ਅੱਧੀ ਰਾਤ ਸੜਕ 'ਤੇ ਦੌੜਦੇ ਨੌਜਵਾਨ ਦਾ ਵੀਡੀਓ ਵਾਇਰਲ, ਵਜ੍ਹਾ ਜਾਣ ਜਜ਼ਬੇ ਨੂੰ ਕਰੋਗੇ ਸਲਾਮ
Monday, Mar 21, 2022 - 11:40 AM (IST)
ਨੋਇਡਾ- ਦੇਸ਼ ਦੀ ਰਾਜਧਾਨੀ ਦਿੱਲੀ ਨਾਲ ਲੱਗਦੇ ਨੋਇਡਾ 'ਚ ਅੱਧੀ ਰਾਤ ਨੂੰ ਮੋਢੇ 'ਤੇ ਬੈਗ ਪਾਏ ਦੌੜਦੇ ਇਕ ਨੌਜਵਾਨ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਨੂੰ ਫਿਲਮਮੇਕਰ ਅਤੇ ਪੱਤਰਕਾਰ ਵਿਨੋਦ ਕਾਪੜੀ ਨੇ ਐਤਵਾਰ ਸ਼ਾਮ ਸਾਂਝਾ ਕੀਤਾ ਸੀ ਅਤੇ ਸਿਰਫ਼ ਕੁਝ ਹੀ ਘੰਟਿਆਂ 'ਚ ਇਹ ਵੀਡੀਓ ਵਾਇਰਲ ਹੋ ਗਿਆ। ਇਸ ਵੀਡੀਓ 'ਤੇ ਲੱਖਾਂ ਵਿਊਜ਼ ਆ ਚੁਕੇ ਹਨ।
Watch #PradeepMehra’s 20 second SPRINT to lift your Monday SPIRITS ❤️ https://t.co/UnHRbJPdNa pic.twitter.com/nLAVZxwauq
— Vinod Kapri (@vinodkapri) March 21, 2022
ਜਾਣੋ ਪੂਰਾ ਮਾਮਲਾ
ਵੀਡੀਓ 'ਚ ਮੁੰਡਾ ਸੜਕ 'ਤੇ ਦੌੜਦਾ ਨਜ਼ਰ ਆ ਰਿਹਾ ਹੈ ਅਤੇ ਵਿਨੋਦ ਕਾਪੜੀ ਵਲੋਂ ਵਾਰ-ਵਾਰ ਲਿਫਟ ਦਿੱਤੇ ਜਾਣ ਦੀ ਅਪੀਲ ਨੂੰ ਵੀ ਖਾਰਜ ਕਰਦਾ ਨਜ਼ਰ ਆਉਂਦਾ ਹੈ। ਇਸ ਦੌਰਾਨ ਉਹ ਫਿਲਮਮੇਕਰ ਦੇ ਕੁਝ ਸਵਾਲਾਂ ਦਾ ਜਵਾਬ ਵੀ ਦਿੰਦਾ ਹੈ। ਨੌਜਵਾਨ ਦੱਸਦਾ ਹੈ ਕਿ ਉਸ ਦਾ ਨਾਮ ਪ੍ਰਦੀਪ ਮੇਹਰਾ ਹੈ ਅਤੇ ਉਹ 19 ਸਾਲ ਦਾ ਹੈ। ਉਹ ਇਹ ਵੀ ਦੱਸਦਾ ਹੈ ਕਿ ਉਹ ਮੂਲ ਰੂਪ ਨਾਲ ਉਤਰਾਖੰਡ ਦਾ ਰਹਿਣ ਵਾਲਾ ਹੈ ਅਤੇ ਨੋਇਡਾ 'ਚ ਕੰਮ ਕਰਦਾ ਹੈ। ਵਿਨੋਦ ਦੇ ਪੁੱਛਣ 'ਤੇ ਪ੍ਰਦੀਪ ਦੱਸਦਾ ਹੈ ਕਿ ਉਹ ਮੈਕਡਾਨਲਡਜ਼ ਰੈਸਟੋਰੈਂਟ ਲਈ ਕੰਮ ਕਰਦਾ ਹੈ ਅਤੇ ਆਪਣੀ ਡਿਊਟੀ ਪੂਰੀ ਕਰਨ ਤੋਂ ਬਾਅਦ ਘਰ ਪਰਤ ਰਿਹਾ ਹੈ। ਉਸ ਨੇ ਕਿਹਾ ਕਿ ਉਹ ਰੋਜ਼ ਇਸੇ ਤਰ੍ਹਾਂ 10 ਕਿਲੋਮੀਟਰ ਦੌੜ ਕੇ ਆਪਣੇ ਕੰਮ ਦੀ ਜਗ੍ਹਾ ਤੋਂ ਘਰ ਪਰਤਦਾ ਹੈ। ਇਸ 'ਤੇ ਫਿਲਮਮੇਕਰ ਉਸ ਨੂੰ ਲਿਫਟ ਲਈ ਪੁੱਛਦਾ ਹੈ। ਇਸ 'ਤੇ ਨੌਜਵਾਨ ਕਹਿੰਦਾ ਹੈ ਕਿ ਉਹ ਅਜਿਹਾ ਰੋਜ਼ ਇਸ ਲਈ ਕਰਦਾ ਹੈ, ਕਿਉਂਕਿ ਉਸ ਨੂੰ ਦੌੜਨ ਲਈ ਹੋਰ ਸਮਾਂ ਨਹੀਂ ਮਿਲਦਾ।
ਫ਼ੌਜ 'ਚ ਭਰਤੀ ਹੋਣਾ ਚਾਹੁੰਦਾ ਹੈ ਪ੍ਰਦੀਪ
ਪ੍ਰਦੀਪ ਨੇ ਦੱਸਿਆ ਕਿ ਉਹ ਫ਼ੌਜ 'ਚ ਭਰਤੀ ਹੋਣਾ ਚਾਹੁੰਦਾ ਹੈ। ਇਸ 'ਤੇ ਵਿਨੋਦ ਕਾਪੜੀ ਉਸ ਨੂੰ ਕਹਿੰਦੇ ਹਨ ਕਿ ਉਹ ਲਿਫਟ ਲਵੇ ਅਤੇ ਸਵੇਰੇ ਦੌੜ ਲਗਾ ਲਵੇ। ਇਸ 'ਤੇ ਨੌਜਵਾਨ ਕਹਿੰਦਾ ਹੈ ਕਿ ਉਸ ਨੂੰ ਸਵੇਰੇ ਉੱਠ ਕੇ ਕੰਮ 'ਤੇ ਆਉਣ ਤੋਂ ਪਹਿਲਾਂ ਖਾਣਾ ਬਣਾਉਣਾ ਪੈਂਦਾ ਹੈ। ਇਸ ਲਈ ਸਵੇਰੇ ਸਮਾਂ ਨਹੀਂ ਮਿਲਦਾ ਅਤੇ ਇਹੀ ਕਾਰਨ ਹੈ ਕਿ ਰੋਜ਼ ਕੰਮ ਤੋਂ ਬਾਅਦ ਉਹ ਇਸੇ ਤਰ੍ਹਾਂ ਦੌੜਦੇ ਹੋਏ ਨੋਇਡਾ ਦੇ ਸੈਕਟਰ 16 ਤੋਂ ਬਰੋਲਾ 'ਚ ਆਪਣੇ ਘਰ ਪਰਤਦਾ ਹੈ, ਜੋ ਕਰੀਬ 10 ਕਿਲੋਮੀਟਰ ਦੂਰੀ 'ਤੇ ਹੈ। ਵੀਡੀਓ 'ਚ ਨੌਜਵਾਨ ਇਹ ਵੀ ਦੱਸਦਾ ਹੈ ਕਿ ਉਸ ਦੀ ਮਾਂ ਹਸਪਤਾਲ 'ਚ ਹੈ ਅਤੇ ਉਹ ਆਪਣੇ ਭਰਾ ਨਾਲ ਰਹਿ ਰਿਹਾ ਹੈ। ਟਵਿੱਟਰ 'ਤੇ ਨੌਜਵਾਨ ਦਾ ਇਹ ਵੀਡੀਓ ਕਾਫ਼ੀ ਟਰੈਂਡ ਕਰ ਰਿਹਾ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