ਜੇਕਰ ਹਮਲਾ ਹੋਇਆ ਤਾਂ ਅਜਿਹਾ ਜਵਾਬ ਦੇਵਾਂਗੇ ਕਿ ਉਹ ਭੁੱਲ ਨਹੀਂ ਸਕਣਗੇ : ਨਾਇਡੂ

09/06/2019 5:47:50 PM

ਨਵੀਂ ਦਿੱਲੀ— ਉੱਪ ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ ਨੇ ਸ਼ੁੱਕਰਵਾਰ ਨੂੰ ਪਾਕਿਸਤਾਨ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਗੰਭੀਰ ਉਕਸਾਵੇ ਦੇ ਬਾਵਜੂਦ ਭਾਰਤ ਸਬਰ ਨਾਲ ਕੰਮ ਲੈ ਰਿਹਾ ਹੈ ਪਰ ਜੇਕਰ ਹਮਲਾ ਹੋਇਆ ਤਾਂ ਅਜਿਹਾ ਜਵਾਬ ਦਿੱਤਾ ਜਾਵੇਗਾ ਕਿ ਉਹ ਭੁੱਲ ਨਹੀਂ ਸਕਣਗੇ। ਉਨ੍ਹਾਂ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਆਪਣੇ ਕਾਰਜਕਾਲ ਦੇ ਦੂਜੇ ਸਾਲ ਦੌਰਾਨ ਦਿੱਤੇ ਗਏ 95 ਭਾਸ਼ਣਾਂ ਦੇ ਸੰਗ੍ਰਹਿ ਦੀ ਰਿਲੀਜ਼ ਮੌਕੇ ਇਹ ਟਿੱਪਣੀ ਕੀਤੀ। ਇਨ੍ਹਾਂ ਦਾ ਪ੍ਰਕਾਸ਼ਨ ਸੂਚਨਾ ਅਤੇ ਪ੍ਰਸਾਰਨ ਮੰਤਰਾਲੇ ਦੇ ਅਧੀਨ ਆਉਣ ਵਾਲੇ ਪ੍ਰਕਾਸ਼ਨ ਵਿਭਾਗ ਨੇ ਕੀਤਾ। ਵੈਂਕਈਆ ਨੇ ਕਿਹਾ ਕਿ ਭਾਰਤ ਹਮੇਸ਼ਾ ਸ਼ਾਂਤੀ ਅਤੇ ਸਹਿਯੋਗ ਦੇ ਮੁੱਲਾਂ ਦਾ ਸਖਤੀ ਨਾਲ ਪਾਲਣ ਕਰਦਾ ਰਿਹਾ ਹੈ ਪਰ ਚਿਤਾਵਨੀ ਦਿੱਤੀ ਕਿ ਉਹ ਆਪਣੇ ਵਿਰੁੱਧ ਹੋਣ ਵਾਲੇ ਕਿਸੇ ਵੀ ਹਮਲਾਵਰ ਹਮਲੇ ਦਾ ਮੂੰਹ ਤੋੜ ਜਵਾਬ ਦੇਵੇਗਾ। ਨਾਇਡੂ ਨੇ ਕਿਹਾ,''ਜੇਕਰ ਤੁਸੀਂ ਭਾਰਤ ਦਾ ਇਤਿਹਾਸ ਦੇਖੋਗੇ, ਉਹ ਕਦੇ ਹਮਲਾਵਰ ਨਹੀਂ ਰਿਹਾ, 'ਵਿਸ਼ਵਗੁਰੂ' ਦੇ ਤੌਰ 'ਤੇ ਦੇਖੇ ਜਾਣ ਅਤੇ ਦੂਜਿਆਂ ਤੋਂ ਕਾਫ਼ੀ ਪਹਿਲੇ ਸਭ ਤੋਂ ਵਧ ਜੀ.ਡੀ.ਪੀ. ਦੇ ਬਾਵਜੂਦ ਵੀ ਕਿਸੇ ਦੇਸ਼ 'ਤੇ ਹਮਲਾ ਨਹੀਂ ਕੀਤਾ। ਭਾਰਤ ਨੇ ਕਦੇ ਕਿਸੇ ਦੂਜੇ ਦੇਸ਼ 'ਤੇ ਹਮਲਾ ਨਹੀਂ ਕੀਤਾ।''

ਭਾਰਤੀਆਂ ਨੇ ਕਦੇ ਕਿਸੇ ਦੇਸ਼ 'ਤੇ ਹਮਲਾ ਨਹੀਂ ਕੀਤਾ
ਨਾਇਡੂ ਨੇ ਕਿਹਾ,''ਦੂਜੇ ਸਾਰੇ ਐਰੇ-ਗੈਰੇ ਆਏ ਅਤੇ ਸਾਡੇ 'ਤੇ ਹਮਲਾ ਕੀਤਾ, ਸ਼ਾਸਨ ਕੀਤਾ, ਸਾਨੂੰ ਬਰਬਾਦ ਕੀਤਾ ਅਤੇ ਸਾਨੂੰ ਧੋਖਾ ਦਿੱਤਾ ਪਰ ਅਸੀਂ ਭਾਰਤੀਆਂ ਨੇ ਕਦੇ ਕਿਸੇ ਦੇਸ਼ 'ਤੇ ਹਮਲਾ ਨਹੀਂ ਕੀਤਾ।'' ਉਨ੍ਹਾਂ ਨੇ ਕਿਹਾ ਕਿ ਭਾਰਤ ਮੰਨਦਾ ਹੈ ਕਿ ਪੂਰਾ ਵਿਸ਼ਵ ਇਕ ਪਰਿਵਾਰ ਹੈ ਅਤੇ ਇਸ ਲਈ ਉਹ ਝਗੜਾ ਕਿਉਂ ਕਰੇਗਾ? ਉਨ੍ਹਾਂ ਨੇ ਕਿਹਾ ਕਿ ਸਮੱਸਿਆਵਾਂ ਨੂੰ ਗੱਲਬਾਤ, ਚਰਚਾ ਅਤੇ ਬਹਿਸ ਨਾਲ ਹੱਲ ਕੀਤਾ ਜਾ ਸਕਦਾ ਹੈ ਅਤੇ ਅੱਗੇ ਇਹੀ ਰਸਤਾ ਜਾਂਦਾ ਹੈ।

