲੇ ਨੂੰ ਹੱਲ ਕਰਨ ਲਈ ਭਾਰਤ ਛੱਡਣ ਤੋਂ ਪਹਿਲਾਂ ਵਿੱਤ ਮੰਤਰੀ ਅਰੁਣ ਜੇਤਲੀ ਨਾਲ ਮੁਲਾਕਾਤ ਕੀਤੀ ਸੀ। ਬੈਂਕ ਨੇ ਸਾਡੀ ਸੈਂਟਲਮੈਂਟ ਲੈਟਰ 'ਤੇ ਇਤਰਾਜ਼ ਜ਼ਾਹਿਰ ਕੀਤਾ ਸੀ।

ਮਾਲਿਆ ਨੇ ਆਖਿਆ ਕਿ ਆਈ. ਡੀ. ਬੀ. ਆਈ. ਬੈਂਕ ਦੇ ਅਧਿਕਾਰੀ ਕਿੰਗਫੀਸ਼ਰ ਨੂੰ ਹੋਏ ਘਾਟੇ ਤੋਂ ਚੰਗੀ ਤਰ੍ਹਾਂ ਜਾਣੂ ਸਨ। ਬੈਂਕ ਅਧਿਕਾਰੀਆਂ ਦੀ ਈ-ਮੇਲ ਤੋਂ ਇਹ ਗੱਲ ਸਾਬਤ ਹੁੰਦੀ ਹੈ। ਅਜਿਹੇ 'ਚ ਸਰਕਾਰ ਨੇ ਉਸ 'ਤੇ ਕੰਪਨੀ ਨੂੰ ਹੋਏ ਘਾਟੇ ਨੂੰ ਲੁਕਾਉਣ ਦਾ ਜੋ ਦੋਸ਼ ਲਾਇਆ ਹੈ, ਉਹ ਆਧਾਰਹੀਨ ਹਨ। ਮਾਲਿਆ ਤੋਂ ਜਦੋਂ ਵੈਸਟਮਿੰਸਟਰ ਕੋਰਟ 'ਚੋਂ ਬਾਹਰ ਆਉਣ 'ਤੇ ਪੁਛਿਆ ਗਿਆ ਕਿ ਕੀ ਕੋਰਟ ਨੂੰ ਇਸ ਗੱਲ ਦਾ ਯਕੀਨ ਹੋ ਗਿਆ ਹੈ ਕਿ ਉਨ੍ਹਾਂ ਕੋਲ ਇੰਨੇ ਸਰੋਤ ਹਨ ਕਿ ਉਹ ਆਪਣੇ ਵਾਅਦੇ ਮੁਤਾਬਕ ਭੁਗਤਾਨ ਕਰ ਸਕਣਗੇ। ਵਿਜੇ ਮਾਲਿਆ ਨੇ ਜਵਾਬ 'ਚ ਕਿਹਾ ਕਿ ਦੇਖੋ ਇਹ ਜ਼ਾਹਿਰ ਹੈ ਇਸ ਲਈ ਸੈਂਟਲਮੈਂਟ ਦੀ ਪੇਸ਼ਕਸ਼ ਕੀਤੀ ਗਈ ਹੈ।

ਕਿੰਗਫੀਸ਼ਰ ਦੇ 62 ਸਾਲਾ ਮਾਲਕ ਮਾਲਿਆ 'ਤੇ ਭਾਰਤੀ ਬੈਂਕਾਂ ਦਾ 9 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦਾ ਕਰਜ਼ਾ ਹੈ। ਮਾਰਚ 2016 'ਚ ਉਹ ਵਿਦੇਸ਼ ਭੱਜ ਗਿਆ ਸੀ ਅਤੇ ਉਦੋਂ ਤੋਂ ਉਹ ਲੰਡਨ 'ਚ ਹੀ ਹੈ। ਭਾਰਤ 'ਚ ਉਸ ਖਿਲਾਫ ਭਗੌੜਾ ਆਰਥਿਕ ਅਪਰਾਧੀ ਕਾਨੂੰਨ ਦੇ ਤਹਿਤ ਮਾਮਲਾ ਚੱਲ ਰਿਹਾ ਹੈ। ਮੁੰਬਈ ਸਥਿਤ ਵਿਸ਼ੇਸ਼ ਅਦਾਲਤ ਨੇ ਇਨਫੋਰਸਮੈਂਟ ਡਾਇਰਕਟੋਰੈਟ (ਈ. ਡੀ.) ਦੀ ਪਟੀਸ਼ਨ 'ਤੇ ਮਾਲਿਆ ਤੋਂ 24 ਸਤੰਬਰ ਤੱਕ ਜਵਾਬ ਮੰਗਿਆ ਹੈ। ਈ. ਡੀ. ਨੇ ਨਵੇਂ ਕਾਨੂੰਨ ਦੇ ਤਹਿਤ ਮਾਲਿਆ ਨੂੰ ਭਗੌੜਾ ਐਲਾਨ ਕਰਨ ਅਤੇ 12,500 ਕਰੋੜ ਦੀ ਜਾਇਦਾਦ ਜ਼ਬਤ ਕਰਨ ਦੀ ਮੰਗ ਕੀਤੀ ਸੀ। ਮਾਲਿਆ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਭਾਰਤ ਅਤੇ ਇੰਗਲੈਂਡ ਵਿਚਾਲੇ ਖੇਡਿਆ ਗਿਆ ਓਵਲ ਟੈਸਟ ਮੈਚ ਦੇਖਣ ਪਹੁੰਚਿਆ ਸੀ। ਭਾਰਤ ਵਾਪਸ ਜਾਣ ਦੇ ਸਵਾਲ 'ਤੇ ਉਸ ਨੇ ਆਖਿਆ ਸੀ ਕਿ ਇਸ ਦਾ ਫੈਸਲਾ ਬ੍ਰਿਟਿਸ਼ ਕੋਰਟ ਦੇ ਜੱਜ ਕਰਨਗੇ।


Related News