7 ਮਹੀਨੇ ਦੇ ਬੱਚੇ ਦੀ ਕੁੱਟਮਾਰ ਕਰ ਰਹੀ ਮਾਂ ਦਾ ਵੀਡੀਓ ਵਾਇਰਲ, ਪੁਲਸ ਨੇ ਮਾਤਾ-ਪਿਤਾ ਨੂੰ ਸਮਝਾਇਆ

Monday, May 31, 2021 - 02:52 PM (IST)

ਨਾਗਪੁਰ (ਮਹਾਰਾਸ਼ਟਰ)- ਸੋਸ਼ਲ ਮੀਡੀਆ 'ਤੇ ਆਪਣੇ 7 ਮਹੀਨਿਆਂ ਦੇ ਬੱਚੇ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਵਾਲੀ ਮਾਂ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਸ ਨੇ ਮਾਤਾ-ਪਿਤਾ ਦੋਹਾਂ ਨੂੰ ਸਮਝਾਇਆ ਹੈ। ਅੰਬਾਝਰੀ ਪੁਲਸ ਥਾਣੇ ਦੇ ਇੰਸਪੈਕਟਰ ਨਰੇਂਦਰ ਹਿਵੜੇ ਨੇ ਦੱਸਿਆ ਕਿ ਘਟਨਾ ਮਹਾਰਾਸ਼ਟਰ ਦੇ ਨਾਗਪੁਰ ਜ਼ਿਲ੍ਹੇ ਦੇ ਪੰਧਾਰਾਬੋਦੀ ਇਲਾਕੇ 'ਚ 24 ਮਈ ਨੂੰ ਹੋਈ। ਪੁਲਸ ਨੇ ਬਾਲ ਕਲਿਆਣ ਵਿਭਾਗ ਨੂੰ ਮਾਮਲੇ ਦਾ ਨੋਟਿਸ ਲੈਣ ਲਈ ਕਹਿਾ ਸੀ। ਇਸ ਵੀਡੀਓ ਨੂੰ ਕਿਸੇ ਰਿਸ਼ਤੇਦਾਰ ਨੇ ਬਣਾਇਆ ਸੀ, ਜਿਸ 'ਚ ਸੱਸ ਨਾਲ ਬਹਿਸ ਦੌਰਾਨ ਇਕ ਜਨਾਨੀ ਆਪਣੇ ਬੇਟੇ ਦੀ ਕੁੱਟਮਾਰ ਕਰਦੀ ਨਜ਼ਰ ਆ ਰਹੀ ਹੈ। ਵੀਡੀਓ ਦੇ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਸਥਾਨਕ ਲੋਕਾਂ ਨੇ ਅੰਬਾਝਰੀ ਪੁਲਸ ਨੂੰ ਘਟਨਾ ਦੀ ਜਾਣਕਾਰੀ ਦਿੱਤੀ।

ਹਿਵੜੇ ਆਪਣੇ ਇਕ ਦਲ ਨਾਲ ਐਤਵਾਰ ਨੂੰ ਬੱਚੇ ਦੇ ਘਰ ਪਹੁੰਚੇ ਅਤੇ ਉਸ ਨੂੰ ਅਤੇ ਉਸ ਦੇ ਮਾਤਾ-ਪਿਤਾ ਨੂੰ ਪੁਲਸ ਥਾਣੇ ਲੈ ਗਏ। ਅਧਿਕਾਰੀ ਨੇ ਦੱਸਿਆ ਕਿ ਪੁਲਸ ਨੇ ਬੱਚੇ ਨੂੰ ਕੁਝ ਖੁਆਇਆ ਅਤੇ ਉਸ ਦੇ ਮਾਤਾ-ਪਿਤਾ ਨੂੰ ਸਮਝਾਇਆ। ਉਨ੍ਹਾਂ ਨੇ ਬੱਚੇ ਨੂੰ ਨਾ ਮਾਰਨ ਦੀ ਸਲਾਹ ਦਿੱਤੀ ਅਤੇ ਫਿਰ ਜਾਣ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਬੱਚੇ ਦਾ ਪਿਤਾ ਢੋਲ ਵਜਾਉਣ ਦਾ ਕੰਮ ਕਰਦਾ ਸੀ ਪਰ ਕੋਰੋਨਾ ਸੰਬੰਧੀ ਪਾਬੰਦੀਆਂ ਕਾਰਨ ਹਾਲੇ ਉਹ ਬੇਰੁਜ਼ਗਾਰ ਹੈ। ਉਨ੍ਹਾਂ ਦੱਸਿਆ ਕਿ ਬੱਚੇ ਦੀ ਦਾਦੀ ਘਰੇਲੂ ਸਹਾਇਕਾ ਦੇ ਤੌਰ 'ਤੇ ਕੰਮ ਕਰਦੀ ਹੈ ਅਤੇ 2 ਹਜ਼ਾਰ ਰੁਪਏ ਮਹੀਨਾ ਕਮਾਉਂਦੀ ਹੈ, ਜਿਸ ਨੂੰ ਉਹ ਪਰਿਵਾਰ ਦੇ ਖਾਣ-ਪੀਣ 'ਤੇ ਖਰਚ ਕਰਦੀ ਹੈ। ਅਧਿਕਾਰੀ ਨੇ ਦੱਸਿਆ ਕਿ ਇਕ ਗੁਆਂਢੀ ਨੇ ਪੁਲਸ ਨੂੰ ਦੱਸਿਆ ਕਿ ਬੱਚੇ ਦੀ ਮਾਂ ਅਤੇ ਦਾਦੀ ਦਰਮਿਆਨ ਪੈਸਿਆਂ ਨੂੰ ਲੈ ਕੇ ਹਮੇਸ਼ਾ ਝਗੜਾ ਹੁੰਦਾ ਰਹਿੰਦਾ ਹੈ।


DIsha

Content Editor

Related News