''ਕੋਰੋਨਾ'' ਤੋਂ ਠੀਕ ਹੋਣ ਬਾਅਦ ਵੀ ਸਾਵਧਾਨੀਆਂ ਦੀ ਲੋੜ, 14 ਦਿਨ ਰਹਿਣਾ ਹੋਵੇਗਾ ਇਕਾਂਤਵਾਸ
Thursday, Apr 09, 2020 - 06:24 PM (IST)
ਲਖਨਊ (ਭਾਸ਼ਾ)— ਡਾਕਟਰਾਂ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਤੋਂ ਠੀਕ ਹੋਣ ਤੋਂ ਬਾਅਦ ਵੀ ਰੋਗੀ ਨੂੰ ਆਪਣੇ ਘਰ 'ਚ ਬਿਲਕੁਲ ਅਲੱਗ-ਥਲੱਗ ਇਕੱਲੇ ਜ਼ਿੰਦਗੀ ਗੁਜ਼ਾਰਨੀ ਹੁੰਦੀ ਹੈ, ਕਿਉਂਕਿ ਅਜੇ ਇਹ ਦਾਅਵਾ ਨਹੀਂ ਕੀਤਾ ਜਾ ਸਕਦਾ ਕਿ ਠੀਕ ਹੋ ਗਿਆ ਵਿਅਕਤੀ ਮੁੜ ਇਸ ਵਾਇਰਸ ਦੀ ਲਪੇਟ 'ਚ ਆਵੇਗਾ ਜਾਂ ਨਹੀਂ। ਇਨ੍ਹਾਂ ਹੀ ਨਹੀਂ ਕੋਰੋਨਾ ਵਾਇਰਸ ਰੋਗੀਆਂ ਦਾ ਇਲਾਜ ਕਰਨ ਵਾਲੇ ਡਾਕਟਰ ਅਤੇ ਨਰਸਾਂ ਨੂੰ ਵੀ ਆਪਣੇ ਘਰ-ਪਰਿਵਾਰ ਤੋਂ ਵੱਖ 14 ਦਿਨ ਇਕਾਂਤਵਾਸ 'ਚ ਰਹਿਣਾ ਪੈਂਦਾ ਹੈ ਅਤੇ ਉਹ ਹੀ ਸਾਵਧਾਨੀਆਂ ਵਰਤਣੀਆਂ ਪੈਦੀਆਂ ਹਨ, ਜੋ ਕਿ ਇਕ ਕੋਰੋਨਾ ਵਾਇਰਸ ਤੋਂ ਠੀਕ ਹੋਏ ਮਰੀਜ਼ ਨੂੰ। ਕੇ. ਜੀ. ਐੱਮ. ਯੂ. ਦੇ ਇਨਫੈਕੀਸ਼ਅਸ ਡਿਜੀਜ਼ ਹਸਪਤਾਲ ਦੇ ਡਾ. ਡੀ. ਹਿਮਾਂਸ਼ੂ ਨੇ ਇਕ ਨਿਊਜ਼ ਏਜੰਸੀ ਨਾਲ ਗੱਲਬਾਤ ਜ਼ਰੀਏ ਇਹ ਗੱਲ ਸਾਫ ਕੀਤੀ ਹੈ।
14 ਦਿਨ ਤਕ ਘਰ 'ਚ ਇਕਾਂਤਵਾਸ—
ਉਨ੍ਹਾਂ ਕਿਹਾ ਕਿ ਸਾਵਧਾਨੀ ਇਹ ਵੀ ਵਰਤੀ ਜਾ ਰਹੀ ਹੈ ਕਿ ਜਦੋਂ ਇਕ ਰਿਪੋਰਟ ਨੈਗੇਟਿਵ ਆ ਜਾਂਦੀ ਹੈ ਤਾਂ ਉਸ ਦੇ 48 ਘੰਟਿਆਂ ਦੇ ਅੰਦਰ ਦੂਜੀ ਜਾਂਚ ਕਰਵਾਈ ਜਾਂਦੀ ਹੈ। ਯਾਨੀ ਕਿ ਇਸ ਪ੍ਰਕਿਰਿਆ 'ਚ ਜੇਕਰ ਕਿਤੇ ਵਾਇਰਸ ਦੀ ਕੋਈ ਸੰਭਾਵਨਾ ਥੋੜ੍ਹੀ ਵੀ ਬਾਕੀ ਬਚਦੀ ਹੈ ਤਾਂ ਉਹ ਵੀ ਖਤਮ ਹੋ ਜਾਵੇ। ਮਰੀਜ਼ ਅਤੇ ਉਸ ਦੇ ਪਰਿਵਾਰ ਵਾਲਿਆਂ ਨੂੰ ਇਸ ਗੱਲ ਦੇ ਨਿਰਦੇਸ਼ ਦਿੱਤੇ ਜਾ ਰਹੇ ਹਨ ਕਿ ਉਹ 14 ਦਿਨ ਤਕ ਘਰ 'ਚ ਇਕਾਂਤਵਾਸ ਰਹਿ ਕੇ ਨਿਰਦੇਸ਼ਾਂ ਦਾ ਸਖਤੀ ਨਾਲ ਪਾਲਣ ਕਰਨ। ਮਰੀਜ਼ਾਂ ਨੂੰ ਡਿਸਚਾਰਜ ਕਰਨ ਤੋਂ ਪਹਿਲਾਂ ਨਹਾਉਣ ਲਈ ਕਿਹਾ ਜਾਂਦਾ ਹੈ। ਇਸ ਤੋਂ ਬਾਅਦ ਉਨ੍ਹਾਂ ਨੂੰ 'ਵਿਸ਼ੇਸ਼ ਰਸਾਇਣ ਵਾਈਪ' ਨਾਲ ਕਲੀਨ ਕੀਤਾ ਜਾਂਦਾ ਹੈ। ਸਾਫ ਕੱਪੜੇ ਪਹਿਨਾਏ ਜਾਂਦੇ ਹਨ। ਉਨ੍ਹਾਂ ਦੇ ਸਾਰੇ ਸਾਮਾਨ ਨੂੰ ਇਨਫੈਕਸ਼ਨ ਤੋਂ ਮੁਕਤ ਕੀਤਾ ਜਾਂਦਾ ਹੈ। ਕਮਰੇ 'ਚੋਂ ਬਾਹਰ ਨਿਕਲਣ ਤੋਂ ਪਹਿਲਾਂ ਉਨ੍ਹਾਂ ਨੂੰ ਮਾਸਕ ਅਤੇ ਬੂਟ ਪਹਿਨਾਏ ਜਾਂਦੇ ਹਨ। ਕੋਸ਼ਿਸ਼ ਇਹ ਹੀ ਰਹਿੰਦੀ ਹੈ ਕਿ ਉਨ੍ਹਾਂ ਨੂੰ ਐਂਬੂਲੈਂਸ ਤੋਂ ਹੀ ਘਰ ਛੱਡਿਆ ਜਾਵੇ।
ਘਰ ਜਾ ਕੇ ਵਰਤੋਂ ਇਹ ਸਾਵਧਾਨੀਆਂ—
ਘਰ ਜਾ ਕੇ ਸਭ ਤੋਂ ਪਹਿਲਾਂ ਨਹਾਓ ਅਤੇ ਆਪਣੇ ਕੱਪੜਿਆਂ ਨੂੰ 0.5 ਫੀਸਦੀ ਬਲੀਚਿੰਗ ਪਾਊਡਰ ਪਾ ਕੇ 70 ਡਿਗਰੀ ਸੈਲਸੀਅਸ ਗਰਮ ਕੀਤੇ ਹੋਏ ਪਾਣੀ 'ਚ ਧੋਵੋ। ਨਾਲ ਹੀ ਮੋਬਾਈਲ, ਲੈਪਟਾਪ, ਘੜੀ, ਚਸ਼ਮਾ ਆਦਿ ਨੂੰ ਵੀ ਸੈਨੇਟਾਈਜ਼ਰ ਕਰੋ। ਘਰ ਵਿਚ ਉਨ੍ਹਾਂ ਨੂੰ ਇਕ ਕਮਰੇ 'ਚ 14 ਦਿਨ ਤਕ ਇਕਾਂਤਵਾਸ ਰਹਿਣ ਦੀ ਸਖਤ ਹਿਦਾਇਤ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਡਿਸਪੋਜਲ ਭਾਂਡਿਆਂ ਵਿਚ ਖਾਣਾ ਪਵੇਗਾ, ਹਮੇਸ਼ਾ ਮਾਸਕ ਪਹਿਨ ਕੇ ਰਹਿਣਾ ਪਵੇਗਾ। ਸਾਫ-ਸਫਾਈ ਦਾ ਵਿਸ਼ੇਸ਼ ਧਿਆਨ ਰੱਖਣਾ ਹੋਵੇਗਾ।