ਅਮਰੀਕਾ ਪਹੁੰਚ ਮੇਲਾਨੀਆ ਟਰੰਪ ਨੇ ਦਿੱਲੀ ਦੇ ਸਰਕਾਰੀ ਸਕੂਲ ਦੀ ਕੀਤੀ ਤਰੀਫ

02/28/2020 1:18:07 AM

ਵਾਸ਼ਿੰਗਟਨ - ਨਵੀਂ ਦਿੱਲੀ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਨ੍ਹਾਂ ਦੀ ਪਤਨੀ ਅਤੇ ਫਸਟ ਲੇਡੀ ਮੇਲਾਨੀਆ ਟਰੰਪ ਭਾਰਤ ਦਾ ਦੌਰਾ ਪੂਰਾ ਕਰਕੇ ਅਮਰੀਕਾ ਵਾਪਸ ਜਾ ਚੁੱਕੇ ਹਨ। ਇਸ ਵਿਚਾਲੇ ਅਮਰੀਕਾ ਦੀ ਫਸਟ ਲੇਡੀ ਮੇਲਾਨੀਆ ਟਰੰਪ ਨੂੰ ਭਾਰਤ ਦੀਆਂ ਯਾਦਾਂ ਅਜੇ ਵੀ ਬਰਕਰਾਰ ਹਨ। ਇਹੀ ਕਾਰਨ ਹੈ ਕਿ ਉਹ ਲਗਾਤਾਰ ਭਾਰਤ ਵਿਚ ਬਿਤਾਏ ਆਪਣੇ ਵੇਲੇ ਨੂੰ ਟਵਿੱਟਰ ਦੇ ਜ਼ਰੀਏ ਸਾਰਿਆਂ ਸਾਹਮਣੇ ਪੇਸ਼ ਕਰ ਰਹੀ ਹੈ। ਵੀਰਵਾਰ ਨੂੰ ਉਨ੍ਹਾਂ ਨੇ ਦਿੱਲੀ ਦੇ ਸਰਕਾਰੀ ਸਕੂਲ ਵਿਚ ਦੌਰੇ ਦੀ ਇਕ ਵੀਡੀਓ ਟਵੀਟ ਕੀਤੀ। ਨਾਲ ਹੀ ਉਨ੍ਹਾਂ ਨੇ ਸਰਵੋਦਿਆ ਸਕੂਲ ਵਿਚ ਆਪਣੇ ਸਵਾਗਤ ਦੀਆਂ ਤਸਵੀਰਾਂ ਵੀ ਸ਼ਾਂਝੀਆਂ ਕੀਤੀਆਂ। ਇਸ ਤੋਂ ਇਲਾਵਾ ਮੇਲਾਨੀਆ ਟਰੰਪ ਨੇ ਇਕ ਹੋਰ ਟਵੀਟ ਕੀਤਾ, ਜਿਸ ਵਿਚ ਉਨ੍ਹਾਂ ਲਿੱਖਿਆ ਕਿ ਮੈਂ ਨਵੀਂ ਦਿੱਲੀ ਦੇ ਸਰਵੋਦਿਆ ਸਕੂਲ ਵਿਖੇ 'ਰੀਡਿੰਗ ਕਲਾਸਰੂਮ' ਅਤੇ 'ਹੈਪੀਨੈੱਸ ਪਾਠਕ੍ਰਮ' ਪ੍ਰੋਗਰਾਮਾਂ ਤੋਂ ਪ੍ਰੇਰਿਤ ਹੋਈ ਹਾਂ। #BeBest ਦੇ ਸਿਧਾਂਤ ਕਾਫੀ ਹੈਰਾਨੀਜਨਕ ਹਨ ਅਤੇ ਇਹ ਸਿਰਫ ਅਮਰੀਕਾ ਤੱਕ ਸੀਮਤ ਹੀ ਨਹੀਂ ਬਲਕਿ ਪੂਰੀ ਦੁਨੀਆ ਵਿਚ ਪਾਏ ਜਾ ਸਕਦੇ ਹਨ।

ਮੇਲਾਨੀਆ ਨੇ ਸ਼ੇਅਰ ਕੀਤੀ ਸਰਵੋਦਿਆ ਸਕੂਲ ਦੀ ਵੀਡੀਓ
ਮੇਲਾਨੀਆ ਟਰੰਪ ਨੇ ਆਪਣੇ ਅਧਿਕਾਰਕ ਟਵਿੱਟਰ ਹੈਂਡਲ ਤੋਂ ਵੀਰਵਾਰ ਨੂੰ ਟਵੀਟ ਕੀਤਾ, ਇਸ ਵਿਚ ਉਨ੍ਹਾਂ ਨੇ ਲਿੱਖਿਆ ਕਿ ਸਰਵੋਦਿਆ ਸਕੂਲ ਵਿਚ ਤਿਲਕ ਅਤੇ ਆਰਤੀ ਦੇ ਨਾਲ ਮੇਰੇ ਖਾਸ ਸੁਆਗਤ ਲਈ ਬਹੁਤ ਧੰਨਵਾਦ। ਇਸ ਦੇ ਨਾਲ ਮੇਲਾਨੀਆ ਨੇ ਦਿੱਲੀ ਦੇ ਸਰਵੋਦਿਆ ਸਕੂਲ ਦੀ ਵੀਡੀਓ ਵਿਚ ਟਵੀਟ ਕੀਤੀ।

ਗਰਮਜੋਸ਼ੀ ਨਾਲ ਸੁਆਗਤ ਲਈ ਮੇਲਾਨੀਆ ਨੇ ਕੀਤਾ ਧੰਨਵਾਦ
ਮੇਲਾਨੀਆ ਨੇ ਵੀਡੀਓ ਟਵੀਟ ਕਰਦੇ ਹੋਏ ਲਿੱਖਿਆ ਕਿ ਨਵੀਂ ਦਿੱਲੀ ਦੇ ਸਰਵੋਦਿਆ ਸਕੂਲ ਵਿਚ ਨਾ ਭੁੱਲਣ ਵਾਲਾ ਸਮਾਂ ਬਿਤਾਇਆ। ਵਿਦਿਆਰਥੀ-ਵਿਦਿਆਰਥਣਾਂ ਅਤੇ ਫੈਕਲਿਟੀ ਵਿਚਾਲੇ ਇਹ ਮੇਰੇ ਲਈ ਬੇਹੱਦ ਸਨਮਾਨ ਦਾ ਪਲ ਸੀ। ਬੇਹੱਦ ਗਰਮਜੋਸ਼ੀ ਨਾਲ ਕੀਤੇ ਗਏ ਸੁਆਗਤ ਲਈ ਧੰਨਵਾਦ। #BeBest । ਇਸ ਤੋਂ ਪਹਿਲਾਂ ਮੇਲਾਨੀਆ ਟਰੰਪ ਨੇ ਤਾਜ ਮਹਿਲ ਦੇ ਦੀਦਾਰ ਦੀ ਵੀਡੀਓ ਵੀ ਸ਼ੇਅਰ ਕੀਤੀ।

 

 


Khushdeep Jassi

Content Editor

Related News