ਵੇਦਾਂਤਾ ਪਾਵਰ ਪਲਾਂਟ ਧਮਾਕਾ ਮਾਮਲੇ ''ਚ ਹੁਣ ਤੱਕ 11 ਲੋਕਾਂ ਦੀ ਮੌਤ, CM ਸੋਰੇਨ ਨੇ ਜਤਾਇਆ ਦੁੱਖ
Tuesday, Apr 14, 2026 - 11:13 PM (IST)
ਰਾਏਪੁਰ : ਛੱਤੀਸਗੜ੍ਹ ਦੇ ਸਾਕਤੀ ਜ਼ਿਲ੍ਹੇ ਵਿੱਚ ਸਥਿਤ ਵੇਦਾਂਤਾ ਲਿਮਟਿਡ (Vedanta Ltd) ਦੇ ਇੱਕ ਪਾਵਰ ਪਲਾਂਟ ਵਿੱਚ ਮੰਗਲਵਾਰ ਨੂੰ ਇੱਕ ਵੱਡਾ ਹਾਦਸਾ ਵਾਪਰ ਗਿਆ। ਜਾਣਕਾਰੀ ਅਨੁਸਾਰ, ਪਲਾਂਟ ਦੇ ਬਾਇਲਰ ਨਾਲ ਜੁੜੀ ਇੱਕ ਟਿਊਬ ਫਟਣ ਕਾਰਨ ਹੋਏ ਜ਼ਬਰਦਸਤ ਧਮਾਕੇ ਵਿੱਚ 11 ਮਜ਼ਦੂਰਾਂ ਦੀ ਮੌਤ ਹੋ ਗਈ ਹੈ, ਜਦਕਿ 22 ਹੋਰ ਮਜ਼ਦੂਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਹਨ।
ਪੁਲਸ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਇਹ ਧਮਾਕਾ ਇੰਨਾ ਜ਼ਬਰਦਸਤ ਸੀ ਕਿ 4 ਮਜ਼ਦੂਰਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ। ਬਾਕੀ 7 ਮਜ਼ਦੂਰਾਂ ਨੇ ਹਸਪਤਾਲ ਵਿੱਚ ਇਲਾਜ ਦੌਰਾਨ ਦਮ ਤੋੜ ਦਿੱਤਾ। ਜ਼ਖ਼ਮੀ ਹੋਏ 22 ਮਜ਼ਦੂਰਾਂ ਦਾ ਇਲਾਜ ਚੱਲ ਰਿਹਾ ਹੈ ਅਤੇ ਉਨ੍ਹਾਂ ਦੀ ਸਲਾਮਤੀ ਲਈ ਦੁਆਵਾਂ ਕੀਤੀਆਂ ਜਾ ਰਹੀਆਂ ਹਨ।
ਸੀ.ਐੱਮ. ਹੇਮੰਤ ਸੋਰੇਨ ਨੇ ਜਤਾਇਆ ਦੁੱਖ
ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਇਸ ਦਰਦਨਾਕ ਘਟਨਾ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' (X) 'ਤੇ ਇੱਕ ਪੋਸਟ ਪਾਉਂਦੇ ਹੋਏ ਉਨ੍ਹਾਂ ਨੇ ਇਸ ਹਾਦਸੇ ਨੂੰ "ਬੇਹੱਦ ਦਿਲ ਕੰਬਾਊ" ਦੱਸਿਆ ਹੈ। ਉਨ੍ਹਾਂ ਨੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਜ਼ਾਹਰ ਕੀਤੀ ਅਤੇ ਜ਼ਖ਼ਮੀਆਂ ਦੇ ਜਲਦੀ ਸਿਹਤਯਾਬ ਹੋਣ ਦੀ ਕਾਮਨਾ ਕੀਤੀ।
ਮੁੱਖ ਮੰਤਰੀ ਸੋਰੇਨ ਨੇ ਆਪਣੀ ਪੋਸਟ ਵਿੱਚ ਅੱਗੇ ਲਿਖਿਆ, "ਮੈਂ ਪ੍ਰਾਰਥਨਾ ਕਰਦਾ ਹਾਂ ਕਿ ਮਾਰੰਗ ਬੁਰੂ (ਸਰਵਉੱਚ ਕਬਾਇਲੀ ਦੇਵਤਾ) ਵਿਛੜੀਆਂ ਰੂਹਾਂ ਨੂੰ ਸ਼ਾਂਤੀ ਬਖਸ਼ਣ ਅਤੇ ਪੀੜਤ ਪਰਿਵਾਰਾਂ ਨੂੰ ਇਸ ਦੁੱਖ ਦੀ ਘੜੀ ਵਿੱਚ ਹਿੰਮਤ ਪ੍ਰਦਾਨ ਕਰਨ"।
