ਵੰਦੇ ਭਾਰਤ ਸਲੀਪਰ ਟ੍ਰੇਨ ''ਚ ਪਹਿਲੇ ਹੀ ਦਿਨ ਲੋਕਾਂ ਦੀ ਸ਼ਰਮਨਾਕ ਕਰਤੂਤ, ਵਾਇਰਲ ਹੋ ਰਹੀ ਵੀਡੀਓ

Monday, Jan 19, 2026 - 07:21 PM (IST)

ਵੰਦੇ ਭਾਰਤ ਸਲੀਪਰ ਟ੍ਰੇਨ ''ਚ ਪਹਿਲੇ ਹੀ ਦਿਨ ਲੋਕਾਂ ਦੀ ਸ਼ਰਮਨਾਕ ਕਰਤੂਤ, ਵਾਇਰਲ ਹੋ ਰਹੀ ਵੀਡੀਓ

ਨੈਸ਼ਨਲ ਡੈਸਕ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 17 ਜਨਵਰੀ ਨੂੰ ਪੱਛਮੀ ਬੰਗਾਲ ਦੇ ਮਾਲਦਾ ਟਾਊਨ ਰੇਲਵੇ ਸਟੇਸ਼ਨ ਤੋਂ ਦੇਸ਼ ਦੀ ਪਹਿਲੀ ਵੰਦੇ ਭਾਰਤ ਸਲੀਪਰ ਟ੍ਰੇਨ ਨੂੰ ਬੜੇ ਉਤਸ਼ਾਹ ਨਾਲ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ ਸੀ, ਪਰ ਇਸ ਦੇ ਸ਼ੁਰੂ ਹੋਣ ਦੇ ਕੁਝ ਹੀ ਘੰਟਿਆਂ ਅੰਦਰ ਯਾਤਰੀਆਂ ਦੀ ਮਾੜੀ ਮਾਨਸਿਕਤਾ ਦੀਆਂ ਤਸਵੀਰਾਂ ਸਾਹਮਣੇ ਆਉਣ ਲੱਗੀਆਂ ਹਨ। ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਇਕ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਟ੍ਰੇਨ ਦੇ ਫਰਸ਼ 'ਤੇ ਵਰਤੇ ਹੋਏ ਕੱਪ ਅਤੇ ਰੈਪਰ ਖਿੱਲਰੇ ਪਏ ਹਨ। 

ਹਾਵੜਾ ਤੋਂ ਕਾਮਾਖਿਆ ਵਿਚਕਾਰ ਚੱਲਣ ਵਾਲੀ ਇਸ ਏਲੀਟ ਟ੍ਰੇਨ ਵਿੱਚ ਹਾਲਾਂਕਿ ਸਾਫ਼-ਸਫ਼ਾਈ ਅਤੇ ਡਸਟਬਿਨਾਂ ਦਾ ਪੂਰਾ ਪ੍ਰਬੰਧ ਕੀਤਾ ਗਿਆ ਹੈ ਪਰ ਇਸ ਦੇ ਬਾਵਜੂਦ ਕੁਝ ਲੋਕਾਂ ਨੇ ਕੂੜਾ ਡਸਟਬੀਨਾਂ 'ਚ ਸੁੱਟਣ ਦੀ ਬਜਾਏ ਪੂਰੇ ਕੰਪਾਰਟਮੈਂਟ ਵਿੱਚ ਫੈਲਾ ਦਿੱਤਾ ਹੈ। ਇਹ ਟ੍ਰੇਨ ਆਪਣੀਆਂ ਲਗਜ਼ਰੀ ਸਹੂਲਤਾਂ ਜਿਵੇਂ ਆਟੋਮੈਟਿਕ ਦਰਵਾਜ਼ੇ ਅਤੇ ਆਰਾਮਦਾਇਕ ਬਰਥਾਂ ਲਈ ਜਾਣੀ ਜਾਂਦੀ ਹੈ ਪਰ ਯਾਤਰੀਆਂ ਦੀ ਇਸ ਹਰਕਤ ਨੇ ਸਿਸਟਮ 'ਤੇ ਸਵਾਲ ਖੜ੍ਹੇ ਕਰ ਦਿੱਤੇ ਹਨ।

ਇਸ ਮੰਦਭਾਗੀ ਘਟਨਾ ਤੋਂ ਬਾਅਦ ਭਾਰਤੀ ਰੇਲਵੇ ਨੇ ਵਾਇਰਲ ਵੀਡੀਓ 'ਤੇ ਨੋਟਿਸ ਲਿਆ ਹੈ ਅਤੇ ਇਕ ਸੀਨੀਅਰ ਰੇਲਵੇ ਅਧਿਕਾਰੀ ਨੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਰੇਲਵੇ ਸਿਸਟਮ ਇਕ ਜਨਤਕ ਸੰਪਤੀ ਹੈ ਅਤੇ ਇਸ ਦੀ ਸਫ਼ਾਈ ਬਣਾਈ ਰੱਖਣਾ ਹਰ ਨਾਗਰਿਕ ਦੀ ਨੈਤਿਕ ਜ਼ਿੰਮੇਵਾਰੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਵੰਦੇ ਭਾਰਤ ਟ੍ਰੇਨਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਗੰਦਗੀ ਨੂੰ ਤੁਰੰਤ ਸਾਫ਼ ਕਰਨ ਲਈ ਵਿਸ਼ੇਸ਼ 'ਆਨ-ਬੋਰਡ ਹਾਊਸਕੀਪਿੰਗ ਸਟਾਫ਼' ਹਮੇਸ਼ਾ ਤਾਇਨਾਤ ਰਹਿੰਦਾ ਹੈ ਜੋ ਜ਼ਰੂਰਤ ਪੈਣ 'ਤੇ ਸਫ਼ਾਈ ਕਰਦਾ ਹੈ। 

ਦੂਜੇ ਪਾਸੇ, ਸੋਸ਼ਲ ਮੀਡੀਆ 'ਤੇ ਆਮ ਲੋਕਾਂ ਨੇ ਅਜਿਹੀ ਹਰਕਤ ਕਰਨ ਵਾਲਿਆਂ ਦੀ ਸਖ਼ਤ ਆਲੋਚਨਾ ਕੀਤੀ ਹੈ। ਲੋਕਾਂ ਦਾ ਕਹਿਣਾ ਹੈ ਕਿ ਭਾਰਤ ਨੂੰ ਬਾਹਰੀ ਦੁਸ਼ਮਣਾਂ ਦੀ ਲੋੜ ਨਹੀਂ ਹੈ ਕਿਉਂਕਿ ਅਸੀਂ ਖੁਦ ਹੀ ਆਪਣੀਆਂ ਵਿਵਸਥਾਵਾਂ ਨੂੰ ਬਰਬਾਦ ਕਰਨ ਲਈ ਕਾਫ਼ੀ ਹਾਂ। ਇਹ ਘਟਨਾ ਇਕ ਵਾਰ ਫਿਰ ਦੇਸ਼ ਵਿੱਚ 'ਸਿਵਿਕ ਸੈਂਸ' ਦੀ ਭਾਰੀ ਕਮੀ ਨੂੰ ਉਜਾਗਰ ਕਰਦੀ ਹੈ।


author

Rakesh

Content Editor

Related News