ਅਜਿਹਾ ਜਵਾਬ ਦੇਵਾਂਗੇ ਜ਼ਿੰਦਗੀ ਭਰ ਭੁੱਲ ਨਹੀਂ ਸਕੋਗੇ
ਨਾਇਡੂ ਨੇ ਕਿਹਾ,''ਜੇਕਰ ਤੁਸੀਂ ਸ਼ਾਂਤੀ ਅਤੇ ਸਦਭਾਵਨਾ ਨਾਲ ਜਿਉਂਣਾ ਚਾਹੁੰਦੇ ਹੋ ਤਾਂ ਤੁਹਾਨੂੰ ਨਾਲ ਰਹਿਣਾ ਚਾਹੀਦਾ, ਨਾਲ ਕੰਮ ਕਰਨਾ ਚਾਹੀਦਾ ਅਤੇ ਫਿਰ ਨਾਲ ਅੱਗੇ ਵਧਣਾ ਚਾਹੀਦਾ। ਇਹ ਭਾਰਤ ਦਾ ਦਰਸ਼ਨ ਹੈ।'' ਨਾਇਡੂ ਨੇ ਕਿਸੇ ਦੇਸ਼ ਦਾ ਨਾਂ ਲਏ ਬਿਨਾਂ ਕਿਹਾ,''ਜਿਵੇਂ ਕਿ ਤੁਸੀਂ ਦੇਖ ਰਹੇ ਹੋਵੋਗੇ, ਗੰਭੀਰ ਉਕਸਾਵੇ ਦੇ ਬਾਵਜੂਦ, ਅਸੀਂ ਕੁਝ ਨਹੀਂ ਕਰ ਰਹੇ ਹਾਂ ਪਰ ਜੇਕਰ ਕੋਈ ਹਮਲਾ ਕਰਦਾ ਹੈ ਤਾਂ ਅਸੀਂ ਉਨ੍ਹਾਂ ਨੂੰ ਅਜਿਹਾ ਜਵਾਬ ਦੇਵਾਂਗੇ, ਜਿਸ ਨੂੰ ਉਹ ਜ਼ਿੰਦਗੀ ਭਰ ਭੁੱਲ ਨਹੀਂ ਸਕਣਗੇ।''

ਕਿਤਾਬ 8 ਸ਼੍ਰੇਣੀਆਂ 'ਚ ਵੰਡੀ ਗਈ ਹੈ
ਉਨ੍ਹਾਂ ਨੇ ਕਿਹਾ ਕਿ ਇਹ ਉਕਸਾਉਣ ਵਾਲਿਆਂ ਸਮੇਤ ਸਾਰਿਆਂ ਨੂੰ ਸਮਝ ਜਾਣਾ ਚਾਹੀਦਾ। ਉਨ੍ਹਾਂ ਦੀ ਟਿੱਪਣੀ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੇ ਸੰਵਿਧਾਨ ਦੀ ਧਾਰਾ 370 ਨੂੰ ਰੱਦ ਕੀਤੇ ਜਾਣ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ 'ਚ ਵਧੇ ਤਣਾਅ ਦਰਮਿਆਨ ਆਈ ਹੈ। ਸੂਚਨਾ ਪ੍ਰਸਾਰਨ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਕਿਹਾ ਕਿ ਇਹ ਕਿਤਾਬ ਕਿੰਡਲ ਅਤੇ ਐਪ ਸਟੋਰ ਵਰਗੇ ਸਾਰੇ ਈ-ਪਲੇਟਫਾਰਮਜ਼ 'ਤੇ ਵਿਕਰੀ ਲਈ ਉਪਲੱਬਧ ਹੋਵੇਗੀ, ਜਿਸ ਨਾਲ ਪਾਠਕਾਂ ਖਾਸ ਤੌਰ 'ਤੇ ਈ-ਬੁੱਕ ਦੇ ਸ਼ੌਂਕੀਨਾਂ ਦੀ ਮੰਗ ਨੂੰ ਵੀ ਪੂਰਾ ਕੀਤਾ ਜਾ ਸਕੇ। ਉਨ੍ਹਾਂ ਨੇ ਦੱਸਿਆ ਕਿ ਕਿਤਾਬ 8 ਸ਼੍ਰੇਣੀਆਂ 'ਚ ਵੰਡੀ ਗਈ ਹੈ।


DIsha

Content Editor

Related News